ਲੋਕਤੰਤਰ ਦੀ ਮਜ਼ਬੂਤੀ ਲਈ ਜਰੂਰੀ ਹੈ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਡਰ ਭੈਅ ਅਤੇ ਲਾਲਚ ਤੋਂ ਕੀਤੀ ਜਾਵੇ ਅਤੇ ਹਰ ਇੱਕ ਵੋਟਰ ਵੱਲੋਂ ਆਪਣੇ ਇਸ ਅਧਿਕਾਰ ਦੀ ਵਰਤੋਂ ਕੀਤੀ ਜਾਣੀ ਵੀ ਯਕੀਨੀ ਬਣਾਈ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣਕਾਰ ਅਫਸਰ -ਕਮ-ਡਿਪਟੀ ਕਮਿਸ਼ਟਨਰ ਪ੍ਰਸ਼ਾਂਤ ਕੁਮਾਰ ਗੋਇਲ ਨੇ ਲੋਕਾਂ ਨੂੰ ਵੋਟ ਦੇ ਅਧਿਕਾਰ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟਰੋਲ ਪਾਰਟੀਸੀਪੇਸ਼ਨ)ਪ੍ਰੋਗਰਾਮ ਤਹਿਤ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਤੋਂ ਕਰਵਾਈ ਮੈਰਾਥਨ ਉਪਰੰਤ ਮੈਰਾਥਨ ਵਿੱਚ ਸ਼ਾਮਿਲ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਚੋਣਕਾਰ ਅਫਸਰ ਨੇ ਕਿਹਾ ਕਿ ਇਸ ਮੈਰਾਥਨ ਜਰੀਏ ਜਿੱਥੇ ਲੋਕਾਂ ਨੂੰ ਵੋਟ ਬਣਵਾਉਣ ਅਤੇ ਉਸਦੇ ਇਸਤੇਮਾਲ ਪ੍ਰਤੀ ਜਾਗਰੂਕ ਕੀਤਾ ਗਿਆ ਹੈ ਉੱਥੇ ਇੱਕ ਤੰਦਰੁਸਤ ਜੀਵਨ ਸ਼ੈਲੀ ਦਾ ਸੁਨੇਹਾ ਵੀ ਦਿੱਤਾ ਗਿਆ ਹੈ। ਇਸ ਮੈਰਾਥਨ ਵਿੱਚ ਸੀਨੀਅਰ ਸੀਟੀਜ਼ਨਜ਼ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਜਿੰਨ੍ਹਾਂ ਤੋਂ ਨੌਜਵਾਨ ਵਰਗ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਨੇ ਹਾਲੇ ਤੱਕ ਆਪਣੀ ਵੋਟ ਨਹੀਂ ਬਣਵਾਈ ਉਹ ਆਨਲਾਈਨ ਜਾਂ ਆਪਣੇ ਬੀ.ਐਲ.ਓ. ਨਾਲ ਸੰਪਰਕ ਕਰਕੇ ਵੋਟ ਜਰੂਰ ਬਣਵਾ ਲੈਣ। ਉਨ੍ਹਾਂ ਕਿਹਾ ਕਿ ਜੇ ਕੋਈ ਕਿਸੇ 'ਤੇ ਵੋਟਾਂ ਸਬੰਧੀ ਕੋਈ ਦਬਾਅ ਬਣਾਉਦਾ ਹੈ ਜਾਂ ਲਾਲਚ ਦਿੰਦਾ ਹੈ ਜਾਂ ਫਿਰ ਕੋਈ ਹੋਰ ਗੈਰ ਕਾਨੂੰਨੀ ਕਾਰਵਾਈ ਕਰਦਾ ਹੈ ਤਾਂ ਉਸਦੀ ਸੂਚਨਾ ਫੌਰੀ ਤੌਰ ਤੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਦਿੱਤੀ ਜਾਵੇ। ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਸੀ-ਵਿਜ਼ਲ ਐਪ ਜਾਂ ਵੋਟਰ ਹੈਲਪਲਾਈਨ 1950 ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਮੌਕੇ ਜ਼ਿਲ੍ਹਾ ਚੋਣਕਾਰ ਅਫਸਰ-ਕਮ-ਡਿਪਟੀ ਕਮਿਸ਼ਨਰ ਸਮੇਤ ਵੱਖ-ਵੱਖ ਅਧਿਕਾਰੀਆਂ ਨੇ ਵੀ ਮੈਰਾਥਨ ਵਿੱਚ ਹਿੱਸਾ ਲਿਆ ਤੇ ਜ਼ਿਲ੍ਹਾ ਚੋਣਕਾਰ ਅਫਸਰ ਵੱਲੋਂ ਵੋਟਰ ਜਾਗਰੂਕਤਾ ਸਬੰਧੀ ਸੰਕੇਤਕ ਚਿੰਨ੍ਹ 'ਬਾਬਾ ਬੋਲਦਾ' ਵੀ ਜਾਰੀ ਕੀਤਾ ਗਿਆ।
ਮੈਰਾਥਨ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਦੌੜਾਕਾਂ ਨੂੰ ਨਕਦ ਇਨਾਮ ਅਤੇ ਮੈਡਲਾਂ ਨਾਲ ਸਨਮਾਨਿਆ ਗਿਆ। ਇਸ ਤੋਂ ਇਲਾਵਾ ਮੈਰਾਥਨ ਵਿੱਚ ਹਿੱਸਾ ਲੈਣ ਵਾਲੇ ਸਮੂਹ ਦੌੜਾਕਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ।ਪੁਰਸ਼ ਵਰਗ ਵਿੱਚ ਪਹਿਲਾ ਸਥਾਨ ਪਿੰਡ ਪੰਜਕੋਹਾ ਦੇ ਦਲਜੀਤ ਸਿੰਘ, ਦੂਜਾ ਸਥਾਨ ਹਰਮਨ ਸਿੰਘ ਅਤੇ ਤੀਜ਼ਾ ਸਥਾਨ ਗੁਰਵਿੰਦਰ ਸਿੰਘ ਨੇ ਹਾਸਲ ਕੀਤਾ। ਮਹਿਲਾ ਵਰਗ ਵਿੱਚ ਪਹਿਲਾ ਸਥਾਨ ਬਾਬਾ ਜੋਰਾਵਰ ਸਿੰਘ ਫਤਹਿ ਸਿੰਘ ਸਕੂਲ ਦੀ ਵਿਦਿਆਰਥਣ ਕਾਜ਼ਲ ਨੇ ਹਾਸਲ ਕੀਤਾ, ਦੂਜਾ ਸਥਾਨ ਵੀ ਬਾਬਾ ਜੋਰਾਵਰ ਸਿੰਘ ਫਤਹਿ ਸਿੰਘ ਸਕੂਲ ਦੀ ਵਿਦਿਆਰਥਣ ਨੀਸ਼ਪ੍ਰੀਤ ਕੌਰ ਨੇ ਹਾਸਲ ਕੀਤਾ ਅਤੇ ਤੀਜ਼ੇ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਅਮਨਦੀਪ ਕੌਰ ਰਹੀ। ਸੀਨੀਅਰ ਸੀਟੀਜ਼ਨ ਵਰਗ ਦੇ ਵਿੱਚ ਜਸਵੰਤ ਸਿੰਘ ਚੀਮਾਂ ਨੇ ਪਹਿਲਾ, ਪਾਲ ਸਿੰਘ ਨੇ ਦੂਜਾ ਅਤੇ ਅਮਰੀਕ ਸਿੰਘ ਨੇ ਤੀਜ਼ਾ ਸਥਾਨ ਹਾਸਲ ਕੀਤਾ।ਅੰਡਰ-12 ਵਰਗ ਵਿੱਚ ਸਹਿਜ਼ਵੀਰ ਸਿੰਘ ਅਤੇ ਏਕਮਪ੍ਰੀਤ ਕੌਰ ਜੇਤੂ ਰਹੇ। ਇਸ ਮੌਕੇ 76 ਸਾਲਾ ਦੌੜਾਕ ਸਵਰਨ ਸਿੰਘ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਇਹ ਮੈਰਾਥਨ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਰੋਡ 'ਤੇ ਬਣੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਗੇਟ ਤੱਕ ਜਾ ਕੇ ਵਾਪਸ ਬਾਬਾ ਬੰਦਾ ਸਿੰਘ ਬਹਾਦਰ ਇੰਜਨਰਿੰਗ ਕਾਲਜ ਪੁੱਜ ਕੇ ਸਮਾਪਤ ਹੋਈ।ਇਸ ਮੌਕੇ ਸਵੀਪ ਤਹਿਤ ਹੀ ਲੋਕਾਂ ਨੂੰ ਈ.ਵੀ.ਐਮ. ਅਤੇ ਵੀ.ਵੀ.ਪੈਟ ਦੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਵਿਸੇਸ਼ ਕੈਂਪ ਵੀ ਲਾਏ ਗਏ। ਜਿੰਨ੍ਹਾਂ ਦੌਰਾਨ ਲੋਕਾਂ ਨੂੰ ਦੱਸਿਆ ਕਿ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਈ.ਵੀ.ਐਮ. ਦੇ ਨਾਲ ਵੀ.ਵੀ.ਪੈਟ ਦੀ ਵੀ ਵਰਤੋਂ ਕੀਤੀ ਜਾਵੇਗੀ। ਜਿਸ ਨਾਲ ਵੋਟਰ ਇਸ ਗੱਲ ਦੀ ਤਸੱਲੀ ਕਰ ਸਕਣਗੇ ਕਿ ਉਨ੍ਹਾਂ ਨੇ ਜਿਹੜੇ ਉਮੀਦਵਾਰ ਨੂੰ ਵੋਟ ਪਾਈ ਹੈ। ਉਨ੍ਹਾਂ ਦੀ ਵੋਟ ਉਸੇ ਉਮੀਦਵਾਰ ਨੂੰ ਹੀ ਗਈ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰ:ਜਸਪ੍ਰੀਤ ਸਿੰਘ, ਐਸ ਪੀ (ਹੈਡਕੁਆਟਰ) ਸ.ਨਵਨੀਤ ਸਿੰਘ ਬੈਂਸ, ਐਸ ਡੀ ਐਮ ਫਤਹਿਗੜ੍ਹ ਸਾਹਿਬ ਡਾ: ਸੰਜੀਵ ਕੁਮਾਰ, ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ, ਤਹਿਸਲੀਦਾਰ ਗੁਰਜਿੰਦਰ ਸਿੰਘ ਅਤੇ ਖੇਡ ਵਿਭਾਗ ਦੇ ਕੋਚ ਅਤੇ ਮੈਰਾਥਨ ਇੰਚਾਰਜ ਰਾਹੁਲਦੀਪ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।