ਚੋਣ ਅਮਲਾ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵੇ ਆਪਣੀ ਡਿਊਟੀ-ਬੀ. ਸ਼੍ਰੀਨਿਵਾਸਨ
ਜ਼ਿਲੇ ਦੇ ਅਧਿਕਾਰੀਆਂ ਨਾਲ ਚੋਣ ਪ੍ਰਬੰਧਾਂ ਨੂੰ ਲੈ ਕੇ ਕੀਤੀ ਮੀਟਿੰਗ
5 Dariya News
ਬਠਿੰਡਾ , 22 Apr 2019
Last updated on: Apr 22, 2019, 00:00 IST
ਜ਼ਿਲਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਵਲੋਂ ਲੋਕ ਸਭਾ ਚੋਣਾਂ-2019 ਦੇ ਅਗਾਊਂ ਤੇੇ ਸੁਚਾਰੂ ਪ੍ਰਬੰਧਾਂ ਸਬੰਧੀ ਲੋਕ ਸਭਾ ਹਲਕਾ ਬਠਿੰਡਾ-11 ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ਬਠਿੰਡਾ (ਸ਼ਹਿਰੀ), ਬਠਿੰਡਾ (ਦਿਹਾਤੀ), ਤਲਵੰਡੀ ਸਾਬੋ, ਮੌੜ, ਭੁੱਚੋ, ਮਾਨਸਾ, ਬੁਢਲਾਡਾ, ਸਰਦੂਲਗੜ, ਲੰਬੀ ਅਤੇ ਰਾਮਪੁਰਾ ਦੇ ਏ.ਆਰ.ਓਜ਼, ਜ਼ਿਲਾ ਪੱਧਰੀ ਚੋਣ ਕਮੇਟੀਆਂ ਦੇ ਨੋਡਲ ਅਫ਼ਸਰ ਅਤੇ ਅਕਾਊਂਟਿੰਗ ਟੀਮਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਚੋਣ ਖ਼ਰਚਾ ਆਬਜ਼ਰਵਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।ਮੀਟਿੰਗ ਦੌਰਾਨ ਜ਼ਿਲਾ ਚੋਣ ਅਫ਼ਸਰ ਵਲੋਂ ਲੋਕ ਸਭਾ ਹਲਕੇ ਨਾਲ ਸਬੰਧਤ ਮੌਜੂਦ ਸਮੂਹ ਏ.ਆਰ.ਓਜ਼ ਅਤੇ ਵੱਖ-ਵੱਖ ਚੋਣ ਕਮੇਟੀਆਂ ਦੇ ਨੋਡਲ ਅਫ਼ਸਰਾਂ ਕੋਲੋਂ ਚੋਣ ਪ੍ਰਕਿਰਿਆ ਨਾਲ ਸਬੰਧਤ ਕੰਮਾਂ ਦੀ ਸਮੀਖਿਆ ਕੀਤੀ ਗਈ। ਉਨਾਂ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਲੱਗੀਆਂ ਆਪੋ-ਆਪਣੀਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉੁਣ ਲਈ ਕਿਹਾ। ਉਨਾਂ ਚੋਣ ਪ੍ਰਕਿਰਿਆ ਵਿਚ ਲੱਗੇ ਚੋਣ ਅਮਲੇ ਨੂੰ ਇਹ ਵੀ ਕਿਹਾ ਕਿ ਚੋਣਾਂ ਦੌਰਾਨ ਅਣਗਹਿਲੀ ਕਰਨ ਵਾਲਿਆਂ ਖਿਲਾਫ਼ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਤਰੁੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼੍ਰੀ. ਬੀ. ਸ੍ਰੀਨਿਵਾਸਨ ਵਲੋਂ ਮੀਟਿੰਗ ਦੌਰਾਨ ਚੋਣ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਚੋਣ ਅਮਲੇ ਨੂੰ ਦਿੱਤੀ ਜਾਣ ਵਾਲੀ ਸਿਖਲਾਈ, ਈ.ਵੀ.ਐਮ. ਮਸ਼ੀਨਾਂ ਦੀ ਸਟੋਰਜ਼, ਪੋਲਿੰਗ ਬੂਥਾਂ, ਮੈਕਰੋ ਆਬਜ਼ਰਵਰਾਂ, ਬੈਲਟ ਪੇਪਰਾਂ ਅਤੇ ਮਾਸਟਰ ਟੇ੍ਰਨਰਾਂ ਆਦਿ ਵਲੋਂ ਕੀਤੀ ਜਾਣ ਵਾਲੀ ਪ੍ਰਕਿਰਿਆ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਇਲਾਵਾ ਉਨਾਂ ਵਲੋਂ ਚੋਣ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਬਣਾਈਆਂ ਗਈਆਂ ਵੱਖ-ਵੱਖ ਕਮੇਟੀਆਂ ਵਲੋਂ ਹੁਣ ਤੱਕ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਗਈ।ਮੀਟਿੰਗ ਦੌਰਾਨ ਜ਼ਿਲਾ ਚੋਣਕਾਰ ਅਫ਼ਸਰ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਖਾਸ ਹਦਾਇਤ ਕੀਤੀ ਕਿ ਪੇਡ ਨਿਊਜ਼, ਸ਼ੋਸਲ ਮੀਡੀਆ ਅਤੇ ਉਮੀਦਵਾਰਾਂ ਵਲੋਂ ਕੀਤੇ ਜਾਣ ਵਾਲੇ ਚੋਣ ਖ਼ਰਚੇ 'ਤੇ ਵਿਸ਼ੇਸ਼ ਨਿਗਰਾਨੀ ਰੱਖਣੀ ਯਕੀਨੀ ਬਣਾਈ ਜਾਵੇ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਉਮੀਦਵਾਰ ਵਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਖ਼ਰਚਿਆਂ ਸਬੰਧੀ ਕੋਈ ਸ਼ਿਕਾਇਤ ਹੋਵੇੇ ਤਾਂ ਉਹ ਸਿੱਧੇ ਇਨਾਂ ਚੋਣ ਆਬਜ਼ਰਵਰਾਂ ਨਾਲ ਸੰਪਰਕ ਕਰ ਸਕਦੇ ਹਨ। ਮੀਟਿੰਗ ਦੌਰਾਨ ਬੀ. ਸ਼੍ਰੀਨਿਵਾਸਨ ਵਲੋਂ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਵੀ ਖ਼ਾਸ ਹਦਾਇਤਾਂ ਦਿੱਤੀਆਂ ਗਈਆਂ। ਉਨਾਂ ਲੋਕ ਸਭਾ ਚੋਣਾਂ ਨੂੰ ਬੇਹਤਰ ਅਤੇ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕਰਨ ਲਈ ਵੀ ਕਿਹਾ। ਇਸ ਮੌਕੇ ਚੋਣ ਖ਼ਰਚਾ ਆਬਜ਼ਰਵਰ ਸ਼੍ਰੀ ਮਯੰਕ ਪਾਂਡੇ, ਸ਼੍ਰੀ ਅਜੇ ਕੁਮਾਰ ਅੋਝਾ, ਜ਼ਿਲਾ ਪੁਲਿਸ ਮੁਖੀ ਡਾ. ਨਾਨਕ ਸਿੰਘ, ਵਧੀਕ ਜ਼ਿਲਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਕਮਿਸ਼ਨਰ ਨਗਰ ਨਿਗਮ ਬਠਿੰਡਾ ਸ਼੍ਰੀ ਰਿਸ਼ੀਪਾਲ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ-ਕਮ-ਏ.ਆਰ.ਓ. ਲੰਬੀ ਡਾ. ਰਿਚਾ, ਏ.ਆਰ.ਓ ਮੌੜ ਸ਼੍ਰੀ ਰਾਜਪਾਲ ਸਿੰਘ, ਏ.ਆਰ.ਓ. ਮਾਨਸਾ ਸ਼੍ਰੀ ਅਭੀਜੀਤ ਕਪਲਿਸ਼, ਏ.ਆਰ.ਓ. ਬਠਿੰਡਾ ਸ਼ਹਿਰੀ ਸ਼੍ਰੀ ਅਮਰਿੰਦਰ ਸਿੰਘ ਟਿਵਾਣਾ, ਏ.ਆਰ.ਓ. ਬਠਿੰਡਾ ਦਿਹਾਤੀ ਸ਼੍ਰੀ ਬਿਕਰਮ ਸਿੰਘ ਸ਼ੇਰਗਿੱਲ ਤੋਂ ਇਲਾਵਾ ਵੱਖ-ਵੱਖ ਚੋਣ ਕਮੇਟੀਆਂ ਦੇ ਨੋਡਲ ਅਫ਼ਸਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।