ਸੂਬਾ ਸਰਕਾਰ ਪੰਜਾਬ ਦੀਆਂ ਲਿੰਕ ਸੜਕਾਂ ਦੀ ਮੁਰੰਮਤ 'ਤੇ 2100 ਕਰੋੜ ਰੁਪਏ ਖਰਚ ਕਰੇਗੀ ਅਤੇ ਰਾਜ ਵਿਚ 66 ਹਜ਼ਾਰ ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਐਸ.ਏ.ਐਸ.ਨਗਰ ਹਲਕੇ ਦੀਆਂ 66 ਪੰਚਾਇਤਾਂ ਨੂੰ ਪਿੰਡਾਂ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ 4 ਕਰੋੜ 50 ਲੱਖ ਰੁਪਏ ਦੀਆਂ ਗ੍ਰਾਂਟਾਂ ਦੇ ਚੈੱਕ ਵੰਡਣ ਮੌਕੇ ਮੋਹਾਲੀ ਵਿਖੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਸ. ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਭਾਵੇਂ ਵਿਰੋਧੀ ਖਜ਼ਾਨਾ ਖਾਲੀ ਹੋਣ ਦਾ ਸ਼ੋਰ ਪਾ ਰਹੇ ਸਨ ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਸਾਰੂ ਸੋਚ ਸਦਕਾ ਸੂਬਾ ਸਰਕਾਰ ਨੇ ਰਾਜ ਦੇ ਸਾਰੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਐਸ.ਏ.ਐਸ. ਨਗਰ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਇਕੋ ਸਮੇਂ ਵੱਡੀ ਰਾਸ਼ੀ ਗ੍ਰਾਂਟ ਦੇ ਰੂਪ ਵਿਚ ਦਿੱਤੀ ਗਈ ਹੈ। ਉਨ੍ਹਾਂ ਹੋਰ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਰਕਾਰ ਜੋ ਕਿ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਂਦੀ ਸੀ ਜਦਕਿ ਉਨ੍ਹਾਂ ਕਿਸਾਨਾਂ ਲਈ ਕੁਝ ਵੀ ਨਹੀਂ ਕੀਤਾ ਅਤੇ ਮੌਜੂਦਾ ਸਰਕਾਰ ਨੇ ਕਿਸਾਨਾਂ ਦਾ 4700 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਹੋਰ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਸੂਬੇ ਵਿਚ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਵਿਚ ਅਨੁਸੂਚਿਤ ਜਾਤੀ ਦੇ ਬੇਜ਼ਮੀਨੇ ਲੋਕਾਂ ਦਾ ਵੀ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੈ। ਸ. ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਐਸ.ਏ.ਐਸ.ਨਗਰ ਹਲਕੇ ਨੂੰ ਇੱਕ ਨਮੂਨੇ ਦਾ ਹਲਕਾ ਬਣਾਇਆ ਜਾਵੇਗਾ ਅਤੇ ਇਹ ਕੇਵਲ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਵਿਕਾਸ ਕਾਰਜਾਂ ਲਈ ਹੋਰ ਗ੍ਰਾਂਟ ਵੀ ਦਿੱਤੀ ਜਾਵੇਗੀ। ਉਨ੍ਹਾਂ ਇਸ ਮੌਕੇ ਸਮੂਹ ਬੀ.ਡੀ.ਪੀ.ਓਜ਼ ਨੂੰ ਆਖਿਆ ਕਿ ਉਹ ਜੋ ਪੰਚਾਇਤਾਂ ਨੂੰ ਦਿੱਤੀਆਂ ਗਈਆਂ ਹਨ ਉਨ੍ਹਾਂ ਨਾਲ ਪਿੰਡਾਂ ਦੇ ਵਿਕਾਸ ਕਾਰਜ ਜਲਦੀ ਤੋਂ ਜਲਦੀ ਸ਼ੁਰੂ ਕਰਾਉਣ ਤਾਂ ਜੋ ਪਿੰਡਾਂ ਦੀ ਕਾਇਆ ਕਲਪ ਹੋ ਸਕੇ। ਸ. ਸਿੱਧੂ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਹਮੇਸ਼ਾਂ ਸਾਥ ਦਿੱਤਾ ਹੈ ਅਤੇ ਉਹ ਲੋਕਾਂ ਦੀਆਂ ਭਾਵਨਾਵਾਂ ਤੇ ਖਰਾ ਉਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਹੋਰ ਕਿਹਾ ਕਿ ਹੁਣ ਹਲਕੇ ਦੇ ਪਿੰਡਾਂ ਵਿਚ ਵਿਕਾਸ ਕਾਰਜਾਂ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ।ਸਮਾਗਮ ਨੂੰ ਸ. ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਐਡਵੋਕੇਟ ਕਮਰਵੀਰ ਸਿੰਘ ਸਿੱਧੂ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਠੇਕੇਦਾਰ ਮੋਹਣ ਸਿੰਘ ਬਠਲਾਣਾ, ਸ. ਭਗਤ ਸਿੰਘ ਨਾਮਧਾਰੀ , ਸਰਪੰਚ ਲਾਂਡਰਾਂ ਹਰਚਰਨ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਮਰਦੀਪ ਸਿੰਘ ਬੈਂਸ, ਡੀ.ਡੀ.ਪੀ.ਓ. ਸ੍ਰੀ ਡੀ ਕੇ ਸਾਲਦੀ, ਬੀ.ਡੀ.ਪੀ.ਓ. ਖਰੜ ਰਣਜੀਤ ਸਿੰਘ, ਬੀ. ਡੀ.ਪੀ.ਓ. ਮਾਜਰੀ ਹਿਤੇਨ ਕਪਲਾ ਸਮੇਤ ਹੋਰ ਅਧਿਕਾਰੀ ਅਤੇ ਪਤਵੰਤੇ ਵੀ ਮੌਜੂਦ ਸਨ।