ਨਾਲਸਾ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾ ਅਨੁਸਾਰ ਸ੍ਰੀਮਤੀ ਸੁਖਵਿੰਦਰ ਕੌਰ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ ਦੁਆਰਾ ਨਾਲਸਾ ਦੀਆਂ ਵੱਖ-ਵੱਖ ਸਕੀਮਾਂ ਦਾ ਪ੍ਰਚਾਰ ਕਰਨ ਸਬੰਧੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਐਸ.ਐਮ.ਐਲ. ਵੈਨ ਨੂੰ ਹਰੀ ਝੰਡੀ ਦੇਕੇ ਰਵਾਨਾ ਕੀਤਾ ਗਿਆ।ਇਸ ਦਾ ਮੰਤਵ ਆਮ ਜਨਤਾ ਤੱਕ ਹਰ ਤਰ੍ਹਾਂ ਦੀ ਕਾਨੂੰਨੀ, ਨਾਲਸਾ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹਿਆਂ ਲਾਭਪਾਤਰੀ ਸਕੀਮਾਂ ਬਾਰੇ ਜਾਣਕਾਰੀ ਪਹੁੰਚਾਉਣਾ ਹੈ ਤਾਂ ਕਿ ਕੋਈ ਵੀ ਵਿਅਕਤੀ ਉਸ ਨੂੰ ਪ੍ਰਾਪਤ ਲਾਭ ਤੋਂ ਵਾਂਝਾ ਨਾ ਰਹਿ ਸਕੇ ਅਤੇ ਸਮੇਂ ਸਿਰ ਬਣਦਾ ਲਾਭ ਉਠਾ ਸਕੇ। ਇਸ ਮੌਕੇ ਉਨ੍ਹਾਂ ਨਾਲ ਸ. ਪ੍ਰਿਤਪਾਲ ਸਿੰਘ, ਸਿਵਲ ਜੱਜ (ਸੀਨ.ਡਵੀਜ਼ਨ)/ਸੀ.ਜੇ.ਐਮ.-ਸਹਿਤ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਰਵੀ ਗੁਲਾਟੀ, ਸਿਵਲ ਜੱਜ (ਸੀਨ.ਡਵੀਜ਼ਨ) ਅਤੇ ਸ੍ਰੀ ਅਤੁਲ ਕੰਬੋਜ, ਸੀ.ਜੇ.ਐਮ. ਸ੍ਰੀ ਮੁਕਤਸਰ ਸਾਹਿਬ ਵੀ ਹਾਜਿਰ ਸਨ।
ਇਸ ਮੌਕੇ ਤੇ ਸ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਨਾਲਸਾ ਦੀਆਂ ਵੱਖ-ਵੱਖ ਸਕੀਮਾਂ ਦਾ ਪ੍ਰਚਾਰ ਕਰਨ ਸਬੰਧੀ ਵਕੀਲ ਸਾਹਿਬਾਨ ਅਤੇ ਪੈਰਾ ਲੀਗਲ ਵਲੰਟੀਅਰਜ਼ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾ ਵਿੱਚ ਅਤੇ ਜਨਤਕ ਸਥਾਨਾਂ ਤੇ ਕਾਨੂੰਨੀ ਜਾਗਰੂਕਤਾ ਦੇ ਸੈਮੀਨਾਰ ਆਯੋਜਿਤ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਕੋਈ ਵਿਅਕਤੀ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ ਦਾ ਮੈਂਬਰ, ਵੱਡੀ ਮੁਸੀਬਤ/ਕੁਦਰਤੀ ਆਫਤਾਂ ਦੇ ਮਾਰੇ, ਬੇਗਾਰ ਦਾ ਮਾਰਿਆ ਉਦਯੋਗਿਕ ਕਾਮੇ, ਇਸਤਰੀ ਬੱਚਾ ਹਵਾਲਾਤੀ ਅਤੇ ਕੈਦੀ ਮਾਨਸਿਕ ਰੋਗੀ/ਅਪੰਗ ਜਾ ਕੋਈ ਐਸਾ ਵਿਅਕਤੀ ਜਿਸਦੀ ਸਲਾਨਾ ਆਮਦਨ 3 ਲੱਖ ਤੋਂ ਵੱਧ ਨਾ ਹੋਵੇ; ਉਹ ਇੱਕ ਦਰਖਾਸਤ ਫਾਰਮ ਭਰ ਕੇ ਕਾਨੂੰਨੀ ਸਹਾਇਤਾ ਅਧੀਨ ਵਕੀਲ ਦੀਆਂ ਸੇਵਾਵਾਂ ਮੁਫਤ ਲੈ ਸਕਦਾ ਹੈ ਜਿਸ ਦਾ ਖ਼ਰਚਾ ਸੰਬੰਧਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਦਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ।