ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਨਸ਼ਿਆਂ ਤੇ ਕੈਂਸਰ ਖਿਲਾਫ਼ ਆਰੰਭੀ ਲੋਕ ਲਹਿਰ ਨੂੰ ਵਿਆਪਕ ਪੱਧਰ 'ਤੇ ਹੁੰਗਾਰਾ ਦਿੰਦੇ ਹੋਏ ਅੱਜ ਹੋਈ ਹਾਫ਼ ਮੈਰਾਥਨ, ਦੀਵਾ ਰਨ ਅਤੇ ਫ਼ਨ ਰਨ ਵਿੱਚ 9 ਹਜ਼ਾਰ ਤੋਂ ਵੀ ਵੱਧ ਖੇਡ ਪ੍ਰੇਮੀਆਂ ਨੇ ਹਿੱਸਾ ਲੈ ਕੇ ਪੰਜਾਬ ਸਰਕਾਰ ਦੇ 'ਤੰਦਰੁਸਤ ਪੰਜਾਬ ਮਿਸ਼ਨ' ਨੂੰ ਹਾਂ ਪੱਖੀ ਹੁੰਗਾਰਾ ਦਿੱਤਾ। ਸਖ਼ਤ ਠੰਢ ਅਤੇ ਸੀਤ ਹਵਾਵਾਂ ਦੇ ਬਾਵਜੂਦ ਹਰੇਕ ਉਮਰ ਵਰਗ ਦੇ ਖੇਡ ਪ੍ਰੇਮੀ ਨੇ ਬੇਮਿਸਾਲ ਉਤਸ਼ਾਹ ਨਾਲ ਹਿੱਸਾ ਲਿਆ। ਵਾਰ ਹੀਰੋਜ਼ ਸਟੇਡੀਅਮ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ, ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਵੱਲੋਂ ਸਾਂਝੇ ਤੌਰ 'ਤੇ ਝੰਡੀ ਦਿਖਾ ਕੇ ਸੰਗਰੂਰ ਹਾਫ਼ ਮੈਰਾਥਨ, ਦੀਵਾ ਰਨ ਅਤੇ ਫ਼ਨ ਰਨ ਨੂੰ ਰਵਾਨਾ ਕੀਤਾ ਗਿਆ ਅਤੇ ਦੌੜਦਿਆਂ ਸਫ਼ਰ ਤੈਅ ਕਰਕੇ ਹਜ਼ਾਰਾਂ ਖੇਡ ਪ੍ਰੇਮੀਆਂ ਨੇ ਨਾਮੁਰਾਦ ਬਿਮਾਰੀ ਕੈਂਸਰ ਅਤੇ ਨਸ਼ਿਆਂ ਦੀ ਮੁਕੰਮਲ ਰੋਕਥਾਮ ਲਈ ਜਾਗਰੂਕ ਹੋਣ ਦਾ ਸੱਦਾ ਦਿੱਤਾ।ਇਸ ਮੌਕੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ, ਡੇਪੋ ਅਤੇ ਬੱਡੀ ਜਿਹੇ ਜਾਗਰੂਕਤਾ ਪ੍ਰੋਗਰਾਮਾਂ ਦੇ ਰਾਹੀਂ ਲੋਕਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਅਤੇ ਕੈਂਸਰ ਦੀ ਰੋਕਥਾਮ ਪ੍ਰਤੀ ਜਾਗਰੂਕ ਕਰਨ ਦਾ ਸਫ਼ਲ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਵੱਲੋਂ ਜਿੱਥੇ ਰਾਜ ਭਰ 'ਚ ਜਾਗਰੂਕਤਾ ਪ੍ਰੋਗਰਾਮ ਕਰਵਾਏ ਹਨ, ਉਥੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਖਤਮ ਕੀਤਾ ਗਿਆ ਹੈ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਜੇਲ੍ਹਾਂ ਅੰਦਰ ਸੁੱਟਿਆ ਗਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਰਾਜ ਦੇ ਵੱਖ-ਵੱਖ ਜ਼ਿਲ੍ਹਿਆ ਅੰਦਰ ਕੀਤੇ ਜਾ ਰਹੇ ਜਾਗਰੂਕਤਾ ਪ੍ਰੋਗਰਾਮਾਂ 'ਚ ਜ਼ਿਲ੍ਹਾ ਸੰਗਰੂਰ ਪਹਿਲੇ ਨੰਬਰ 'ਤੇ ਹੈ, ਜਿਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ।ਸ੍ਰੀ ਸਿੰਗਲਾ ਨੇ ਕਿਹਾ ਕਿ ਨਾਗਰਿਕਾਂ ਨੂੰ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਕਰਨ ਲਈ ਕਰਵਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਆਪਣੇ ਆਲੇ-ਦੁਆਲੇ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਕੇ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਲਈ ਹੰਭਲਾ ਮਾਰਨ ਦੀ ਲੋੜ ਹੈ। ਸ਼੍ਰੀ ਸਿੰਗਲਾ ਨੇ ਕਿਹਾ ਕਿ ਕੈਂਸਰ ਦੀ ਬਿਮਾਰੀ ਦਾ ਪਤਾ ਲਗਾਉਣ ਲਈ ਹਰ ਘਰ ਪਹੁੰਚ ਕਰਕੇ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਕੈਂਸਰ ਦੀ ਬਿਮਾਰੀ ਤੋਂ ਪੀੜ੍ਹਤ ਮਰੀਜ਼ ਦਾ ਪਹਿਲਕਦਮੀ ਨਾਲ ਇਲਾਜ ਸ਼ੁਰੂ ਕੀਤਾ ਜਾ ਸਕੇ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਟਾਟਾ ਦੇ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਆਉਣ ਵਾਲੇ 90 ਫ਼ੀਸਦੀ ਮਰੀਜ਼ਾਂ ਦਾ ਕਾਬਿਲ ਡਾਕਟਰਾਂ ਰਾਹੀ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਣ, ਮਿਆਰੀ ਸੜਕਾਂ ਅਤੇ ਹੋਰ ਲੋੜੀਂਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਥੋਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੰਗਰੂਰ 'ਚ ਹੋਈ ਵਿਸ਼ਾਲ ਸਾਈਕਲ ਰੈਲੀ ਅਤੇ ਸਾਇਕਲਾਥੋਨ ਨੂੰ ਵੀ ਲੋਕਾਂ ਨੇ ਭਰਵਾਂ ਹੁੰਗਾਰਾ ਦਿੰਦਿਆਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਨਸ਼ਿਆਂ ਖਿਲਾਫ਼ ਆਪਣੀ ਆਵਾਜ਼ ਬੁਲੰਦ ਕੀਤੀ ਸੀ ਅਤੇ ਅੱਜ ਵੀ ਜਿੰਨੇ ਉਤਸ਼ਾਹ ਨਾਲ ਲੋਕਾਂ ਨੇ ਹਿੱਸਾ ਲਿਆ ਹੈ ਉਹ ਆਪਣੀ ਮਿਸਾਲ ਆਪ ਹੈ। 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਆਯੋਜਿਤ ਸੰਗਰੂਰ ਹਾਫ਼ ਮੈਰਾਥਨ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਸ਼ੀ੍ਰ ਐਸ.ਪੀ ਬਾਂਗੜ ਸਮੇਤ ਪੰਜਾਬ ਦੇ 17 ਜ਼ਿਲ੍ਹਿਆਂ ਦੇ ਖਿਡਾਰੀਆਂ, ਕੀਨੀਆ ਅਤੇ ਹਿਮਾਚਲ ਪ੍ਰਦੇਸ਼ ਦੇ ਦੌੜਾਕਾਂ ਨੇ ਵੀ ਹਿੱਸਾ ਲਿਆ ਅਤੇ 21.9 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਸ ਦੌੜ ਵਿੱਚ ਰੇਸ਼ਪਾਲ ਸਿੰਘ ਨੇ 1 ਘੰਟਾ 6 ਮਿੰਟ 31 ਸਕਿੰਟ ਨਾਲ ਪਹਿਲਾ, ਕੀਨੀਆ ਦੇ ਦੌੜਾਕ ਨੋਆਹ ਕਿਪਸੰਗ ਕੇਮਲ ਨੇ 1 ਘੰਟਾ 6 ਮਿੰਟ 43 ਸਕਿੰਟ ਨਾਲ ਦੂਜਾ ਅਤੇ ਕੀਨੀਆ ਦੇ ਹੀ ਦੌੜਾਕ ਫੇਲੇਕਸ ਚੇਰੀਓਟ ਰੋਪ ਨੇ ਤੀਜਾ ਸਥਾਨ ਹਾਸਲ ਕਰਦਿਆਂ ਕ੍ਰਮਵਾਰ ਇੱਕ ਲੱਖ ਰੁਪਏ, 51 ਹਜ਼ਾਰ ਰੁਪਏ ਅਤੇ 31 ਹਜ਼ਾਰ ਰੁਪਏ ਇਨਾਮ ਵਜੋਂ ਪ੍ਰਾਪਤ ਕੀਤੇ।ਇਸ ਤੋਂ ਬਾਅਦ ਹੋਈ ਦੀਵਾ ਰਨ ਵਿੱਚ ਪਹਿਲੇ ਦੋ ਸਥਾਨਾਂ 'ਤੇ ਕੀਨੀਆ ਦੀਆਂ ਦੌੜਾਕ ਜੇਤੂ ਰਹੀਆਂ ਜਿਸ ਤਹਿਤ ਪਹਿਲਾ ਸਥਾਨ ਕੇਰੇਨ ਜੇਬੇਟ ਮਾਇਓ ਨੇ 36 ਮਿੰਟ 22 ਸਕਿੰਟ, ਦੂਜਾ ਸਥਾਨ ਕ੍ਰਿਸਟੇਨ ਕੰਬੂਆ ਮਯੂੰਗਾ ਨੇ 36 ਮਿੰਟ 25 ਸਕਿੰਟ ਨਾਲ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਤੀਜਾ ਸਥਾਨ ਲਖਨਊ ਦੀ ਦੌੜਾਕ ਡਿੰਪਲ ਸਿੰਘ ਨੇ ਹਾਸਲ ਕੀਤਾ ਜਿਨ੍ਹਾਂ ਨੂੰ ਕ੍ਰਮਵਾਰ 51 ਹਜ਼ਾਰ, 31 ਹਜ਼ਾਰ ਅਤੇ 21 ਹਜ਼ਾਰ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ
।ਇਸ ਮੌਕੇ ਕੈਂਸਰ ਜਾਗਰੂਕਤਾ ਲਈ ਉਲੀਕੇ ਵਿਸ਼ੇਸ਼ ਪ੍ਰੋਗਰਾਮ ਦੇ ਤਹਿਤ ਹੋਮੀ ਭਾਬਾ ਕੈਂਸਰ ਹਸਪਤਾਲ ਦੇ ਸਹਿਯੋਗ ਨਾਲ ਮੋਟਰ ਬਾਈਕਰਸ ਤੇ ਸਾਇਕਲ ਜਾਗਰੂਕਤਾ ਰੈਲੀ ਹੋਈ ਜਿਸ ਵਿੱਚ ਲੁਧਿਆਣਾ, ਬਰਨਾਲਾ ਅਤੇ ਚੀਮਾ ਦੇ ਤਜਰਬੇਕਾਰ ਹਾਰਲੇ ਡੇਵਿਡਸਨ ਅਤੇ ਇਨਫੀਲਡ ਬਾਈਕਰਸ ਨੇ ਵਾਰ ਹੀਰੋਜ਼ ਸਟੇਡੀਅਮ ਤੋਂ ਬਾਗੜੀਆਂ ਕਿਲ੍ਹੇ ਤੱਕ ਕੈਂਸਰ ਦੀ ਰੋਕਥਾਮ ਅਤੇ ਇਲਾਜ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਹਸਪਤਾਲ ਤੋਂ ਕੈਂਸਰ ਮਾਹਿਰ ਡਾ. ਤਾਪਸ ਕੁਮਾਰ, ਡਾ. ਦੇਵਾਸੀਸ ਚੌਧਰੀ ਅਤੇ ਡਾ. ਸਚਿਨ ਖੰਡੇਲਵਾਲ ਵੀ ਮੌਜੂਦ ਸਨ। ਇਸ ਮੌਕੇ ਕੈਂਸਰ ਨਾਲ ਜੰਗ ਲੜਦਿਆਂ ਮੌਤ ਨੂੰ ਹਰਾਉਣ ਵਾਲੇ ਸ. ਅਵਤਾਰ ਸਿੰਘ ਚੀਮਾ ਵਾਸੀ ਪਿੰਡ ਉਪਲੀ ਅਤੇ ਸ਼੍ਰੀਮਤੀ ਰਕਸ਼ਾ ਗਰਗ ਵਾਸੀ ਸੰਗਰੂਰ ਨੇ ਲੋਕਾਂ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਕੈਂਸਰ ਦਾ ਇਲਾਜ ਸੰਭਵ ਹੈ। ਏਅਰਕਰਾਫ਼ਟ ਦੁਆਰਾ ਕੀਤੀ ਪੇਸ਼ਕਾਰੀ ਦਾ ਵੀ ਲੋਕਾਂ ਨੇ ਖੂਬ ਆਨੰਦ ਮਾਣਿਆ ਅਤੇ ਆਪਣੇ ਮੋਬਾਇਲਾਂ ਵਿੱਚ ਸਾਰੇ ਦ੍ਰਿਸ਼ਾਂ ਨੂੰ ਬਾਖੂਬੀ ਕੈਦ ਕਰਕੇ ਆਪਣੀ ਸਦੀਵੀ ਯਾਦਗਾਰ ਦਾ ਹਿੱਸਾ ਬਣਾਇਆ। ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਬੈਨਰ ਹੇਠ ਹੋਏ ਇਸ ਖੇਡ ਸਮਾਗਮ ਦੌਰਾਨ ਰਾਈਸੀਲਾ, ਐਸ.ਡੀ.ਆਈ.ਸੀ, ਮੋਂਟੇ ਕਾਰਲੋ, ਅਵਾਨੀ, ਕੇ.ਆਰ.ਬੀ.ਐਲ, ਸਟੇਟ ਬੈਂਕ ਆਫ਼ ਇੰਡੀਆ, ਐਚ.ਐਮ ਸਟੀਲ, ਹੋਮਲੈਂਡ ਆਦਿ ਨੇ ਵੀ ਸਹਿਯੋਗ ਕੀਤਾ।ਇਸ ਵੱਡੀ ਤੇ ਅਹਿਮ ਖੇਡ ਗਤੀਵਿਧੀ ਦੌਰਾਨ ਸਿਵਲ ਜੱਜ ਸੀਨੀਅਰ ਡਵੀਜ਼ਨ ਤੇਜਪ੍ਰਤਾਪ ਸਿੰਘ ਰੰਧਾਵਾ, ਬਲਾਕ ਪ੍ਰਧਾਨ ਅਨਿਲ ਕੁਮਾਰ ਘੀਚਾ, ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਐਸ.ਡੀ.ਐਮ ਅਵਿਕੇਸ਼ ਗੁਪਤਾ, ਐਸ.ਡੀ.ਐਮ ਪੂਨਮਪ੍ਰੀਤ ਕੌਰ, ਐਸ.ਡੀ.ਐਮ ਸੂਬਾ ਸਿੰਘ, ਸਹਾਇਕ ਕਮਿਸ਼ਨਰ ਇਨਾਇਤ ਗੁਪਤਾ, ਜ਼ਿਲ੍ਹਾ ਖੇਡ ਅਫ਼ਸਰ ਯੋਗਰਾਜ ਸਮੇਤ ਹੋਰ ਅਧਿਕਾਰੀ ਤੇ ਆਗੂ ਸਾਹਿਬਾਨ ਤੇ ਖੇਡ ਪ੍ਰੇਮੀ ਵੀ ਹਾਜ਼ਰ ਸਨ।