ਸ਼ਹਿਰ ਦੀਆਂ ਸੜਕਾਂ ਤੇ ਕੂੜਾ ਸੁੱਟਣ ਦੀ ਸਮੱਸਿਆ ਨਾਲ ਨਿਪਟਣ ਲਈ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੱਲੋਂ ਕੀਤੀ ਗਈ ਨਵੀਂ ਪਹਿਲ ਦਾ ਅਸਰ ਦਿੱਖਣ ਲੱਗਿਆ। ਕਰੀਬ 8 ਥਾਵਾਂ ਤੇ ਲਗਾਏ ਗਏ ਸੀ.ਸੀ.ਟੀ.ਵੀ ਕੈਮਰੇ ਸ਼ੁਰੂ ਹੋ ਗਏ ਹਨ। ਕੈਮਰਾ ਲੱਗਣ ਤੋਂ ਬਾਅਦ ਇਨ੍ਹਾਂ ਥਾਵਾਂ ਤੇ ਕਿਸੇ ਵੱਲੋਂ ਵੀ ਕੂੜਾ ਨਹੀਂ ਸੁੱਟਿਆ ਗਿਆ। ਸੋਮਵਾਰ ਤੱਕ 5 ਪੁਆਇੰਟਾਂ ਤੇ ਕੈਮਰੇ ਸ਼ੁਰੂ ਹੋ ਗਏ ਸਨ, ਜਦੋਂ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਥਾਵਾਂ ਦੇ ਸਫ਼ਾਈ ਸਬੰਧੀ ਜਾਇਜ਼ਾ ਲਿਆ ਗਿਆ ਤਾਂ ਇਨ੍ਹਾਂ ਸਥਾਨਾਂ ਤੇ ਪੂਰੀ ਸਫ਼ਾਈ ਪਾਈ ਗਈ। ਮੰਗਲ਼ਵਾਰ ਨੂੰ ਤਿੰਨ ਹੋਰ ਥਾਵਾਂ ਤੇ ਕੈਮਰੇ ਲੱਗਣ ਨਾਲ ਕੁੱਲ 8 ਕੈਮਰਿਆਂ ਵਿਚ ਰਿਕਾਰਡਿੰਗ ਸ਼ੁਰੂ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਵੱਲੋਂ ਕੁੱਲ 10 ਥਾਵਾਂ ਤੇ ਕੈਮਰੇ ਲਗਾਉਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ, ਹੁਣ ਸਿਰਫ਼ 2 ਥਾਵਾਂ ਤੇ ਕੈਮਰੇ ਲੱਗਣ ਬਾਕੀ ਰਹਿ ਗਏ ਹਨ। ਇਹ ਥਾਵਾਂ ਨਗਰ ਕੌਂਸਲ ਵੱਲੋਂ ਕੂੜਾ ਸੁੱਟਣ ਲਈ ਨਿਸ਼ਚਿਤ ਨਹੀਂ ਕੀਤੀਆਂ ਗਈਆਂ ਸਨ, ਪਰ ਲੋਕਾਂ ਵੱਲੋਂ ਖ਼ੁਦ ਹੀ ਖ਼ਾਲੀ ਜਗ੍ਹਾ ਦੇਖ ਕੇ ਇਨ੍ਹਾਂ ਥਾਵਾਂ ਤੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ ਸੀ। ਐਤਵਾਰ ਨੂੰ ਡਿਪਟੀ ਕਮਿਸ਼ਨਰ ਦੇ ਸ਼ਹਿਰ ਦੇ ਦੌਰੇ ਤੋਂ ਬਾਅਦ ਨਗਰ ਕੌਂਸਲ ਨੂੰ 10 ਗੰਦਗੀ ਵਾਲੇ ਪੁਆਇੰਟਾਂ ਤੇ ਕੈਮਰੇ ਲਗਾਉਣ ਲਈ ਕਿਹਾ ਗਿਆ ਸੀ, ਜੋ ਕਿ ਦਿਨ-ਰਾਤ ਨਿਗਰਾਨੀ ਕਰਨਗੇ। ਇਸ ਤੋਂ ਬਾਅਦ ਨਾਈਟ ਵਿਜ਼ਨ ਵਾਲੇ ਹਾਈਟੈੱਕ ਕੈਮਰੇ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨੂੰ ਵਾਰ ਵਾਰ ਕਹਿਣ ਤੇ ਵੀ ਉਨ੍ਹਾਂ ਵੱਲੋਂ ਇਨ੍ਹਾਂ ਥਾਵਾਂ ਤੇ ਕੂੜਾ ਸੁੱਟਣਾ ਬੰਦ ਨਹੀਂ ਕੀਤਾ ਗਿਆ, ਇਸ ਲਈ ਇਹ ਕੈਮਰੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕੂੜਾ ਸੁੱਟਦੇ ਹੋਏ ਇਨ੍ਹਾਂ ਕੈਮਰਿਆਂ ਵਿਚ ਕੈਦ ਹੋ ਗਿਆ ਤਾਂ ਉਸ ਦੀ ਤਸਵੀਰ ਸਵਾਰਜਨਿਕ ਕਰ ਦਿੱਤੀ ਜਾਵੇਗੀ। ਇਨ੍ਹਾਂ ਤਸਵੀਰਾਂ ਨੂੰ ਸ਼ਹਿਰ ਵਿਚ ਲੱਗੀਆਂ ਐਲ.ਈ.ਡੀ ਸਕਰੀਨਾਂ ਉੱਪਰ ਵੀ ਦਿਖਾਈ ਜਾਵੇਗੀ ਅਤੇ ਇਨ੍ਹਾਂ ਦੀ ਪਛਾਣ ਕਰਨ ਤੋਂ ਬਾਅਦ ਨਗਰ ਕੌਂਸਲ ਵੱਲੋਂ ਜੁਰਮਾਨਾ ਵੀ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗਲੀਆਂ, ਮੁਹੱਲਿਆਂ, ਸੜਕਾਂ ਨੂੰ ਆਪਣੇ ਘਰਾਂ ਵਾਂਗ ਸਮਝਣ ਤੇ ਸਾਫ-ਸਫਾਈ ਰੱਖਣ। ਉਨ੍ਹਾਂ ਕਿਹਾ ਕਿ ਉਹ ਫਿਰੋਜ਼ਪੁਰ ਨੂੰ ਸਾਫ-ਸਫਾਈ ਪੱਖੋਂ ਪਹਿਲੇ ਨੰਬਰ ਤੇ ਦੇਖਣਾ ਚਾਹੁੰਦੇ ਹਨ, ਇਸ ਕੰਮ ਲਈ ਉਹ ਪੂਰੀ ਕੋਸ਼ਿਸ਼ ਕਰਨਗੇ।