ਜ਼ਿਲ੍ਹੇ ਵਿਚ ਸਵਾਈਨ ਫ਼ਲੂ ਦੀ ਅਗਾਊਂ ਰੋਕਥਾਮ ਅਤੇ ਫੈਲਾਅ ਨੂੰ ਰੋਕਣ ਦੇ ਮਕਸਦ ਨਾਲ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਆਪਣੇ ਦਫ਼ਤਰ ਵਿਖੇ ਡਾਕਟਰਾਂ ਨਾਲ ਉੱਚ ਪੱਧਰੀ ਬੈਠਕ ਕੀਤੀ, ਜਿਸ ਵਿਚ ਜ਼ਿਲ੍ਹਾ ਹਸਪਤਾਲ, ਸ਼ਹਿਰੀ ਮੁੱਢਲੇ ਸਿਹਤ ਕੇਂਦਰਾਂ, ਡਿਸਪੈਂਸਰੀਆਂ ਸਮੇਤ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੇ ਹਿੱਸਾ ਲਿਆ। ਇਸ ਮੌਕੇ ਸਿਵਲ ਸਰਜਨ ਨੇ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਵਾਈਨ ਫ਼ਲੂ ਦੇ ਮਰੀਜ਼ਾਂ ਦੀ ਗਿਣਤੀ ਘਟਾਉਣ ਦੇ ਮੰਤਵ ਨਾਲ ਕੇਸਾਂ ਦੀਆਂ ਏ, ਬੀ ਅਤੇ ਸੀ ਸ਼੍ਰੇਣੀਆਂ ਬਣਾਈਆਂ ਗਈਆਂ ਹਨ। ਸਿਹਤ ਮੰਤਰਾਲੇ ਵੱਲੋਂ ਇਸ ਮੌਸਮੀ ਬਿਮਾਰੀ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੀ ਹਰ ਹੀਲੇ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਸ ਮਰੀਜ਼ ਨੂੰ ਹਲਕਾ ਬੁਖ਼ਾਰ ਅਤੇ ਥੋੜੀ ਖੰਘ ਹੈ, ਉਸ ਦਾ ਟੈਸਟ ਕਰਾਉਣ ਦੀ ਲੋੜ ਨਹੀਂ ਅਤੇ ਉਸ ਨੂੰ ਘਰ ਵਿਚ ਆਰਾਮ ਕਰਨ ਦੀ ਸਲਾਹ ਦਿੱਤੀ ਜਾਵੇ ਅਤੇ ਲੋਕਾਂ ਨਾਲ ਘੁਲਣ-ਮਿਲਣ ਤੋਂ ਰੋਕਿਆ ਜਾਵੇ। ਇਸੇ ਤਰ੍ਹਾਂ ਜਿਸ ਮਰੀਜ਼ ਨੂੰ ਉਪਰੋਕਤ ਲੱਛਣਾਂ ਤੋਂ ਇਲਾਵਾ ਤੇਜ਼ ਬੁਖ਼ਾਰ ਅਤੇ ਗਲਾ ਜ਼ਿਆਦਾ ਖ਼ਰਾਬ ਹੈ, ਉਸ ਨੂੰ ਘਰ ਵਿਚ ਆਰਾਮ ਕਰਨ ਦੀ ਸਲਾਹ ਦੇਣ ਤੋਂ ਇਲਾਵਾ ਉਸ 'ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇ ਅਤੇ ਇਕ ਤੋਂ ਦੋ ਦਿਨਾਂ ਅੰਦਰ ਦੁਬਾਰਾ ਹਸਪਤਾਲ ਬੁਲਾਇਆ ਜਾਵੇ। ਜਿਸ ਮਰੀਜ਼ ਨੂੰ ਉਕਤ ਲੱਛਣਾਂ ਤੋਂ ਇਲਾਵਾ ਸਾਹ ਲੈਣ 'ਚ ਤਕਲੀਫ਼ ਹੁੰਦੀ ਹੈ, ਛਾਤੀ 'ਚ ਦਰਦ ਹੈ, ਬਲੱਡ ਪ੍ਰੈਸ਼ਰ ਘਟ ਗਿਆ ਹੈ, ਉਸ ਦਾ ਤੁਰੰਤ ਟੈਸਟ ਕਰਵਾ ਕੇ ਹਸਪਤਾਲ ਵਿਚ ਦਾਖ਼ਲ ਕਰਦਿਆਂ ਇਲਾਜ ਸ਼ੁਰੂ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਨਿਜੀ ਹਸਪਤਾਲ ਸਵਾਈਨ ਫ਼ਲੂ ਦੇ ਟੈਸਟ ਦੀ ਪੁਸ਼ਟੀ ਨਹੀਂ ਕਰ ਸਕਦੇ।
ਸਿਵਲ ਸਰਜਨ ਨੇ ਦੱਸਿਆ ਕਿ ਏ ਅਤੇ ਬੀ ਸ਼੍ਰੇਣੀ ਦੇ ਮਰੀਜ਼ਾਂ ਲਈ ਟੈਸਟਾਂ ਦੀ ਲੋੜ ਨਹੀਂ ਪਰ ਸਾਵਧਾਨੀਆਂ, ਆਰਾਮ ਅਤੇ ਦਵਾਈ ਬਹੁਤ ਜ਼ਰੂਰੀ ਹੈ।ઠਸਿਵਲ ਸਰਜਨ ਨੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਵਾਈਨ ਫ਼ਲੂ ਦੇ ਮਰੀਜ਼ਾਂ ਲਈ ਬਣਾਏ ਗਏ ਆਈਸੋਲੇਸ਼ਨ ਵਾਰਡ ਅਤੇ ਫ਼ਲੂ ਕੌਰਨਰ ਮੇਨਟੇਨ ਕਰਕੇ ਰੱਖਣ ਤਾਂ ਜੋ ਲੋੜ ਪੈਣ 'ਤੇ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾ ਸਕੇ। ਨੋਡਲ ਅਫਸਰ ਡਾ. ਦੀਪਤੀ ਨੇ ਦੱਸਿਆ ਕਿ ਇਹ ਬੀਮਾਰੀ ਐਚ1ਐਨ1 ਵਾਇਰਸ ਤੋਂ ਗ੍ਰਸਤ ਵਿਅਕਤੀ ਦੇ ਛਿੱਕ ਮਾਰਨ ਜਾਂ ਖੰਘਣ ਨਾਲ ਸਾਹ ਰਾਹੀਂ ਦੂਜੇ ਵਿਅਕਤੀ ਤਕ ਫੈਲਦੀ ਹੈ। ઠਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਫ਼ਲੂ ਕਾਰਨਰ ਅਤੇ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ ਜਿਥੇ ਸਵਾਈਨ ਫ਼ਲੂ ਦੇ ਮਰੀਜ਼ਾਂ ਦੀ ਜਾਂਚ-ਪੜਤਾਲ ਤੋਂ ਇਲਾਵਾ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਦੇ ਇਲਾਜ ਲਈ ਟੈਮੀਫ਼ਲੂ ਦੀ ਦਵਾਈ ਸਾਰੀਆਂ ਸਿਹਤ ਸੰਸਥਾਵਾਂ ਵਿਚ ਬਿਲਕੁਲ ਮੁਫ਼ਤ ਮਿਲਦੀ ਹੈ।ઠਸਵਾਈਨ ਫ਼ਲੂ ਦੀ ਪੁਸ਼ਟੀ ਲਈ ਲੈਬ ਟੈਸਟ ਮੁਫ਼ਤ ਕੀਤਾ ਜਾਂਦਾ ਹੈ। ਪੀਜੀਆਈ, ਚੰਡੀਗੜ੍ਹ ਟੈਸਟਾਂ ਲਈ ਨੋਡਲ ਲੈਬ ਹੈ।ઠ ਮੀਟਿੰਗ ਵਿਚ ਫ਼ੋਰਟਿਸ, ਮੈਕਸ ਆਦਿ ਹਸਪਤਾਲਾਂ ਦੇ ਡਾਕਟਰਾਂ ਨੇ ਵੀ ਹਿੱਸਾ ਲਿਆ।
ਸਵਾਈਨ ਫ਼ਲੂ ਦੇ ਆਮ ਲੱਛਣ
ਤੇਜ਼ ਬੁਖ਼ਾਰ, ਖਾਂਸੀ, ਗਲਾ ਖ਼ਰਾਬ, ਨੱਕ ਵਹਿਣਾ, ਸਿਰ ਦਰਦ, ਥਕਾਵਟ, ਡਾਇਰੀਆ, ਦਸਤ-ਉਲਟੀਆਂ, ਠੰਡ ਲੱਗਣਾ, ਬਲਗਮ ਨਾਲ ਖ਼ੂਨ, ਸਰੀਰ ਵਿਚ ਦਰਦ, ਇਕਦਮ ਚੱਕਰ ਆਉਣੇ, ਸਾਹ ਲੈਣ ਵਿਚ ਤਕਲੀਫ਼।
ਇਹ ਕਰੋ
ਜੇ ਕਾਫ਼ੀ ਜ਼ਿਆਦਾ ਖੰਘ ਹੈ ਤਾਂ ਤੁਰਤ ਡਾਕਟਰੀ ਜਾਂਚ ਕਰਵਾਓ।
ਜੇ ਬੁਖ਼ਾਰ ਹੈ ਤਾਂ ਪੈਰਾਸੀਟਾਮੋਲ ਲਓ, ਜ਼ਿਆਦਾ ਤਰਲ ਪਦਾਰਥ ਲਓ, ਪੋਸ਼ਕ ਖ਼ੁਰਾਕ ਖਾਓ ਅਤੇ ਆਰਾਮ ਕਰੋ। ਬੁਖ਼ਾਰ ਠੀਕ ਹੋਣ ਤੋਂ ਬਾਅਦ ਘੱਟ-ਘੱਟ 24 ਘੰਟਿਆਂ ਲਈ ਘਰ ਵਿਚ ਹੀ ਰਹੋ।
ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਧੋਵੋ। ਛਿੱਕਣ ਸਮੇਂ ਨੱਕ ਅਤੇ ਮੂੰਹ ਰੁਮਾਲ ਨਾਲ ਢੱਕ ਕੇ ਰੱਖੋ।
ਭੀੜ ਵਾਲੀਆਂ ਥਾਵਾਂ 'ਤੇ ਨਾ ਜਾਓ
ਇਹ ਨਾ ਕਰੋ
ਅਣਧੋਤੇ ਹੱਥਾਂ ਨਾਲ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ
ਕਿਸੇ ਨੂੰ ਮਿਲਦੇ ਸਮੇਂ ਜੱਫੀ ਪਾਉਣ, ਹੱਥ ਮਿਲਾਉਣ ਤੋਂ ਗੁਰੇਜ਼ ਕਰੋ
ਜਨਤਕ ਥਾਵਾਂ 'ਤੇ ਨਾ ਥੁੱਕੋ
ਡਾਕਟਰ ਦੀ ਸਲਾਹ ਬਿਨਾਂ ਦਵਾਈ ਨਾ ਲਓ
ਰੇਲਿੰਗ, ਦਰਵਾਜ਼ੇ, ਟੇਬਲ ਜਿਹੀਆਂ ਪਬਲਿਕ ਵੱਲੋਂ ਆਮ ਵਰਤੀਆਂ ਜਾਂਦੀਆਂ ਥਾਵਾਂ ਨੂੰ ਛੂਹਣ ਤੋਂઠ ਬਚੋ