ਪੰਜਾਬ ਸਰਕਾਰ ਵੱਲੋਂ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੇ ਯਤਨਾਂ ਤਹਿਤ ਨਸ਼ਾ ਪੀੜਤ ਵਿਅਕਤੀਆਂ ਦੇ ਇਲਾਜ ਲਈ ਇਕ ਹੋਰ ਵਿਧੀ ਆਊਟ ਪੇਸ਼ੈਂਟ ਓਪਾਈਡ ਅਸਿਸਟਿਡ ਟਰੀਟਮੈਂਟ (ਓ.ਓ.ਏ.ਟੀ) ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਹੈ, ਜਿਨਾਂ ਰਾਹੀਂ ਨਸ਼ਾ ਪੀੜਤਾਂ ਨੂੰ ਬਾਹਰੀ ਇਲਾਜ ਰਾਹੀਂ ਆਮ ਜੀਵਨ ਜਿਊਣ ਅਤੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦੇ ਯੋਗ ਬਣਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਐਸ. ਏ. ਐਸ. ਨਗਰ ਡਾ. ਰੀਟਾ ਭਾਰਦਵਾਜ ਨੇ ਦੱਸਿਆ ਕਿ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਜ਼ਿਲੇ ਵਿੱਚ 7 ਓਟ ਕਲੀਨਿਕ ਖੋਲੇ ਗਏ ਹਨ, ਜਿਨਾਂ ਵਿੱਚ 17 ਮਈ 2018 ਤੋਂ 31 ਜਨਵਰੀ 2019 ਤੱਕ ਕੁੱਲ 612 ਨਸ਼ਾ ਪੀੜਤ ਮਰੀਜ਼ ਰਜਿਸਟਰ ਹੋਏ ਹਨ।ਸਿਵਲ ਸਰਜਨ ਨੇ ਰਜਿਸਟਰ ਹੋਏ ਨਸ਼ਾਂ ਪੀੜਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਕਟਰ-66 ਦੇ ਓਟ ਕਲੀਨਿਕ ਵਿਚ 486 ਨਸ਼ਾ ਪੀੜਤਾਂ ਨੂੰ ਰਜਿਸਟਰ ਕੀਤਾ ਗਿਆ ਜਦਕਿ ਐਸ. ਡੀ. ਐਚ. (ਸਬ ਡਵੀਜ਼ਨਲ ਹਸਪਤਾਲ) ਡੇਰਾਬੱਸੀ ਵਿਖੇ 30, ਐਸ. ਡੀ. ਐਚ ਖਰੜ ਵਿਖੇ 30, ਸੀ. ਐਚ. ਸੀ. (ਕਮਿਊਨਿਟੀ ਹੈਲਥ ਸੈਂਟਰ) ਬਨੂੰੜ ਵਿਖੇ 5, ਸੀ. ਐਚ. ਸੀ. ਲਾਲੜੂ ਵਿਖੇ 27, ਸੀ. ਐਚ. ਸੀ. ਢਕੋਲੀ ਵਿਖੇ 27, ਸੀ. ਐਚ. ਸੀ. ਕੁਰਾਲੀ ਵਿਖੇ 7 ਨਸ਼ਾ ਪੀੜਤ ਮਰੀਜ਼ ਰਜਿਸਟਰਡ ਕੀਤੇ ਗਏ ਹਨ। ਇਨਾਂ ਮਰੀਜ਼ਾਂ ਦਾ ਸਬੰਧਤ ਓਟ ਕਲੀਨਿਕਾਂ ਵਿੱਚ ਇਲਾਜ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ।ਸਿਵਲ ਸਰਜਨ ਨੇ ਦੱਸਿਆ ਕਿ ਐਸ.ਏ.ਐਸ ਨਗਰ ਦੇ ਸੈਕਟਰ 66 ਵਿਖੇ ਜ਼ਿਲਾ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਲੰਮੇ ਸਮੇਂ ਤੋਂ ਸਫ਼ਲਤਾ ਨਾਲ ਚੱਲ ਰਿਹਾ ਹੈ, ਜਿਥੇ ਨਸ਼ਾ ਪੀੜਤ ਵਿਅਕਤੀ ਆਪਣਾ ਚੈੱਕਅੱਪ ਅਤੇ ਇਲਾਜ ਕਰਵਾ ਸਕਦੇ ਹਨ। ਇਥੇ ਗੰਭੀਰ ਮਰੀਜ਼ਾਂ ਨੂੰ ਦਾਖ਼ਲ ਵੀ ਕੀਤਾ ਜਾਂਦਾ ਹੈ ਅਤੇ ਮੁਕੰਮਲ ਇਲਾਜ ਕਰਦਿਆਂ ਉਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣ 'ਚ ਮਦਦ ਕੀਤੀ ਜਾਂਦੀ ਹੈ। ਇਸੇ ਕੇਂਦਰ ਵਿਚ ਓ. ਓ. ਏ. ਟੀ. ਕਲੀਨਿਕ ਵੀ ਚੱਲ ਰਿਹਾ ਹੈ। ਓ. ਪੀ. ਡੀ. ਆਧਾਰਤ ਓਟ ਕਲੀਨਿਕਾਂ ਦੀ ਖ਼ਾਸੀਅਤ ਇਹ ਹੈ ਕਿ ਅਫ਼ੀਮ, ਭੁੱਕੀ, ਹੈਰੋਇਨ, ਸਮੈਕ, ਮੌਰਫ਼ੀਨ ਅਤੇ ਇਸ ਤੋਂ ਤਿਆਰ ਪਦਾਰਥਾਂ ਦਾ ਨਸ਼ਾ ਕਰਨ ਵਾਲਿਆਂ ਨੂੰ ਇਲਾਜ ਲਈ ਨਸ਼ਾ-ਛੁਡਾਊ ਕੇਂਦਰ ਵਿਚ ਦਾਖ਼ਲ ਹੋਣ ਦੀ ਲੋੜ ਨਹੀਂ ਪੈਂਦੀ।
ਨਸ਼ਾ ਛੱਡਣ ਦੇ ਚਾਹਵਾਨ ਮਰੀਜ਼ ਇਨਾਂ ਕਲੀਨਿਕਾਂ ਵਿਚ ਰੋਜ਼ਾਨਾ ਆ ਕੇ ਇਲਾਜ ਕਰਵਾ ਸਕਦੇ ਹਨ ਅਤੇ ਘਰ ਜਾ ਸਕਦੇ ਹਨ। ਇਹ ਓ. ਪੀ. ਡੀ. ਕਲੀਨਿਕ ਸੈਕਟਰ 66 ਮੋਹਾਲੀ ਦੇ ਸਰਕਾਰੀ ਨਸ਼ਾ-ਛੁਡਾਊ ਕੇਂਦਰ, ਖਰੜ, ਕੁਰਾਲੀ, ਡੇਰਾਬੱਸੀ, ਲਾਲੜੂ, ਬਨੂੜ ਅਤੇ ਢਕੋਲੀ ਦੇ ਸਰਕਾਰੀ ਹਸਪਤਾਲਾਂ ਵਿਚ ਚੱਲ ਰਹੇ ਹਨ। ਉਨਾਂ ਦੱਸਿਆ ਕਿ ਇਹ ਕਲੀਨਿਕ ਖੋਲਣ ਦਾ ਮਕਸਦ ਨਸ਼ਾ ਛੱਡਣ ਦੇ ਚਾਹਵਾਨ ਮਰੀਜ਼ਾਂ ਨੂੰ ਸੌਖਾ ਅਤੇ ਮੁਫ਼ਤ ਇਲਾਜ ਉਪਲੱਬਧ ਕਰਵਾਉਣਾ ਹੈ, ਜਿਸ ਦੇ ਲਈ ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰ ਅਤੇ ਹੋਰ ਸਟਾਫ਼ ਨੂੰ ਬਾਕਾਇਦਾ ਸਿਖਲਾਈ ਦਿੱਤੀ ਗਈ ਹੈ। ਡਾਕਟਰ ਮਰੀਜ਼ ਦਾ ਮੁਆਇਨਾ ਕਰਨ ਮਗਰੋਂ ਇਲਾਜ ਸ਼ੁਰੂ ਕਰਦਾ ਹੈ ਅਤੇ ਮੌਕੇ 'ਤੇ ਹੀ ਉਸ ਨੂੰ ਦਵਾਈ ਖਵਾਈ ਜਾਂਦੀ ਹੈ। ਉਨਾਂ ਇਹ ਵੀ ਦੱਸਿਆ ਕਿ ਜਿਹੜੇ ਮਰੀਜ਼ ਦਵਾਈ ਲੈਣ ਨਹੀਂ ਆਉਂਦੇ, ਉਨਾਂ ਨੂੰ ਘਰ-ਘਰ ਜਾ ਕੇ ਓਟ ਟਰੇਨਰਾਂ ਦੀ ਮਦਦ ਨਾਲ ਦਵਾਈ ਦਿੱਤੀ ਜਾਂਦੀ ਹੈ। ਡਾ. ਭਾਰਦਵਾਜ ਨੇ ਦੱਸਿਆ ਕਿ ਓਟ ਕਲੀਨਿਕਾਂ ਵਿੱਚ ਨਸ਼ਾ ਪੀੜਤਾਂ ਨੂੰ ਮਾਹਰ ਡਾਕਟਰਾਂ ਅਤੇ ਟਰੇਂਡ ਕਾਊਂਸਲਰਾਂ ਵੱਲੋਂ ਕਾਊਂਸਲਿੰਗ ਅਤੇ ਇਲਾਜ ਰਾਹੀਂ ਸਮਾਜ ਦਾ ਵਧੀਆ ਮੈਂਬਰ ਬਣਨ ਦੇ ਯੋਗ ਬਣਾਇਆ ਜਾ ਰਿਹਾ ਹੈ ਅਤੇ ਨਸ਼ਿਆਂ ਦੀ ਗ੍ਰਿਫਤ ਵਿੱਚ ਆਏ ਲੋਕਾਂ ਦਾ ਇਲਾਜ ਕਰ ਕੇ ਉਨਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਰਹੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿੱਚ ਗਲਤਾਨ ਵਿਅਕਤੀਆਂ ਨੂੰ ਪ੍ਰੇਰਿਤ ਕਰ ਕੇ ਓਟ ਕਲੀਨਿਕਾਂ ਵਿੱਚ ਲਿਆਉਣ ਤਾਂ ਜੋ ਉਨਾਂ ਦਾ ਇਲਾਜ ਕਰ ਕੇ ਉਨਾਂ ਦੀ ਜ਼ਿੰਦਗੀ ਸੰਵਾਰੀ ਜਾ ਸਕੇ ਕਿਉਂਕਿ ਨਸ਼ਿਆਂ ਦੀ ਅਲਾਮਤ ਦਾ ਸ਼ਿਕਾਰ ਵਿਅਕਤੀ ਨਾ ਸਿਰਫ ਆਪਣਾ ਨੁਕਸਾਨ ਕਰਦਾ ਹੈ ਬਲਕਿ ਇਸ ਨਾਲ ਘਰਾਂ ਦੇ ਘਰ ਉੱਜੜ ਜਾਂਦੇ ਹਨ। ਉਨਾਂ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਗਤੀਵਿਧੀਆ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਮਾਪਿਆਂ ਨੂੰ ਬੱਚਿਆਂ ਨਾਲ ਦੋਸਤਾਂ ਵਾਲਾ ਰਵੱਈਆ ਅਪਨਾਉਣਾ ਚਾਹੀਦਾ ਹੈ ਤਾਂ ਜੋ ਬੱਚੇ ਉਨਾਂ ਤੋਂ ਕੁਝ ਨਾ ਲੁਕਾਉਣ ਅਤੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰ ਸਕਣ, ਜਿਨਾਂ ਕਾਰਨ ਉਹ ਕਈ ਵਾਰ ਨਸ਼ਿਆਂ ਦੀ ਲੱਤ ਦੇ ਆਦੀ ਵੀ ਹੋ ਸਕਦੇ ਹਨ।