ਮਰਹੂਮ ਜਥੇਦਾਰ ਸ. ਗੁਰਚਰਨ ਸਿੰਘ ਟੌਹੜਾ ਨੇ ਇੱਕ ਇਮਾਨਦਾਰ ਸਿਆਸਤਦਾਨ ਵਜੋਂ ਵਿਚਰਦਿਆਂ ਫ਼ਤਹਿਗੜ੍ਹ ਸਾਹਿਬ ਖੇਤਰ ਦੀ ਪੂਰੀ ਦੁਨੀਆਂ ਦੇ ਵਿੱਚ ਇੱਕ ਵਿਲੱਖਣ ਪਛਾਣ ਬਣਾਈ, ਜਿਸ ਲਈ ਉਨ੍ਹਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਰੁੜਕੀ-ਚਨਾਰਥਲ-ਟੌਹੜਾ-ਤਰਖੇੜੀ ਸੜਕ ਦਾ 08 ਕਰੋੜ ਤੋਂ ਵੱਧ ਦੀ ਲਾਗਤ ਨਾਲ ਕਾਇਆ ਕਲਪ ਕੀਤੀ ਜਾ ਰਹੀ ਹੈ ਤੇ ਇਹ ਸੜਕ ਮਰਹੂਮ ਜਥੇਦਾਰ ਸ. ਗੁਰਚਰਨ ਸਿੰਘ ਟੌਹੜਾ ਨੂੰ ਸਮਰਪਿਤ ਕੀਤੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਚਨਾਰਥਲ ਕਲਾਂ ਦੀ ਪੰਚਾਇਤ ਵੱਲੋਂ ਸ਼ੁਕਰਾਨੇ ਵਜੋਂ ਕਰਵਾਏ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੁੰਦਿਆਂ ਕੀਤਾ।ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਨਾਗਰਾ ਨੇ ਕਿਹਾ ਕਿ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਪਿੰਡ ਚਨਾਰਥਲ ਕਲਾਂ ਦੇ ਸਰਪੰਚ ਦੀ ਚੋਣ ਹੋਈ ਹੈ ਤੇ ਜਿੰਨੇ ਵੱਡੇ ਫ਼ਰਕ ਨਾਲ ਜਿਤਾ ਕੇ ਲੋਕਾਂ ਨੇ ਪੰਚਾਇਤ ਨੂੰ ਜ਼ਿੰਮੇਵਾਰੀ ਸੌਂਪੀ ਹੈ, ਓਨੀ ਹੀ ਸ਼ਿੱਦਤ ਨਾਲ ਹੁਣ ਪੰਚਾਇਤ ਪਿੰਡ ਦੇ ਵਿਕਾਸ ਲਈ ਕੰਮ ਕਰ ਕੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ ਤੇ ਪਿੰਡ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿੰਡ ਵਿਚਲੇ ਮਾਰਕੀਟ ਕਮੇਟੀ ਦੇ ਦਫ਼ਤਰ ਦੀ ਇਮਾਰਤ ਦਾ ਨਵਨਿਰਮਾਣ ਕੀਤਾ ਜਾਵੇਗਾ ਅਤੇ ਪਿੰਡ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਸੀਚੇਵਾਲ ਮਾਡਲ ਮੁਤਾਬਕ 25 ਪਿੰਡਾਂ 'ਤੇ ਆਧਾਰਤ ਪਾਇਲਟ ਪ੍ਰੋਜੈਕਟ ਤਹਿਤ ਕੰਮ ਚੱਲ ਰਿਹਾ ਹੈ ਤੇ ਪਿੰਡ ਦਾ ਸੁੰਦਰੀਕਰਨ ਵੀ ਕੀਤਾ ਜਾਣਾ ਹੈ। ਇਸ ਪਿੰਡ ਵੱਲ ਆਉਂਦੀਆਂ ਲਿੰਕ ਸੜਕਾਂ ਦੀ ਪਹਿਲਾਂ ਹੀ ਕਾਇਆ ਕਲਪ ਕਰਵਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਿੰਡ ਚਨਾਰਥਲ ਕਲਾਂ ਤੇ ਚਲਾਰਥਲ ਖੁਰਦ ਦੇ ਲੋਕਾਂ ਲਈ ਇੱਕ ਕਮਿਊਨਿਟੀ ਸੈਂਟਰ ਵੀ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਵੱਖ ਵੱਖ ਸਮਾਗਮ ਕਰਨ ਲਈ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਇਸ ਤੋਂ ਇਲਾਵਾ ਪਿੰਡਾਂ ਦੇ ਨੌਜਵਾਨਾਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਖੇਡਾਂ ਸਬੰਧੀ ਲੋੜੀਂਦੀਆਂ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।ਸ. ਨਾਗਰਾ ਨੇ ਕਿਹਾ ਕਿ ਵਿਕਾਸ ਸਬੰਧੀ ਪਿੰਡ ਵਿਚਲੇ ਜੋ ਵੀ ਕਾਰਜ ਬਕਾਇਆ ਹਨ, ਉਹ ਛੇਤੀ ਤੋਂ ਛੇਤੀ ਪੂਰੇ ਕੀਤੇ ਜਾਣਗੇ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਦੇ ਸਰਬਪੱਖੀ ਵਿਕਾਸ ਲਈ ਪਿੰਡ ਦੀ ਪੰਚਾਇਤ ਨੂੰ ਪੂਰਾ ਸਹਿਯੋਗ ਦੇਣ। ਵਿਧਾਇਕ ਨਾਗਰਾ ਵੱਲੋਂ ਮੈਂਬਰ ਬਲਾਕ ਸੰਮਤੀ ਲਖਵਿੰਦਰ ਸਿੰਘ ਲੱਖੀ, ਸਰਪੰਚ ਜਗਦੀਪ ਸਿੰਘ ਨੰਬਰਦਾਰ, ਠੇਕੇਦਾਰ ਅਵਤਾਰ ਸਿੰਘ, ਠੇਕੇਦਾਰ ਪਰਮਜੀਤ ਸਿੰਘ, ਸੁਖਜਿੰਦਰ ਕੌਰ, ਦਲਜੀਤ ਕੌਰ, ਸਰਬਜੀਤ ਕੌਰ, ਬਖਸ਼ੀਸ਼ ਕੌਰ, ਗੁਰਸੇਵਕ ਸਿੰਘ ਸੋਨੀ, ਕਰਮਜੀਤ ਸਿੰਘ, ਰਣਜੀਤ ਸਿੰਘ (ਸਾਰੇ ਪੰਚ) ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਬਾਵਾ, ਇੰਦਰਪਾਲ ਸਿੰਘ, ਸੁਖਰਾਜ ਸਿੰਘ ਰਾਜਾ, ਪਰਮਵੀਰ ਸਿੰਘ ਟਿਵਾਣਾ, ਪਰਮਿੰਦਰ ਸਿੰਘ ਨੋਨੀ, ਦਵਿੰਦਰ ਸਿੰਘ ਸਰਪੰਚ ਜੱਲ੍ਹਾ, ਕ੍ਰਿਸ਼ਨ ਲਾਲ, ਗੁਰਕ੍ਰਿਪਾਲ ਸਿੰਘ ਕੁੱਕੂ, ਪ੍ਰਦੀਪ ਸਿੰਘ, ਮਨਪ੍ਰੀਤ ਸਿੰਘ, ਕੁਲਵੰਤ ਸਿੰਘ, ਜੋਗਿੰਦਰ ਸਿੰਘ, ਭਰਪੂਰ ਸਿੰਘ ਆਦਿ ਹਾਜ਼ਰ ਸਨ।