ਜ਼ਿਲਾ ਪ੍ਰਸਾਸ਼ਨ ਵੱਲੋਂ ਸ਼ੁਰੂ ਕੀਤੇ 'ਮੇਰਾ ਮੁਕਤਸਰ ਮੇਰਾ ਮਾਣ' ਅਭਿਆਨ ਤਹਿਤ ਅੱਜ ਨਗਰ ਕੋਂਸ਼ਲ ਵੱਲੋਂ ਸ਼ਹਿਰ ਵਾਸੀਆਂ ਨੂੰ ਪੋਲੀਥੀਨ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਅਤੇ ਸਵੱਛਤਾ ਸਰਵੇਖਣ 2019 ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਇਕ ਜਾਗਰੂਕਤਾ ਵੈਨ ਨੂੰ ਰਵਾਨਾ ਕੀਤਾ ਗਿਆ। ਇਸ ਵੈਨ ਨੂੰ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਕਿਹਾ ਕਿ ਪੋਲੀਥੀਨ ਸ਼ਹਿਰ ਦੀ ਸਫਾਈ ਵਿਵਸਥਾ ਲਈ ਵੀ ਵੱਡੀ ਚੁਣੌਤੀ ਹੈ ਅਤੇ ਇਸ ਕਾਰਨ ਵਾਤਾਵਰਨ ਨੂੰ ਵੀ ਵੱਡਾ ਨੁਕਸਾਨ ਹੁੰਦਾ ਹੈ। ਉਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਚੁਣੌਤੀ ਨਾਲ ਨਜਿੱਠਣ ਵਿਚ ਨਗਰ ਕੌਂਸਲ ਦਾ ਸਹਿਯੋਗ ਕਰਨ। ਉਨਾਂ ਨੇ ਕਿਹਾ ਕਿ ਅਸੀਂ ਬਾਜਾਰ ਜਾਂਦੇ ਸਮੇਂ ਕਪੜੇ ਦਾ ਥੈਲੇ ਨਾਲ ਲੈ ਕੇ ਜਾਈਏ ਤਾਂ ਇਸ ਨਾਲ ਪੋਲੀਥੀਨ ਦੀ ਵਰਤੋਂ ਘੱਟ ਹੋ ਸਕਦੀ ਹੈ। ਉਨਾਂ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਹਾਨੀਕਾਰਕ ਪੋਲੀਥੀਨ ਦੀ ਬਜਾਏ ਕਾਗਜ ਦੇ ਕਪੜੇ ਦੇ ਲਿਫਾਫੇ ਗ੍ਰਾਹਕਾਂ ਨੂੰ ਦੇਣ। ਉਨਾਂ ਨੇ ਕਿਹਾ ਕਿ ਜੋ ਕੋਈ ਵੀ ਪਾਬੰਦੀਸੁਦਾ ਲਿਫਾਫੇ ਵੇਚਦਾ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।ਇਸੇ ਤਰਾਂ ਉਨਾਂ ਨੇ ਸ਼ਹਿਰ ਵਾਸੀਆਂ ਨੂੰ ਸਵੱਛਤਾ ਸਰਵੇਖਣ 2019 ਬਾਰੇ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਇਸ ਸਰਵੇਖਣ ਵਿਚ ਭਾਗ ਲੈ ਰਿਹਾ ਹੈ। ਇਹ ਸਰਵੇਖਣ 4 ਜਨਵਰੀ 2019 ਨੂੰ ਸ਼ੁਰੂ ਹੋ ਰਿਹਾ ਹੈ। ਇਸ ਲਈ ਹਰ ਇਕ ਨਾਗਰਿਕ ਆਪਣੇ ਸ਼ਹਿਰ ਨੂੰ ਸਾਫ ਕਰਨ ਵਿਚ ਯੋਗਦਾਨ ਪਾਵੇ ਤਾਂ ਜੋ ਅਸੀਂ ਸਾਡੇ ਸ਼ਹਿਰ ਨੂੰ ਸਾਫ ਸੁਥਰੇ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਿਲ ਕਰ ਸਕੀਏ। ਉਨਾਂ ਨੇ ਕਿਹਾ ਕਿ ਲੋਕ ਭਾਗੀਦਾਰੀ ਬਿਨਾਂ ਇਹ ਸੰਭਵ ਨਹੀਂ ਹੈ। ਇਸ ਮੌਕੇ ਜ਼ਿਲਾ ਪ੍ਰਸਾਸ਼ਨ ਵੱਲੋਂ ਇਕ ਹੋਰ ਪਹਿਲਕਦਮੀ ਤਹਿਤ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇਕ ਡਸਟਬਿਨ ਲਗਾਇਆ ਗਿਆ ਹੈ ਜਿੱਥੇ ਦਫ਼ਤਰ ਦੇ ਕਰਮਚਾਰੀ ਆਪਣੇ ਘਰ ਤੋਂ ਲਿਆਂਦੇ ਪੋਲੀਥੀਨ ਦੇ ਲਿਫਾਫੇ ਸੁੱਟਿਆ ਕਰਣਗੇ ਜਿੰਨਾਂ ਨੂੰ ਨਿਪਟਾਰੇ ਲਈ ਨਗਰ ਕੌਂਸਲ ਨੂੰ ਭੇਜਿਆ ਜਾਵੇਗਾ। ਉਨਾਂ ਕਿਹਾ ਕਿ ਇੱਥੇ ਕੋਈ ਵੀ ਪੁਰਾਣੇ ਕਪੜੇ ਅਤੇ ਨਗਦ ਸਹਿਯੋਗ ਰਾਸ਼ੀ ਵਿਚ ਜ਼ਿਲਾ ਸਵੱਛਤਾ ਸੇਵਾ ਸੁਸਾਇਟੀ ਨੂੰ ਦਾਨ ਕਰ ਸਕਦਾ ਹੈ ਤਾਂ ਜੋ ਇੰਨਾਂ ਕਪੜਿਆਂ ਦੇ ਥੈਲੇ ਬਣਾ ਕੇ ਲੋਕਾਂ ਨੂੰ ਪੋਲੀਥੀਨ ਦੇ ਬਦਲ ਵਜੋਂ ਮੁਹਈਆ ਕਰਵਾਏ ਜਾ ਸਕਨ।ਇਸ ਮੌਕੇ ਜ਼ਿਲਾ ਪ੍ਰਸਾਸ਼ਨ ਵੱਲੋਂ ਦਿਵਾਲੀ ਮੌਕੇ ਡੀਸੀ ਦਫ਼ਤਰ ਦੀਆਂ ਵੱਖ ਵੱਖ ਬ੍ਰਾਂਚਾਂ ਵਿਚਕਾਰ ਕਰਵਾਏ ਦਫ਼ਤਰਾਂ ਦੀ ਸਵੱਛਤਾ ਮੁਕਾਬਲੇ ਦੇ ਜੇਤੂ ਕਰਮਚਾਰੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਸਮੂਹ ਸਟਾਫ ਨੇ ਪਲਾਸਟਿਕ ਦੀ ਵਰਤੋਂ ਘੱਟ ਕਰਨ ਦਾ ਪ੍ਰਣ ਵੀ ਲਿਆ। ਇਸ ਮੌਕੇ ਏ.ਡੀ.ਸੀ. ਜਨਰਲ ਡਾ: ਰਿਚਾ, ਸਹਾਇਕ ਕਮਿਸ਼ਨਰ ਜਨਰਲ ਵੀਰਪਾਲ ਕੌਰ ਅਤੇ ਨਗਰ ਕੋਂਸਲ ਦੇ ਪ੍ਰਧਾਨ ਹਰਪਾਲ ਸਿੰਘ ਬੇਦੀ ਵੀ ਹਾਜਰ ਸਨ।