ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਝੋਨੇ ਦੀ ਖਰੀਦ ਲਈ ਨਿਰਧਾਰਤ ਨਿਯਮਾਂ ਵਿੱਚ ਢਿੱਲ ਦੇਣ ਲਈ ਭਾਰਤ ਸਰਕਾਰ ਨਾਲ ਤਾਲਮੇਲ ਕਰਨ ਲਈ ਆਖਿਆ ਤਾਂ ਕਿ ਸੂਬੇ ਦੇ ਕਿਸਾਨਾਂ ਨੂੰ ਸਹੂਲਤ ਮੁਹੱਈਆ ਹੋ ਸਕੇ।ਇਸ ਦੌਰਾਨ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਸ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਅੱਜ ਖੁਰਾਕ, ਜਨਤਕ ਵੰਡ ਅਤੇ ਖਪਤਕਾਰ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ (ਆਜ਼ਾਦ ਚਾਰਜ) ਸ਼੍ਰੀ ਕੇ.ਵੀ. ਥਾਮਸ ਨਾਲ ਫੋਨ 'ਤੇ ਸੰਪਰਕ ਕਰਕੇ ਮੰਗ ਕੀਤੀ ਕਿ ਕਿਸਾਨਾਂ ਨੂੰ ਆਪਣਾ ਝੋਨਾ ਵੇਚਣ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਝੋਨੇ ਦੇ ਨਿਰਧਾਰਤ ਮੌਜੂਦਾ ਮਾਪਦੰਡਾਂ ਵਿੱਚ ਫੌਰੀ ਤੌਰ 'ਤੇ ਢਿੱਲ ਦਿੱਤੀ ਜਾਵੇ ਕਿਉਂ ਜੋ ਸੂਬਾ ਭਰ ਵਿੱਚ ਹਾਲ ਹੀ ਵਿੱਚ ਮੀਂਹ ਤੇ ਹਨੇਰੀ ਨਾਲ ਝੋਨਾ ਬਦਰੰਗ ਹੋ ਗਿਆ ਹੈ।
ਅੱਜ ਇੱਥੇ ਪੰਜਾਬ ਭਵਨ ਵਿਖੇ ਸੂਬੇ ਦੀਆਂ ਖਰੀਦ ਏਜੰਸੀਆਂ ਦੇ ਮੁਖੀਆਂ ਨਾਲ ਇੱਕ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਕੈਰੋਂ ਨੇ ਕੇਂਦਰੀ ਮੰਤਰੀ ਨੂੰ ਖਰਾਬ ਮੌਸਮ ਕਾਰਨ ਝੋਨੇ ਦੀ ਖਰੀਦ ਲਈ ਕਿਸਾਨਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਜਾਣੂ ਕਰਵਾਇਆ। ਇਸੇ ਦੌਰਾਨ ਸ਼੍ਰੀ ਥਾਮਸ ਨੇ ਸ. ਕੈਰੋਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਦੀ ਇੱਕ ਉਚ ਪੱਧਰੀ ਟੀਮ ਛੇਤੀ ਹੀ ਪੰਜਾਬ ਭੇਜਣਗੇ ਤਾਂ ਜੋ ਸਮੁੱਚੀ ਸਥਿਤੀ ਦਾ ਪਤਾ ਲਾਉਣ ਦੇ ਨਾਲ ਨਾਲ ਝੋਨੇ ਦੇ ਬਦਰੰਗ ਹੋਣ ਤੇ ਨਮੀ ਦੇ ਰੂਪ ਵਿੱਚ ਹੋਏ ਨੁਕਸਾਨ ਬਾਰੇ ਵੀ ਪਤਾ ਲਾਇਆ ਜਾ ਸਕੇ। ਉਨ੍ਹਾਂ ਨੇ ਸ. ਕੈਰੋਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਵਿਸ਼ੇਸ਼ ਟੀਮਾਂ ਰਿਪੋਰਟ ਤੋਂ ਬਾਅਦ ਝੋਨੇ ਦੀ ਖਰੀਦ ਦੇ ਨਿਯਮਾਂ ਵਿੱਚ ਢਿੱਲ ਦੇਣ ਸਬੰਧੀ ਮੌਜੂਦਾ ਸਥਿਤੀ ਨੂੰ ਹਮਦਰਦੀ ਨਾਲ ਵਿਚਾਰਨਗੀਆਂ ਤਾਂ ਕਿ ਸੂਬੇ ਦੀ ਕਿਸਾਨੀ ਨੂੰ ਇਸ ਸੰਕਟ 'ਚੋਂ ਬਾਹਰ ਕੱਢਿਆ ਜਾ ਸਕੇ।ਇਸ ਮਗਰੋਂ ਸ. ਕੈਰੋਂ ਨੇ ਸਾਰੀਆਂ ਖਰੀਦ ਏਜੰਸੀਆਂ ਦੇ ਪ੍ਰਬੰਧਕੀ ਡਾਇਰੈਕਟਰਾਂ ਨਾਲ ਲੰਮੀ ਚੌੜੀ ਵਿਚਾਰ ਚਰਚਾ ਕੀਤੀ ਤਾਂ ਕਿ ਸੂਬਾ ਭਰ ਵਿੱਚ ਖਾਸ ਤੌਰ 'ਤੇ ਲੁਧਿਆਣਾ, ਰੂਪਨਗਰ ਅਤੇ ਫਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਬੇਮੌਸਮੇ ਮੀਂਹ ਅਤੇ ਤੇਜ਼ ਹਨੇਰੀ ਨਾਲ ਹੋਏ ਨੁਕਸਾਨ ਦੇ ਮੱਦੇਨਜ਼ਰ ਝੋਨੇ ਦੀ ਨਿਰਵਿਘਨ ਤੇ ਤੁਰੰਤ ਖਰੀਦ ਯਕੀਨੀ ਬਣਾਈ ਜਾ ਸਕੇ। ਮੀਟਿੰਗ ਦੌਰਾਨ ਸ. ਕੈਰੋਂ ਨੇ ਮੰਡੀ ਬੋਰਡ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਬਦਰੰਗ ਝੋਨੇ ਨੂੰ ਵੱਖ ਕਰਨ ਲਈ ਆਖਿਆ ਤਾਂ ਕਿ ਖਰੀਦ ਕਾਰਜਾਂ ਨੂੰ ਨਾਲੋ-ਨਾਲ ਚਲਾਇਆ ਜਾ ਸਕੇ।ਇਸ ਮੌਕੇ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਸਕੱਤਰ ਸ਼੍ਰੀ ਡੀ.ਐਸ. ਗਰੇਵਾਲ ਅਤੇ ਕਮਿਸ਼ਨਰ ਖੁਰਾਕ ਤੇ ਸਿਵਲ ਸਪਲਾਈਜ਼ ਸ਼੍ਰੀ ਸਤਵੰਤ ਸਿੰਘ ਜੌਹਲ ਵੀ ਹਾਜ਼ਰ ਸਨ।