ਜਲੰਧਰ ਵਿਖੇ 143 ਵਰ੍ਹਿਆਂ ਤੋਂ ਲਗਾਤਾਰ ਹੁੰਦੇ ਆ ਰਹੇ ਭਾਰਤੀ ਸ਼ਾਸ਼ਤਰੀ ਸੰਗੀਤ ਦੇ ਅਹਿਮ ਅਤੇ ਦੁਨੀਆਂ ਇੱਕ ਪੁਰਾਣੇ ਮੇਲੇ ਸ੍ਰੀ ਬਾਬਾ ਹਰਿਵਲਬ ਸੰਗੀਤ ਸੰਮੇਲਨ ਦੇ ਸੁਨਹਿਰੀ ਇਤਿਹਾਸ ਦਾ ਵਰਨਣ ਕਰਦੀ ਸ੍ਰੀ ਰਾਕੇਸ਼ ਦਾਦਾ ਦੀ ਪੁਸਤਕ 'ਹਰਿਵਲਬ' ਇਥੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਕਾਲੀਦਾਸਾ ਆਡੀਟੋਰੀਅਮ ਵਿਖੇ ਜਾਰੀ ਕੀਤੀ ਗਈ। 400 ਪੰਨਿਆਂ ਦੀ ਇਸ ਖੂਬਸੂਰਤ ਪੁਸਤਕ ਦੀ ਘੁੰਡ ਚੁਕਾਈ ਦੀ ਰਸਮ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ, ਆਈ.ਜੀ. ਪਟਿਆਲਾ ਸ. ਏ.ਐਸ. ਰਾਏ, ਇਸ ਕਿਤਾਬ ਨੂੰ ਸਪਾਂਸਰ ਕਰਨ ਵਾਲੇ ਐਨ.ਆਰ.ਆਈ. ਸ. ਭੁਪਿੰਦਰ ਸਿੰਘ ਮੱਲੀ, ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ, ਸ. ਰਣਜੋਧ ਸਿੰਘ, ਉੱਘੇ ਗਾਇਕ ਸ੍ਰੀ ਸਰਦੂਲ ਸਿਕੰਦਰ, ਡਾ. ਨਿਵੇਦਿਤਾ ਸਿੰਘ ਆਦਿ ਸ਼ਖ਼ਸੀਅਤਾਂ ਨੇ ਅਦਾ ਕੀਤੀ।ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਵੱਲੋਂ ਕਰਵਾਏ ਇਸ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਜਿੱਥੇ ਇਸ ਪੁਸਤਕ ਹਰਿਵਲਬ ਨੂੰ ਤਿਆਰ ਕਰਨ ਵਾਲੀ ਸ਼ਖ਼ਸੀਅਤ ਦੀ ਮਿਹਨਤ ਨੂੰ ਮਾਨਤਾ ਦੇਵੇਗੀ ਉਥੇ ਹੀ ਇਸ ਬਹੁਮੁੱਲੀ ਪੁਸਤਕ ਦੇ ਸੁਨੇਹੇ ਨੂੰ ਸੰਗੀਤ ਪ੍ਰੇਮੀਆਂ ਤੱਕ ਵੀ ਪੁੱਜਦਾ ਕਰੇਗੀ। ਇਸ ਪੁਸਤਕ ਨੂੰ ਪੰਜਾਬੀ 'ਚ ਅਨੁਵਾਦ ਕਰਵਾਉਣ ਦਾ ਭਰੋਸਾ ਦਿੰਦਿਆਂ ਡਾ. ਘੁੰਮਣ ਨੇ ਕਿਹਾ ਕਿ ਹਰਿਵਲਬ ਸ਼ਾਸ਼ਤਰੀ ਸੰਗੀਤ ਦਾ ਇੱਕ ਵਡਮੁੱਲਾ ਤੇ ਅਮੀਰ ਖ਼ਜ਼ਾਨਾ ਹੈ, ਜਿਸਨੂੰ ਸ੍ਰੀ ਰਾਕੇਸ਼ ਦਾਦਾ ਨੇ ਸੰਗੀਤ ਪ੍ਰੇਮੀਆਂ ਦੇ ਸਾਹਮਣੇ ਲਿਆਂਦਾ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ ਤੇ ਇਹ ਪੁਸਤਕ ਵਿਦਿਆਰਥੀਆਂ ਲਈ ਇੱਕ ਪ੍ਰੇਰਣਾ ਸਾਬਤ ਹੋਵੇਗੀ ਅਤੇ ਨਾਲ ਹੀ ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਦੀ ਸਥਾਪਤੀ ਦੇ ਮੰਤਵ ਦੀ ਪੂਰਤੀ ਨੂੰ ਕਾਮਯਾਬ ਕਰਨ ਦਾ ਵੀ ਸਾਬਤ ਹੋਵੇਗੀ।ਇਸ ਮੌਕੇ ਵਿਸ਼ੇਸ ਤੌਰ 'ਤੇ ਪੁੱਜੇ ਆਈ.ਜੀ. ਪਟਿਆਲਾ ਸ. ਏ.ਐਸ. ਰਾਏ ਨੇ, ਸ੍ਰੀ ਰਾਕੇਸ਼ ਦਾਦਾ ਦੀ ਪੁਸਤਕ ਦੀ ਸ਼ਲਾਘਾ ਕਰਦਿਆਂ 'ਹਰਿਵਲਬ' ਨੂੰ ਸੰਗੀਤ ਦੀ ਇੱਕ ਅਮੀਰ ਵਿਰਾਸਤ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੀ ਅਮੀਰ ਵਿਰਾਸਤ ਤੇ ਕਲਾ ਨੂੰ ਸੰਭਾਲਣ ਲਈ ਯਤਨਸ਼ੀਲ ਹੈ। ਸ. ਰਾਏ ਨੇ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਹੋਰ ਗੁਰੂਆਂ ਦੀ ਬਾਣੀ ਦਾ ਜਿਕਰ ਕਰਦਿਆਂ ਕਿਹਾ ਕਿ ਸਿੱਖ ਧਰਮ ਦੀ ਨੀਂਹ ਹੀ ਸੰਗੀਤ 'ਤੇ ਅਧਾਰਤ ਗੁਰਬਾਣੀ 'ਤੇ ਟਿਕੀ ਹੋਈ ਹੈ ਜੋਕਿ ਸਾਨੂੰ ਜਿਊਣ ਦਾ ਮਕਸਦ ਦੱਸਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਰਾਕੇਸ਼ ਦਾਦਾ ਦੀ ਇਸ ਪੁਸਤਕ ਜਿਥੇ ਸੰਗੀਤ ਪ੍ਰੇਮੀਆਂ ਲਈ ਇਹ ਪੁਸਤਕ ਵਡਮੁੱਲੀ ਸਾਬਤ ਹੋਵੇਗੀ।
ਇਸ ਮੌਕੇ ਇਸ ਪੁਸਤਕ ਦੇ ਲਿਖਾਰੀ ਸ੍ਰੀ ਰਾਕੇਸ਼ ਦਾਦਾ ਨੇ ਇਸ ਪੁਸਤਕ ਨੂੰ ਹੋਂਦ 'ਚ ਲਿਆਉਣ ਬਾਬਤ ਕੀਤੀ ਮਿਹਨਤ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸ੍ਰੀ ਬਾਬਾ ਹਰਿਵਲਬ ਸੰਗੀਤ ਸੰਮੇਲਨ ਸੰਗੀਤ ਪ੍ਰੇਮੀਆਂ ਲਈ ਇੱਕ ਮੱਕਾ ਬਣ ਚੁੱਕਾ ਹੈ। ਸ੍ਰੀ ਦਾਦਾ ਨੇ ਕਿਹਾ ਕਿ ਸੰਗੀਤ ਪੰਜਾਬ ਦੀ ਅਮੀਰ ਵਿਰਾਸਤ ਦਾ ਇੱਕ ਅਹਿਮ ਹਿੱਸਾ ਹੈ ਅਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਹਰਿਵਲਬ ਸੰਗੀਤ ਸੰਮੇਲਨ ਪੰਜਾਬ 'ਚ ਹੁੰਦਾ ਹੈ ਤੇ ਇਸਨੂੰ ਅਜੇ ਕੁਲ ਦੁਨੀਆਂ ਤੱਕ ਪਹੁੰਚਾਉਣ ਦੀ ਲੋੜ ਹੈ।ਇਸ ਪੁਸਤਕ ਨੂੰ ਸਪਾਂਸਰ ਕਰਨ ਵਾਲੇ ਉੱਘੇ ਐਨ.ਆਰ.ਆਈ. ਤੇ ਵਿਰਾਸਤ ਫਾਊਂਡੇਸ਼ਨ, ਸਾਊਥ ਏਸ਼ੀਅਨ ਰੀਵਿਯੂ ਤੇ ਜੀਵੇ ਪੰਜਬ ਅਦਬੀ ਸੰਗਤ ਕੈਨੇਡਾ ਤੋਂ ਸ੍ਰੀ ਭੁਪਿੰਦਰ ਸਿੰਘ ਮੱਲੀ ਨੇ ਇਸ ਪੁਸਤਕ ਦੀ ਸ਼ਲਾਘਾ ਕਰਦਿਆਂ ਭਾਵੁਕ ਹੁੰਦਿਆਂ ਕਿਹਾ ਕਿ ਇਹ ਸਮੁੱਚਾ ਕਾਰਜ ਉਨ੍ਹਾਂ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਨੂੰ ਸਮਰਪਿਤ ਕੀਤਾ ਹੈ ਤੇ ਉਹ ਇਸ ਧਰਤੀ ਨੂੰ ਝੁਕ ਕੇ ਸਲਾਮ ਕਰਦੇ ਹਨ।ਉੱਘੇ ਗਾਇਕ ਸ੍ਰੀ ਸਰਦੂਲ ਸਿਕੰਦਰ ਨੇ ਮੌਜੂਦਾ ਸਮੇਂ ਪੰਜਾਬੀ ਸੰਗੀਤ ਦੇ ਨਾਮ 'ਤੇ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਦੀ ਹਾਲਤ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਪੁਸਤਕ ਨੂੰ ਸ਼ਲਾਘਾ ਯੋਗ ਉਪਰਾਲਾ ਦੱਸਿਆ ਤੇ ਕਿਹਾ ਕਿ ਹਰਿਵਲਬ 'ਤੇ ਜਾ ਕੇ ਹੀ ਕਿਸੇ ਸ਼ਾਸ਼ਤਰੀ ਸੰਗੀਤ ਗਾਇਕ ਦਾ ਗਾਇਆ ਪ੍ਰਵਾਨ ਚੜ੍ਹਦਾ ਹੈ। ਉਨ੍ਹਾਂ ਕਿਹਾ ਕਿ ਹਰਿਵਲਬ ਦੀ ਅਮੀਰ ਵਿਰਾਸਤ ਨੂੰ ਰਿਕਾਰਡ ਕਰਨਾ ਜਰੂਰੀ ਸੀ, ਜਿਸ ਲਈ ਸ੍ਰੀ ਰਾਕੇਸ਼ ਦਾਦਾ ਵਧਾਈ ਦੇ ਪਾਤਰ ਹਨ। ਉਨ੍ਹਾਂ ਨੇ ਇਸ ਮੌਕੇ ਵਾਰਸ ਸ਼ਾਹ ਦੀ 'ਹੀਰ' ਦੀਆਂ ਕੁੱਝ ਸਤਰਾਂ ਗਾ ਕੇ ਸਰੋਤਿਆਂ ਨੂੰ ਸ਼ਰਸ਼ਾਰ ਵੀ ਕੀਤਾ।ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਤੋਂ ਉੱਘੀ ਗਾਇਕਾ ਡਾ. ਨਿਵੇਦਿਤਾ ਸਿੰਘ ਨੇ ਇਸ ਪੁਸਤਕ ਅਤੇ ਸ਼ਾਸ਼ਤਰੀ ਸੰਗੀਤ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਲੁਧਿਆਣਾ ਤੋਂ ਪੁੱਜੇ ਉੱਘੇ ਫੋਟੋਗ੍ਰਾਫ਼ਰ ਤੇ ਆਰਟਿਸਟ ਸ. ਰਣਜੋਧ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਜਦੋਂਕਿ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਤੋਂ ਪ੍ਰੋਗਰਾਮ ਅਫ਼ਸਰ ਸ੍ਰੀ ਰਵਿੰਦਰ ਸ਼ਰਮਾ ਨੇ ਸਭਨਾ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ ਪੁਸਤਕ 'ਚ ਹਰਿਵਲਬ ਸੰਗੀਤ ਸੰਮੇਲਨ ਨੂੰ ਪੰਜਾਬ ਦੇ ਕਾਲੇ ਦਿਨਾਂ ਦੌਰਾਨ ਵੀ ਚਲਦਾ ਰੱਖਣ ਲਈ ਐਨ.ਜੈਡ.ਸੀ.ਸੀ. ਨੇ ਭਰਪੂਰ ਯੋਗਦਾਨ ਪਾਇਆ ਸੀ। ਉਨ੍ਹਾਂ ਨੇ ਸ੍ਰੀ ਸਰਦੂਲ ਸਿਕੰਦਰ ਨੂੰ ਪਦਮ ਸ੍ਰੀ ਅਵਾਰਡ ਦੇਣ ਦੀ ਵੀ ਜ਼ੋਰਦਾਰ ਮੰਗ ਉਠਾਈ। ਜਦੋਂਕਿ ਪਟਿਆਲਾ ਘਰਾਣੇ ਦੇ ਡਾ. ਜਗਮੋਹਨ ਸ਼ਰਮਾ ਦੇ ਸ਼ਾਗਿਰਦ ਸ੍ਰੀ ਸਤਪਿੰਦਰ ਸਿੰਘ ਨੇ ਤਬਲਾ ਸੋਲੋ ਦੀ ਦਿਲਕਸ਼ ਪੇਸ਼ਕਾਰੀ ਦਿੱਤੀ। ਮੰਚ ਸੰਚਾਲਣ ਪ੍ਰੋ. ਐਸ.ਸੀ. ਸ਼ਰਮਾ ਨੇ ਦਿਲਕਸ਼ ਅੰਦਾਜ 'ਚ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਸੁਰਿੰਦਰ ਕਪਿਲਾ, ਡਾ. ਡੇਜ਼ੀ ਵਾਲੀਆ, ਡਾ. ਸਤੀਸ਼ ਕੁਮਾਰ ਵਰਮਾ, ਡਾ. ਕਮਲੇਸ਼ ਉਪਲ, ਕੌਂਸਲਰ ਸ੍ਰੀ ਹਰਵਿੰਦਰ ਸਿੰਘ ਨਿੱਪੀ ਤੇ ਸ੍ਰੀ ਵਿਜੇ ਕੂਕਾ, ਸ੍ਰੀਮਤੀ ਪਰਮਿੰਦਰ ਪਾਲ ਕੌਰ, ਡਾ. ਜਗਮੋਹਨ ਸ਼ਰਮਾ, ਸ੍ਰੀ ਗੋਬਿੰਦਰ ਸੋਹਲ, ਡਾ. ਲੱਖਾ ਲਹਿਰੀ, ਡਾ. ਇੰਦਰਜੀਤ ਕੌਰ, ਸ੍ਰੀ ਅਵਤਾਰ ਸਿੰਘ ਅਰੋੜਾ, ਸ. ਉਜਾਗਰ ਸਿੰਘ, ਸ੍ਰੀ ਰਾਜੇਸ਼ ਸ਼ਰਮਾ, ਸ੍ਰੀ ਐਸ.ਆਰ. ਸ਼ਰਮਾ, ਸ੍ਰੀ ਗੋਪਾਲ ਸ਼ਰਮਾ, ਡਾ. ਅਖਿਲੇਸ਼ ਹੈਪੀ, ਸੇਠ ਸ਼ਾਮ ਲਾਲ, ਡਾ. ਮੁਜ਼ਤਬਾ ਹੁਸੈਨ, ਸ੍ਰੀ ਗਿਆਨੇਸ਼ਵਰ ਪੰਜੋਲਾ, ਸ੍ਰੀ ਪ੍ਰੇਮ ਸ਼ਰਮਾ ਐਨ.ਆਈ.ਐਸ. ਪ੍ਰੋ. ਕੇ.ਕੇ. ਮੋਦਗਿਲ ਸਮੇਤ ਵੱਡੀ ਗਿਣਤੀ ਹੋਰ ਸ਼ਖ਼ਸੀਅਤਾਂ ਮੌਜੂਦ ਸਨ।