ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪਿਛਲੇ ਪੂਰੇ ਪੰਜ ਸਾਲਾਂ ਵਿੱਚ ਕਿਸਾਨ ਵਿਰੋਧੀ ਲਏ ਗਏ ਫੈਸਲਿਆਂ ਦਾ ਬਦਲਾ ਲੈਣ ਲਈ ਅੱਜ ਇੱਥੇ ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਕਿਸਾਨ ਲੀਡਰਾਂ ਨੇ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਨੂੰ ਛੱਡ ਕੇ ਪੰਜਾਬ ਦੇ ਦੂਜੇ ਬਾਰਾਂ ਪਾਲੀਮੈਂਟ ਹਲਕਿਆਂ ਤੋਂ ਕਾਂਗਰਸ ਪਾਰਟੀ ਵੱਲੋਂ ਖੜੇ ਕੀਤੇ ਉਮੀਦਵਾਰਾਂ ਦੀ ਡੱਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਹੈ।ਕੇਂਦਰ ਸਰਕਾਰ ਵੱਲੋਂ ਲਏ ਗਏ ਕਿਸਾਨ ਵਿਰੋਧੀ ਫੈਸਲਿਆਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆ ਸ੍ਰ. ਬਹਿਰੂ ਨੇ ਦੱਸਿਆ ਕਿ ਜਦੋਂ 2014 ਵਿੱਚ ਪਾਰਲੀਮੈਂਟ ਚੋਣਾਂ ਹੋਈਆਂ ਸਨ ਤਾਂ ਭਾਰਤੀ ਜਨਤਾ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਰਾਹੀਂ ਦੇਸ਼ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਕੇਂਦਰ ਵਿੱਚ ਸਾਡੀ ਸਰਕਾਰ ਬਨਣ ਤੇ ਦੇਸ਼ ਦੀ ਖੇਤੀ ਨੀਤੀ ਬਾਰੇ ਐਮ.ਐਸ. ਸਵਾਮੀਨਾਥਨ ਵੱਲੋਂ ਦਿੱਤੀ ਰਿਪੋਰਟ ਇਨਬਿਨ ਲਾਗੂ ਕਰਾਂਗੇ ਪਰ ਲਾਗੂ ਕਰਨ ਦੀ ਬਜਾਏ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇੱਕ ਹਲਫਨਾਮਾ ਦੇ ਕੇ ਦੇਸ਼ ਦੇ ਕਰੋੜਾਂ ਕਿਸਾਨਾਂ ਨਾਲ ਕੀਤਾ ਵਾਅਦਾ ਤੋੜ ਦਿੱਤਾ ਉਨ੍ਹਾਂ ਕਿਹਾ ਕਿ ਦੇਸ਼ ਵਿਆਪਕ ਕਿਸਾਨ ਅੰਦੋਲਨ ਤੋਂ ਬਾਅਦ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਅੰਗਰੇਜਾਂ ਵੱਲੋਂ ਬਣਾਇਆ 1894 ਵਾਲਾ ਭੁਮੀ ਗ੍ਰਹਿਣ ਬਿੱਲ ਨੂੰ ਖਤਮ ਕਰਕੇ 2013 ਵਿੱਚ ਕਿਸਾਨ ਪੱਖੀ ਭੂਮੀ ਗ੍ਰਹਿਣ ਬਿਲ ਬਣਾਇਆ ਸੀ। ਜੋ ਕਿ ਬੀ.ਜੇ.ਪੀ. ਦੀਆਂ ਅੱਖਾਂ ਵਿੱਚ ਰੜਕਣ ਲੱਗਾ ਅਤੇ ਕਿਸਾਨਾਂ ਦੀਆਂ ਜਮੀਨਾਂ ਉੱਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਰਾਉਣ ਲਈ ਕਿਸਾਨ ਪੱਖੀ ਬਣੇ ਭੂਮੀ ਗ੍ਰਹਿਣ ਬਿਲ ਨੂੰ ਖਤਮ ਕਰਨ ਲਈ ਵਾਰ-ਵਾਰ ਪਾਰਲੀਮੈਂਟ ਵਿੱਚ ਆਰਡੀਨੈਂਸ ਲਿਆਂਦੇ ਗਏ ਪਰ ਕਿਸਾਨਾਂ ਦੇ ਜਬਦਰਸਤ ਵਿਰੋਧ ਕਾਰਣ ਕੇਂਦਰ ਸਰਕਾਰ ਨੂੰ ਮੂੰਹ ਦੀ ਖਾਣੀ ਪਈ। ਉਨ੍ਹਾਂ ਇਹ ਵੀ ਦੱਸਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਆਉਣ ਸਾਰ ਐਫ.ਸੀ.ਆਈ. ਦਾ ਭੋਗ ਪਾਉਣ ਲਈ ਸ਼ਾਤਾ ਕੁਮਾਰ ਕਮਿਸ਼ਨ ਬਣਾ ਦਿੱਤਾ ਅਤੇ ਉਸ ਤੋਂ ਰਿਪੋਰਟ ਕਰਵਾ ਦਿੱਤੀ ਕਿ ਕਿਸਾਨੀ ਫਸਲਾਂ ਦੀ ਐਮ.ਐਸ.ਪੀ. ਖਤਮ ਕਰਕੇ ਖੁਲੀ ਮੰਡੀ ਲਿਆਦੀ ਜਾਵੇ ਤਾਂ ਕਿ ਕਿਸਾਨਾਂ ਦੇ ਖੂਨ ਪਸੀਨੇ ਨਾਲ ਪੈਦਾ ਕੀਤੀਆਂ ਫਸਲਾਂ ਦੀ ਕਾਰਪੋਰੇਟ ਘਰਾਣਿਆਂ ਤੋਂ ਲੁੱਟ ਕਰਵਾਈ ਜਾ ਸਕੇ। ਇਸ ਕਿਸਾਨ ਮਾਰੂ ਨੀਤੀ ਬਾਰੇ ਕਿਸਾਨਾਂ ਨੂੰ ਸਮੇਂ ਸਿਰ ਭਿਨਕ ਪੈਣ ਤੇ ਇੱਥੇ ਵੀ ਮੋਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ।
ਬਹਿਰੂ ਨੇ ਇਹ ਵੀ ਦੱਸਿਆ ਕਿ ਜਾਂਦੇ ਜਾਂਦੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਇੱਕ ਹੋਰ ਕਿਸਾਨ ਵਿਰੋਧੀ ਫੈਸਲਾ ਕੀਤਾ ਹੈ ਕਿ ਦਾਣਾ ਮੰਡੀਆਂ ਵਿੱਚ ਕਿਸਾਨਾਂ ਦੀਆਂ ਪੁਜੀਆਂ ਜਿਣਸਾਂ ਵਿੱਚੋਂ ਆਉਣ ਵਾਲੇ ਸਮੇਂ ਵਿੱਚ 25% ਹੀ ਸਰਕਾਰੀ ਕੀਮਤ ਤੇ ਫਸਲ ਖਰੀਦੀ ਜਾਵੇਗੀ ਅਤੇ 75% ਫਸਲ ਵਪਾਰੀ ਦੇ ਰਹਿਮ ਤੇ ਲੁਟਣ ਲਈ ਛੱਡ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਅਵਾਰਾ ਪਸ਼ੂਆਂ ਨੇ ਪੂਰੇ ਦੇਸ਼ ਦੇ ਕਿਸਾਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਉਹ ਵੀ ਬੀ.ਜੇ.ਪੀ. ਦੀ ਬਦਨੀਤੀ ਦੀ ਵਜਾ ਹੈ। ਇਸ ਲਈ ਜੇਕਰ ਦੁਬਾਰਾ ਬੀ.ਜੇ.ਪੀ. ਦੇਸ਼ ਵਿੱਚ ਆਉਂਦੀ ਹੈ ਤਾਂ ਕਿਸਾਨਾਂ ਦੇ ਅੱਛੇ ਦਿਨ ਆਉਣ ਦੀ ਬਜਾਏ ਬੁਰੇ ਦਿਨ ਆਉਣਗੇ।ਸ੍ਰ. ਬਹਿਰੂ ਨੇ ਦੱਸਿਆ ਕਿ 2 ਅਕਤੂਬਰ 2018 ਨੂੰ ਭਾਰਤ ਦੇ ਰਹਿ ਚੁੱਕੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸ਼ਤਰੀ ਦੀ ਸਮਾਧੀ ਤੇ ਦੇਸ਼ ਦੀਆਂ 13 ਪ੍ਰਮੁੱਖ ਕਿਸਾਨ ਜੱਥੇਬੰਦੀਆਂ ਨੇ ਇੱਕ ਵੱਡੀ ਕਿਸਾਨ ਪੰਚਾਇਤ ਕਰਕੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਚੁਰਾਹੇ ਭਾਂਡਾ ਭੰਨਦਿਆਂ ਇੱਕ ਮਤਾ ਪਾਸ ਕੀਤਾ ਸੀ ਕਿ ਆਉਣ ਵਾਲੀਆਂ ਪਾਲੀਮੈਂਟ ਚੋਣਾਂ ਦੌਰਾਨ ਮੋਦੀ ਕਿਸਾਨ ਵਿਰੋਧੀ, ਮੋਦੀ ਭਜਾਓ ਕਿਸਾਨ ਬਚਾਓ, ਦੇ ਨਾਹਰੇ ਥੱਲੇ ਪੂਰੇ ਦੇਸ਼ ਦੇ ਕਿਸਾਨ ਭਾਰਤੀ ਜਨਤਾ ਪਾਰਟੀ ਵੱਲੋਂ ਖੜੇ ਕੀਤੇ ਉਮੀਦਵਾਰਾਂ ਦਾ ਡਟਵਾਂ ਵਿਰੋਧ ਕਰਨਗੇ।ਸ੍ਰ. ਬਹਿਰੂ ਨੇ ਕਿਸਾਨ ਮਸਲਿਆ ਤੋਂ ਇਲਾਵਾ ਬੀ.ਜੇ.ਪੀ. ਦੀਆਂ ਫਿਰਕੂ ਚਾਲਾਂ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਤਾਂ ਸ਼ਰੇਆਮ ਬੀ.ਜੇ.ਪੀ. ਦੇ ਲੀਡਰ ਫੋਜ ਨੂੰ ਮੋਦੀ ਦੀ ਸੈਨਾ ਕਹਿ ਕੇ ਸੰਬੋਧਨ ਕਰਨ ਲੱਗੇ ਹਨ ਜੋ ਕਿ ਦੇਸ਼ ਲਈ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਭਾਰਤ ਦੇਸ਼ ਵਨ ਸੁਵੰਨਤਾ ਦਾ ਗੁਲਦਸਤਾ ਹੈ ਜੋ ਆਰ.ਐਸ.ਐਸ. ਦੀਆਂ ਅੱਖਾਂ ਵਿੱਚ ਰੋੜਾਂ ਬਣ ਕੇ ਰੜਕਦਾ ਹੈ। ਆਰ.ਐਸ.ਐਸ. ਦਾ ਇੱਕੋ ਇੱਕ ਨਾਹਰਾ ਹੈ ਕਿ ਬਹੁ-ਧਰਮੀ ਭਾਰਤ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਅਧੀ ਸਦੀ ਤੋਂ ਵੀ ਪਹਿਲੋਂ ਜਦੋਂ ਦੇਸ਼ ਵਿੱਚ ਭੁੱਖਮਰੀ ਸੀ ਤਾਂ ਪੰਜਾਬੀ ਕਿਸਾਨਾਂ ਨੇ ਗੁਜਰਾਤ ਵਿੱਚ ਜਾ ਕੇ ਬੰਜਰ ਜਮੀਨਾਂ ਆਬਾਦ ਕਰਕੇ ਆਪਣੇ ਮਾਲਕੀ ਹੱਕ ਪ੍ਰਾਪਤ ਕੀਤੇ ਸਨ ਪਰ ਬੀ.ਜੇ.ਪੀ. ਦੀ ਫਿਰਕੂ ਸੋਚ ਪੰਜਾਬੀ ਕਿਸਾਨਾਂ ਨੂੰ ਗੁਜਰਾਤ ਵਿੱਚੋਂ ਉਜਾੜਨਾ ਚਾਹੁੰਦੀ ਹੈ। ਬੀ.ਜੇ.ਪੀ. ਦੀ ਇਸ ਘਿਨਾਉਣੀ ਹਰਕਤ ਦਾ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪੰਜਾਬੀ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਤੱਕ ਨਹੀਂ ਮਾਰਿਆ, ਜੋ ਕਿ ਚਿੰਤਾ ਤੋਂ ਘੱਟ ਨਹੀਂ।ਅੱਜ ਦੀ ਇਸ ਕਾਨਫਰੰਸ ਵਿੱਚ ਸ੍ਰ. ਬਹਿਰੂ ਤੋਂ ਇਲਾਵਾ ਜਿਹੜੇ ਹੋਰ ਪ੍ਰਮੁੱਖ ਕਿਸਾਨ ਲੀਡਰ ਸ਼ਾਮਲ ਹੋਏ ਉਨ੍ਹਾਂ ਵਿੱਚ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਦਮਹੇੜੀ, ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਕਦਗਿੱਲ, ਜਨਰਲ ਸਕੱਤਰ ਹਰਦੇਵ ਸਿੰਘ ਗਿੱਲ, ਰਣਜੀਤ ਸਿੰਘ ਆਕੜ, ਭੁਪਿੰਦਰ ਸਿੰਘ ਨਡਿਆਲੀ, ਬਜੁਰਗ ਨੇਤਾ ਹਰੀ ਸਿੰਘ ਚੱਕ ਤਾਰੇਵਾਲਾ, ਅਮਰ ਸਿੰਘ ਜਡਿਆਲਾ ਗੁਰੂ, ਕੁਲਦੀਪ ਸਿੰਘ ਫਤਿਆਬਾਦ, ਬਲਦੀਪ ਸਿੰਘ ਫਰੀਦਕੋਟ, ਕੁਲਦੀਪ ਸਿੰਘ ਭਿੰਡਰ ਮੋਗਾ, ਕਰਨੈਲ ਸਿੰਘ ਗੋਣਿਆਣਾ, ਲਖਵਿੰਦਰ ਸਿੰਘ ਝੱਲ ਸੰਗਰੂਰ ਤੋਂ ਇਲਾਵਾ ਹੋਰ ਸਰਗਰਮ ਲੀਡਰ ਅਤੇ ਵਰਕਰ ਸ਼ਾਮਲ ਸਨ।