ਆਬਕਾਰੀ ਅਤੇ ਕਰ ਵਿਭਾਗ ਪੰਜਾਬ ਦੀ ਟੀਮ, ਜਿਸਦੀ ਅਗਵਾਈ ਸ਼੍ਰੀ ਸ਼ਾਲੀਨ ਵਾਲੀਆ, ਏ. ਸੀ. ਐਸ. ਟੀ. ਮੋਬਾਇਲ ਵਿੰਗ ਚੰਡੀਗੜ੍ਹ ਕਰ ਰਹੇ ਸਨ, ਨੂੰ ਉਦੋਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ 'ਤੇ ਕਾਰਵਾਈ ਕਰਦਿਆਂ ਮੁੰਬਈ ਦੇ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਕੋਲੋਂ ਹੀਰੇ ਅਤੇ ਹੀਰੇ ਜੜੇ ਸੋਨੇ ਦੇ ਗਹਿਣੇ ਬਰਾਮਦ ਕੀਤੇ। ਇਨ੍ਹਾਂ ਗਹਿਣਿਆਂ ਦੀ ਬਾਜ਼ਾਰੀ ਕੀਮਤ 4.16 ਕਰੋੜ ਰੁਪਏ ਬਣਦੀ ਹੈ। ਇਹ ਵਿਅਕਤੀ ਉਕਤ ਹੀਰਿਆਂ ਅਤੇ ਗਹਿਣਿਆਂ ਸਬੰਧੀ ਲੋੜੀਂਦੇ ਕਾਗਜ਼ਾਤ ਪੇਸ਼ ਨਹੀਂ ਕਰ ਸਕੇ।ਇਸ ਸਬੰਧੀ ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰਿਤ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਅਧੀਨ ਵਿਅਕਤੀਆਂ ਦੀ ਪਛਾਣ ਨੀਰਜ ਬਾਕੂਲੇਸ਼ ਝਾਵੇਰੀ ਅਤੇ ਰੁਸ਼ਾਂਗ ਰਮੇਸ਼ ਮਹਿਤਾ ਵਜੋਂ ਹੋਈ ਹੈ, ਜੋ ਕਿ ਮੁੰਬਈ ਦੀ ਰੋਜ਼ੀ ਬਲਿਊ (ਇੰਡੀਆ) ਪ੍ਰਾਈਵੇਟ ਲਿਮ. ਕੰਪਨੀ ਨਾਲ ਸਬੰਧਤ ਹਨ ਅਤੇ ਮੁੰਬਈ ਤੋਂ ਮੁਹਾਲੀ ਆ ਰਹੇ ਸਨ। ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਨੇ ਦੱਸਿਆ ਕਿ ਉਹ ਉਕਤ ਸਾਮਾਨ ਸ਼ਹਿਰ ਦੇ ਇਕ ਮਸ਼ਹੂਰ ਜਵੈਲਰ ਨੂੰ ਦਿਖਾਉਣ ਲਈ ਲੈ ਕੇ ਆ ਰਹੇ ਸਨ ਪਰ ਉਹ ਆਪਣੇ ਦਾਅਵੇ ਦੇ ਹੱਕ ਵਿੱਚ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ।ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਉਕਤ ਵਿਅਕਤੀਆਂ ਨੂੰ ਐਸ ਜੀ ਐਸ ਟੀ/ਸੀ ਜੀ ਐਸ ਟੀ ਐਕਟ ਦੀ ਧਾਰਾ 129 ਤਹਿਤ ਨੋਟਿਸ ਜਾਰੀ ਕੀਤਾ ਗਿਆ ਹੈ। ਮਾਮਲੇ ਵਿੱਚ ਅਗਲੇਰੀ ਕਾਰਵਾਈ ਜਾਰੀ ਹੈ ਅਤੇ ਐਸ ਜੀ ਐਸ ਟੀ/ਸੀ ਜੀ ਐਸ ਟੀ ਐਕਟ ਤਹਿਤ ਬਣਦਾ ਟੈਕਸ ਅਤੇ ਜੁਰਮਾਨਾ ਕੀਤਾ ਜਾਵੇਗਾ। ਆਮਦਨ ਕਰ ਅਧਿਕਾਰੀਆਂ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦੀ ਟੀਮ ਵਿੱਚ ਐਸ. ਟੀ. ਓ. ਸ਼੍ਰੀ ਅਸ਼ੋਕ ਚਲੋਤਰਾ, ਐਸ. ਟੀ. ਓ. ਨਵਜੋਤ ਸਿੰਘ, ਐਸ. ਟੀ. ਓ. ਭਾਵਨਾ ਹਾਂਡਾ, ਐਸ. ਟੀ. ਆਈ. ਰਜਨੀਸ਼ ਬੱਤਰਾ ਸ਼ਾਮਲ ਸਨ, ਜਿਨ੍ਹਾਂ ਨਾਲ ਮੋਹਾਲੀ ਪੁਲਸ ਨੇ ਵੀ ਸਹਿਯੋਗ ਕੀਤਾ, ਜਿਸਦੀ ਅਗਵਾਈ ਐਸ. ਐਚ. ਓ. ਮੋਹਾਲੀ ਏਅਰਪੋਰਟ ਸ਼੍ਰੀ ਐਚ. ਐਸ. ਬੱਲ ਨੇ ਕੀਤੀ।ਜੀ. ਐਸ. ਟੀ. ਲਾਗੂ ਹੋਣ ਤੋਂ ਬਾਅਦ ਮੋਬਾਇਲ ਵਿੰਗ ਚੰਡੀਗੜ੍ਹ ਵਲੋਂ ਇਹ ਤੀਜੀ ਬਰਾਮਦਗੀ ਹੈ, ਜਿਸ ਵਿੱਚ ਕਾਨੂੰਨ ਦੀ ਉਲੰਘਣਾ ਕਰ ਕੇ ਸੋਨੇ ਦੇ ਗਹਿਣੇ ਅਤੇ ਕੀਮਤੀ ਹੀਰੇ ਲਿਆਂਦੇ ਫ਼ੜੇ ਗਏ ਹਨ।