ਸਰਕਾਰ ਦੀਆਂ ਲਾਭਕਾਰੀ ਯੋਜਨਾਵਾਂ ਦੇ ਵੱਧ ਤੋਂ ਵੱਧ ਪ੍ਰਚਾਰ ਅਤੇ ਉਨ੍ਹਾਂ ਦਾ ਲਾਹਾ ਲੈਣ ਲਈ ਹਰ ਇਕ ਵਿਅਕਤੀ ਨੂੰ ਇਨ੍ਹਾਂ ਬਾਰੇ ਜਾਣਕਾਰੀ ਨੂੰ ਹੋਰਨਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਯੋਜਨਾਵਾਂ ਦਾ ਲਾਭ ਜ਼ਰੂਰਤਮੰਦ ਵਿਅਕਤੀਆਂ ਤੱਕ ਪਹੁੰਚ ਸਕੇ।ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੀ ਅੰਮ੍ਰਿਤਸਰ ਸਥਿਤ ਫੀਲਡ ਆਉਟਰੀਚ ਬਿਓਰੋ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਇਕ ਜਾਗਰੂਕਤਾ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਬੋਲਦਿਆਂ ਸ੍ਰੀ ਰਜਤ ਓਬਰਾਏ ਐਸ.ਡੀ.ਐਮ. ਅਜਨਾਲਾ ਨੇ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮਾਂ ਵਿਚ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀਆਂ ਲੈਣ ਵਾਲਿਆਂ ਨੂੰ ਇਨਾਂ ਜਾਣਕਾਰੀਆਂ ਨੂੰ ਹੋਰਨਾਂ ਨਾਲ ਵੀ ਸਾਂਝਾ ਕਰਨਾ ਚਾਹੀਦਾ ਹੈ।ਇਸ ਪ੍ਰੋਗਰਾਮ ਦੌਰਾਨ ਮਹਿਲਾਵਾਂ ਲਈ ਕੇਂਦਰ ਵਲੋਂ ਉਲੀਕੀਆਂ ਗਈਆਂ ਯੋਜਨਾਵਾਂ ਜਿਵੇਂ ਕਿ ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਬੇਟੀ ਬਚਾਓ ਬੇਟੀ ਪੜ੍ਹਾਓ, ਪ੍ਰਧਾਨ ਮੰਤਰੀ ਸੁਕੰਨਿਆ ਸਮਰਿਧੀ ਯੋਜਨਾ ਅਤੇ ਗਰਭਵਤੀ ਮਹਿਲਾਵਾਂ ਲਈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਯੋਜਨਾਵਾਂ ਬਾਰੇ ਜਾਣਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਹੇਠ 8 ਲਾਭਪਾਤਰੀਆਂ ਨੂੰ ਗੈਸ-ਕੁਨੈਕਸ਼ਨ ਵੰਡੇ ਗਏ।
ਅਜਨਾਲਾ ਦੇ ਸੀਡੀਪੀਓ ਸ: ਜਸਪ੍ਰੀਤ ਸਿੰਘ ਵਿਸ਼ੇਸ਼ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਬੇਟੀ ਬਚਾਓ, ਬੇਟੀ ਪੜ੍ਹਾਓ ਬਾਰੇ ਬੋਲਦਿਆਂ ਕਿਹਾ ਕਿ ਸਮਾਜ ਵਿਚ ਸੁਧਾਰ ਅਤੇ ਤਰੱਕੀ ਲਈ ਬੇਟੀਆਂ ਨੂੰ ਬਚਾਉਣ ਤੇ ਪੜ੍ਹਾਉਣ ਲਈ ਹਰ ਇਕ ਵਸੀਲਾ ਕਰਨਾ ਚਾਹੀਦਾ ਹੈ ਤਾਂਕਿ ਇਕ ਚੰਗਾ ਸਮਾਜ ਸਿਰਜਿਆ ਜਾਏ। ਉਨਾਂ ਨੇ ਘਰੇਲੂ ਹਿੰਸਾ ਅਤੇ ਕੰਮਕਾਜ ਦੀ ਥਾਂ 'ਤੇ ਮਹਿਲਾਵਾਂ ਦੇ ਸ਼ੋਸ਼ਣ ਨੂੰ ਰੋਕਣ ਬਾਰੇ ਵੀ ਚਾਣਨਾ ਪਾਇਆ।ਅੰਮ੍ਰਿਤਸਰ ਲੀਡ ਬੈਂਕ ਦੇ ਅਜਨਾਲਾ ਦੇ ਸੀਨੀਅਰ ਮੈਨੇਜਰ ਰਾਜ ਕੁਮਾਰ ਨੇ ਉਥੇ ਆਏ ਲੋਕਾਂ ਨੂੰ ਸੁਕੰਨਿਆ ਸਮਰਿਧੀ ਯੋਜਨਾਂ ਸਮੇਤ ਜਨ-ਧਨ ਯੋਜਨਾਵਾਂ ਬਾਰੇ ਦੱਸਿਆ। ਉਨਾਂ ਦੇ ਬੈਕਾਂ ਚੋ ਕਰਜਾ ਲੈ ਕੇ ਆਪਣਾ ਕੰਮ ਕਾਜ ਸ਼ੁਰੂ ਕਰਨ ਬਾਰੇ ਸਵਾਲ ਦੇ ਜਵਾਬ ਵੀ ਦਿੱਤਾ।ਡਾ. ਵਰਿੰਦਰ ਕੌਰ ਨੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਯੋਜਨਾ ਸਮੇਤ ਜਨ-ਧਨ ਦੀ ਸਿਹਤ ਅਤੇ ਨੌਜਵਾਨ ਮਾਵਾਂ ਨੂੰ ਆਪਣੇ ਖਾਨ-ਪਾਨ 'ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।ਪ੍ਰਧਾਨ ਮੰਤਰੀ ਉਜਵਲਾ ਯੋਜਨਾ ਬਾਰੇ ਖੁਰਾਕ ਅਤੇ ਸਿਵਲ ਸਪਲਾਈ ਮਹਿਕਮੇ ਦੇ ਨੁਮਾਇੰਦੇ ਰਾਘਵ ਜੈਲੀ ਨੇ ਇਸ ਯੋਜਨਾਂ ਦਾ ਲਾਭ ਲੈਣ ਲਈ ਜਾਣਕਾਰੀ ਸਾਂਝੀਆਂ ਕਰਦਿਆਂ ਇਸ ਬਾਰੇ ਵੀ ਲੋਕਾਂ ਨੂੰ ਦੱਸਿਆ ਫੀਲਡ ਆਉਟਰੀਚ ਬਿਓਰੋ ਦੇ ਫੀਲਡ ਪਬਲਿਸਿਟੀ ਅਧਿਕਾਰੀ ਰਾਜੇਸ਼ ਬਾਲੀ ਨੇ ਇਨ੍ਹਾਂ ਯੋਜਨਾਵਾਂ ਨੂੰ ਹਰ ਇਕ ਲੋੜਵੰਦ ਵਿਅਕਤੀ ਤੱਕ ਪਹੁੰਚਾਉਣ ਲਈ ਵੱਖ-ਵੱਖ ਵਿਭਾਗ ਤੋਂ ਆਏ ਨੁਮਾਇੰਦਿਆਂ ਨੂੰ ਪੂਰੇ ਯਤਨ ਕਰਨ ਦਾ ਸੱਦਾ ਦਿੱਤਾ।