ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਐਮ.ਕੇ. ਅਰਾਵਿੰਦ ਕੁਮਾਰ ਆਈ.ਏ.ਐਸ. ਨੇ ਮੰਗਲਵਾਰ ਦੀ ਸ਼ਾਮ ਚੌਣਾਂ ਨਾਲ ਸਬੰਧਤ ਅਧਿਕਾਰੀਆਂ ਨਾਲ ਬੈਠਕ ਕਰਕੇ ਚੌਣ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਨੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰੇ ਲੋੜੀਂਦੇ ਇੰਤਜਾਮ ਕੀਤੇ ਜਾਣੇ ਯਕੀਨੀ ਬਣਾਉਣ ਤਾਂ ਜੋ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਨ।ਜ਼ਿਲਾ ਚੋਣ ਅਫ਼ਸਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਚੋਣਾਂ ਵਿਚ ਪਾਰਦਰਸ਼ਤਾਂ ਤੇ ਵਿਸੇਸ਼ ਜੋਰ ਦਿੱਤਾ ਜਾ ਰਿਹਾ ਹੈ। ਇਸ ਲਈ ਸਾਰੇ ਪੋਲਿੰਗ ਬੂਥਾਂ ਤੇ ਵੀਵੀਪੀਏਟੀ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ ਜਿਸ ਤੇ ਮਤਦਾਤਾ 7 ਸੈਕੰਡ ਲਈ ਵੇਖ ਸਕੇਗਾ ਕਿ ਉਸਨੇ ਜਿਸ ਊਮੀਦਵਾਰ ਨੂੰ ਵੋਟ ਪਾਈ ਹੈ ਠੀਕ ਉਸ ਉਮੀਦਵਾਰ ਨੂੰ ਵੋਟ ਪੈ ਗਈ ਹੈ। ਇਸੇ ਤਰਾਂ ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ ਵਾਲੇ ਦਿਨ ਚੋਣ ਕਮਿਸ਼ਨ ਅੱਧੇ ਪੋਲਿੰਗ ਬੂਥਾਂ ਤੇ ਕੈਮਰੇ ਦੀ ਅੱਖ ਨਾਲ ਨਿਗਰਾਨੀ ਕਰੇਗਾ ਭਾਵ 50 ਫੀਸਦੀ ਪੋਲਿੰਗ ਬੂਥਾਂ ਤੋਂ ਵੇਬਕਾਸਟਿੰਗ ਕੀਤੀ ਜਾਵੇਗੀ ਅਤੇ ਇਸ ਲਈ ਚੋਣ ਕਮਿਸ਼ਨ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਤਰਾਂ ਜਿਸ ਵੀ ਵਾਹਨ ਵਿਚ ਈਵੀਐਮ ਮਸ਼ੀਨਾਂ ਪੋਲਿੰਗ ਬੂਥਾਂ ਤੇ ਜਾਣਗੀਆਂ ਅਤੇ ਵਾਪਸ ਆਉਣਗੀਆਂ ਉਨਾਂ ਵਿਚ ਜੀਪੀਐਸ ਸਿਸਟਮ ਲੱਗਿਆ ਹੋਵੇਗਾ ਤਾਂ ਜੋ ਚੋਣ ਕਮਿਸ਼ਨ ਪੂਰੀ ਨਿਗਰਾਨੀ ਕਰ ਸਕੇ। ਇਸ ਤੋਂ ਬਿਨਾਂ ਉਨਾਂ ਦੱਸਿਆ ਕਿ ਚੋਣਾਂ ਦੀ ਨਿਗਰਾਨੀ ਲਈ ਜਨਰਲ ਅਬਜਰਵਰ ਵੀ ਤਾਇਨਾਤ ਕਰ ਦਿੱਤੇ ਗਏ ਹਨ ਜੋ ਕਿ ਹੋਰਨਾਂ ਰਾਜਾਂ ਦੇ ਸੀਨਿਅਰ ਅਧਿਕਾਰੀ ਹਨ ਜੋ ਸਿੱਧੇ ਚੋਣ ਕਮਿਸ਼ਨ ਨੂੰ ਰਿਪੋਟ ਕਰਦੇ ਹਨ। ਇਸੇ ਤਰਾਂ ਜ਼ਿਲੇ ਵਿਚ ਕੁਝ ਮਾਡਲ ਪੋਲਿੰਗ ਬੂਥ ਅਤੇ ਔਰਤਾਂ ਲਈ ਪੋਲਿੰਗ ਬੂਥ ਵੀ ਬਣਾਏ ਜਾ ਰਹੇ ਹਨ। ਬੈਠਕ ਵਿਚ ਏ.ਡੀ.ਸੀ ਜਨਰਲ ਡਾ: ਰਿਚਾ, ਏ.ਡੀ.ਸੀ. ਵਿਕਾਸ ਸ: ਐਚ.ਐਸ. ਸਰਾਂ, ਐਸ.ਡੀ.ਐਮ. ਸ੍ਰੀ ਗੋਪਾਲ ਸਿੰਘ ਅਤੇ ਸ: ਰਣਦੀਪ ਸਿੰਘ ਹੀਰ ਵੀ ਹਾਜਰ ਸਨ।