ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਜਾਹੋ-ਜਲਾਲ ਨਾਲ ਮਨਾਏ ਜਾ ਰਹੇ ਹੋਲੇ ਮਹੱਲੇ ਦੇ ਦੂਜੇ ਦਿਨ ਅੱਜ ਸਵੇਰ ਵੇਲੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਤਖਤ ਸਾਹਿਬ ਦੇ ਜਥੇਦਾਰ ਗਿ:ਰਘਬੀਰ ਸਿੰਘ ਨੇ ਹੋਲੇ ਮਹੱਲੇ ਦੇ ਪਾਵਨ ਇਤਹਾਸ ਤੋ ਸੰਗਤਾਂ ਨੂੰ ਜਾਣੂੰ ਕਰਵਾਇਆ। ਉਨਾਂਹ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣਾ ਗੁਰੂ ਮੰਨਿਆ ਜਾਵੇ। ਕਿਸੇ ਦੇਹਧਾਰੀ ਜਾਂ ਪਖੰਡੀਆਂ ਮਗਰ ਲਗ ਕੇ ਸਿੱਖੀ ਸਿਧਾਤਾਂ ਨੂੰ ਤਿਲਾਂਜਲੀ ਨਾ ਦਿਤੀ ਜਾਵੇ। ਉਨਾਂ੍ਹ ਕਿਹਾ ਕਿ ਇਸੇ ਪਾਵਨ ਅਸਥਾਨ ਤੇ ਗੁਰੂ ਸਾਹਿਬ ਨੇ ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ ਤੇ ਸਮੁੱਚੇ ਸਿੱਖਾਂ ਨੂੰ ਅਮਿੰ੍ਰਤਧਾਰੀ ਹੋਣ ਦਾ ਹੁਕਮ ਕੀਤਾ। ਉਨਾਂ ਕੌਮ ਵਿਚ ਫੈਲ ਰਹੇ ਪਤਿਤਪੁਣੇ, ਨਸ਼ਿਆਂ ਤੇ ਹੋਰ ਅਲਾਮਤਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹਰੇਕ ਸਿੱਖ ਨੂੰ ਪ੍ਰਚਾਰਕ ਬਨਣ ਦਾ ਹੋਕਾ ਦਿਤਾ ਤਾਂ ਕਿ ਕੌਮ ਦੀ ਚੜ੍ਹਦੀ ਕਲਾ ਹੋ ਸਕੇ। ਉਪਰੰਤ ਤਖਤ ਸਾਹਿਬ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਹੋਲੇ ਮਹੱਲੇ ਦੀ ਸਮੁੱਚੀ ਮਨੁੱਖਤਾ ਨੂੰ ਵਧਾਈ ਦਿੰਦੇ ਹੋਏ ਜ਼ਿਲ੍ਹਾ ਰੂਪਨਗਰ ਦੇ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸ਼ਰਧਾਲੂਆਂ ਪ੍ਰਤੀ ਵਤੀਰੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਰਕਾਰਾਂ ਨੂੰ ਨਹੀਂ ਚਾਹੀਦਾ ਕਿ ਸੰਗਤਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਲਗਾਈ ਜਾਵੇ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਹਦਾਇਤ ਕਰਨ ਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਨਿਹੰਗ ਸਿੰਘਾਂ ਅਤੇ ਸ਼੍ਰੋਮਣੀ ਕਮੇਟੀ ਦਰਮਿਆਨ ਮਹੱਲਾ ਕੱਢਣ ਨੂੰ ਲੈ ਕੇ ਆਏ ਵਖਰੇਵੇਂ ਬਾਰੇ ਪੁੱਛਣ ਤੇ ਲੌਂਗੋਵਾਲ ਨੇ ਕਿਹਾ ਕਿ ਉਨ੍ਹਾਂ ਦੀ ਰਵਾਇਤ ਹੈ ਕਿ ਉਹ ਪੂਰਨਮਾਸ਼ੀ ਤੋਂ ਬਾਅਦ ਮਹੱਲਾ ਕੱਢਣਗੇ ਜਦਕਿ 21 ਤੇ 22 ਨੂੰ ਸਾਰੀਆਂ ਹੀ ਜਥੇਬੰਦੀਆਂ ਸ਼੍ਰੋਮਣੀ ਕਮੇਟੀ ਤੇ ਨਿਹੰਗਾਂ ਸਿੰਘਾਂ ਦੇ ਸਮਾਗਮਾਂ 'ਚ ਸ਼ਿਰਕਤ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਖਾਸ ਤੌਰ ਤੇ ਹੋਲੇ ਮਹੱਲੇ ਮੌਕੇ ਆਉਣ ਵਾਲੀਆਂ ਸੰਗਤਾਂ ਦਾ ਸੁਰੱਖਿਆ ਬੀਮਾ ਵੀ ਕਰਵਾਇਆ ਗਿਆ ਹੈ। ਜੇਕਰ ਰੱਬ ਨਾ ਕਰੇ ਕੋਈ ਹਾਦਸਾ ਹੁੰਦਾ ਹੈ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਮਾਲੀ ਸਹਾਇਤਾ ਮੁਹਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੁਹਤ ਹੀ ਪੁਖਤਾ ਇੰਤਜ਼ਾਮ ਸੰਗਤਾਂ ਦੀ ਸਹੂਲਤ ਦੇ ਲਈ ਕੀਤੇ ਗਏ ਹਨ ਅਤੇ ਸਮੁੱਚਾ ਅਮਲਾ ਤਨਦੇਹੀ ਦੇ ਨਾਲ ਡਿਊਟੀ ਦੇ ਰਿਹਾ ਹੈ। ਇਸ ਮੌਕੇ ਸ਼੍ਰੌਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰ:ਸੁਰਿੰਦਰ ਸਿੰਘ, ਮੈਨੇਜਰ ਜਸਬੀਰ ਸਿੰਘ ਸਮੇਤ ਤਖਤ ਸਾਹਿਬ ਦੀ ਸਮੁੱਚੀ ਮੈਨੇਜਮੈਂਟ ਵਲੋਂ ਭਾਈ ਗੋਬਿੰਦ ਸਿੰਘ ਲੋਂਗੋਵਾਲ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਹੋਲੇ ਮਹੱਲੇ ਦੇ ਦੂਜੇ ਦਿਨ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਭਾਈ ਅਮਰਜੀਤ ਸਿੰਘ ਚਾਵਲਾ, ਪਰਮਜੀਤ ਸਿੰਘ ਲੱਖੇਵਾਲ, ਸੰਦੀਪ ਸਿੰਘ ਕਲੋਤਾ, ਮਨਿੰਦਰਪਾਲ ਸਿੰਘ ਮਨੀ, ਹਰਜੀਤ ਸਿੰਘ ਅਚਿੰਤ, ਕਿਸ਼ੋਰ ਸਿੰਘ ਬੰਗੜ ਸਮੇਤ ਲੱਖਾਂ ਦੀ ਤਾਦਾਦ ਵਿਚ ਸੰਗਤਾਂ ਨੇ ਹਾਜ਼ਰੀ ਭਰੀ।