ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਗੁਰੂ ਨਗਰੀ ਵਿਚ ਪਾਣੀ ਦੀਆਂ ਕੀਮਤਾਂ ਵਿਚ ਕੀਤੇ ਅਥਾਹ ਵਾਧੇ ਕਾਰਨ ਸਮੁੱਚੇ ਸ਼ਹਿਰਵਾਸੀਆਂ ਵਿਚ ਸਰਕਾਰ ਖਿਲਾਫ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸੇ ਤਹਿਤ ਅੱਜ ਗੁਰੂ ਨਗਰੀ ਦੇ ਸਮੂਹ ਵਾਸੀਆਂ ਵਲੋਂ ਪਾਣੀ ਦੇ ਵਧਾਏ ਰੇਟਾਂ ਦੇ ਰੋਸ ਵਜੋਂ ਵਿਸ਼ਾਲ ਰੋਸ ਮਾਰਚ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸ਼ਹਿਰ ਦੀਆਂ ਵੱਖ-ਵੱਖ ਜੱਥੇਬੰਦੀਆਂ ਸਮੇਤ ਵੱਡੀ ਗਿਣਤੀ ਵਿਚ ਸ਼ਹਿਰਵਾਸੀਆਂ ਨੇ ਸ਼ਮੂਲੀਅਤ ਕੀਤੀ ਅਤੇ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਵੀ ਕੀਤੀ। ਇਹ ਰੈਲੀ ਸਥਾਨਕ ਚੋਈ ਬਜ਼ਾਰ ਤੋਂ ਸ਼ੁਰੂ ਹੋਕੇ ਮੇਨ ਬਜ਼ਾਰ ਤੋਂ ਹੁੰਦੀ ਹੋਈ ਭਗਤ ਰਵਿਦਾਸ ਚੌਂਕ ਵਿਖੇ ਪਹੁੰਚੀ ਜਿੱਥੇ ਉੱਘੇ ਅਕਾਲੀ ਆਗੂ ਮਨਜਿੰਦਰ ਸਿੰਘ ਬਰਾੜ, ਸਮਾਜਸੇਵੀ ਤਰਲੋਚਨ ਸਿੰਘ ਚੱਠਾ, ਸਾਬਕਾ ਨਗਰ ਕੌਂਸਲ ਪ੍ਰਧਾਨ ਮਹਿੰਦਰ ਸਿੰਘ, ਜੱਥੇ:ਸੰਤੋਖ ਸਿੰਘ, ਮੁਲਾਜ਼ਮ ਆਗੂ ਜੈਮਲ ਸਿੰਘ ਭੜੀ ਸਮੇਤ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਵਲੋਂ ਪਾਣੀ ਅਤੇ ਸੀਵਰੇਜ ਦੇ ਵੱਧੇ ਰੇਟਾਂ ਦੇ ਚੱਲਦਿਆਂ ਸਰਕਾਰ ਖਿਲਾਫ ਜੰਮਕੇ ਭੜਾਸ ਕੱਢੀ ਗਈ ਅਤੇ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਆਗੂ ਜਸਵੀਰ ਸਿੰਘ ਜੱਸੂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਨੂੰ ਦਿੱਲੀ ਦੀ ਤਰਜ਼ ਤੇ ਮੁਫਤ ਪਾਣੀ ਦੇਣਾ ਚਾਹੀਦਾ ਹੈ। ਇਸਤੋਂ ਉਪਰੰਤ ਇਹ ਰੈਲੀ ਐਸ ਡੀ ਐਮ ਦਫਤਰ ਵਿਖੇ ਪਹੁੰਚੀ ਜਿੱਥੇ ਸ਼ਹਿਰਵਾਸੀਆਂ ਵਲੋਂ ਐਸ ਡੀ ਐਮ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਉਹਨਾਂ ਸਰਕਾਰ ਨੂੰ ਮੰਗ ਕਰਦਿਆਂ ਕਿਹਾ ਕਿ ਜਲ-ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਜੋ ਪਾਣੀ ਅਤੇ ਸੀਵਰੇਜ ਦੇ ਬਿੱਲ ਭੇਜੇ ਗਏ ਹਨ ਉਹਨਾਂ ਵਿਚ ਪਹਿਲੇ ਰੇਟਾਂ ਅਨੂਸਾਰ ਹੁਣ ਤਿੰਨ ਗੁਣਾ ਵੱਧ ਰੇਟ ਲਗਾਕੇ ਬਿੱਲ ਭੇਜੇ ਗਏ ਹਨ। ਜਿਸ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੇ ਨਿਵਾਸੀਆਂ ਤੇ ਬਹੁਤ ਵੱਡਾ ਆਰਥਿਕ ਬੌਝ ਪਾਇਆ ਗਿਆ ਹੈ ਇਸ ਧਾਰਮਿਕ ਤੇ ਪਵਿੱਤਰ ਨਗਰੀ ਦੇ ਨਿਵਾਸੀ ਵੱਡੀ ਰਕਮ ਦੇ ਬਿੱਲ ਦੇਣ ਤੋਂ ਅਸਮਰੱਥ ਹਨ। ਇੱਕੋ ਸਮੇਂ ਰੇਟਾਂ ਵਿਚ ਤਿੰਨ ਗੁਣਾ ਵਾਧਾ ਕਰ ਦੇਣਾ ਸ਼ਹਿਰ ਨਿਵਾਸੀਆਂ ਨਾਲ ਧੱਕਾ ਹੈ। ਪਾਣੀ ਹੀ ਇਕ ਅਜਿਹੀ ਵਸਤੂ ਹੈ ਜਿਸਨੂੰ ਮਨੁੱਖ ਦੀ ਮੁਢਲੀ ਲੋੜ ਸਮਝਦੇ ਹੋਏ ਸਰਕਾਰ ਵਲੋਂ ਪਾਣੀ ਨੂੰ ਮੁਫਤ ਦਿੱਤਾ ਜਾਂਦਾ ਸੀ। ਇਸ ਮੌਕੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਗੁਰੂ ਨਗਰੀ ਵਿਚ ਵਧਾਏ ਪਾਣੀ ਤੇ ਸੀਵਰੇਜ ਦੇ ਰੇਟਾਂ ਨੂੰ ਮੁੜ ਵਿਚਾਰਿਆ ਜਾਵੇ ਅਤੇ ਵਧਾਏ ਰੇਟਾਂ ਨੂੰ ਵਾਪਿਸ ਲਿਆ ਜਾਵੇ। ਇਸ ਮੌਕੇ ਮਾ:ਹਰਜੀਤ ਸਿੰਘ ਅਚਿੰਤ, ਕੇ ਕੇ ਬੇਦੀ, ਬਲਰਾਮ ਪ੍ਰਾਸ਼ਰ ਗੰਨੂ, ਜਸਵੀਰ ਸਿੰਘ ਜੱਸੂ, ਹਰਤੇਗਵੀਰ ਸਿੰਘ ਤੇਗੀ, ਮਨਿੰਦਰਪਾਲ ਸਿੰਘ ਮਨੀ, ਮੋਹਣ ਸਿੰਘ ਕੈਂਥ, ਜਸਪ੍ਰੀਤ ਸਿੰਘ, ਤੇਜਿੰਦਰ ਸਿੰਘ ਚੰਨ, ਅਖਿਲ ਕੌਸ਼ਲ, ਸੰਜੇ ਆਂਗਰਾ, ਰਵੀ ਹੰਸ, ਮਨੋਜ ਗਾਂਧੀ, ਬੀਰਬਿਕਰਮਜੀਤ ਸਿੰਘ ਰਾਜਾ, ਜਤਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸ਼ਹਿਰਵਾਸੀ ਹਾਜ਼ਰ ਸਨ।