ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਪਟਿਆਲਾ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਕੇਂਦਰ ਵਿਚਲੀ ਲੋਕ ਵਿਰੋਧੀ ਸਰਕਾਰ ਨੂੰ ਚਲਦਾ ਕਰਨ ਲਈ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਤਿਆਰ ਬਰ ਤਿਆਰ ਰਹਿਣ। ਸ੍ਰੀਮਤੀ ਪਰਨੀਤ ਕੌਰ ਜੋ ਆਪਣੀ ਰਿਹਾਇਸ਼ ਵਿਖੇ ਨਵੇਂ ਸਾਲ ਦੀ ਪੂਰਬ ਸੰਧਿਆ 'ਤੇ ਵਧਾਈ ਦੇਣ ਪੁੱਜੇ ਆਪਣੇ ਸਮਰਥਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਨੇ ਕਿਹਾ ਕਿ ਫਿਰਕੂ ਵੰਡੀਆਂ ਪਾਉਣ ਵਾਲੇ ਲੋਕਾਂ ਦੇ ਹੱਥਾਂ ਵਿੱਚ ਦੇਸ਼ ਦਾ ਭਵਿੱਖ ਸੁਰੱਖਿਅਤ ਨਹੀਂ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆ ਗਲਤ ਨੀਤੀਆਂ ਕਾਰਨ ਦੇਸ਼ ਦਾ ਕਿਸਾਨ, ਵਪਾਰੀ, ਮੁਲਾਜ਼ਮ, ਸਨਅਤਕਾਰ ਤੇ ਆਮ ਨਾਗਰਿਕ ਸਮੇਤ ਹਰੇਕ ਵਰਗ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਵਿੱਚ ਕੁਝ ਰਾਜਾ ਅੰਦਰ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਵੱਲੋਂ ਬੀ.ਜੇ.ਪੀ. ਖਿਲਾਫ਼ ਦਿੱਤਾ ਫਤਵਾ ਲੋਕਾਂ ਦੇ ਮਨਾਂ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਰੋਸ ਦੀ ਗਵਾਹੀ ਭਰਦਾ ਹੈ।ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਮਿਊਂਸੀਪਲ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਬਾਅਦ ਹੁਣ ਪੰਚਾਇਤ ਚੋਣਾਂ ਵਿੱਚ ਵੀ ਕਾਂਗਰਸ ਪਾਰਟੀ ਦੇ ਸਮਰਥਕ ਉਮੀਦਵਾਰਾਂ ਨੂੰ ਮਿਲੀ ਵੱਡੀ ਸਫਲਤਾ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀਆਂ ਪੰਜਾਬ ਤੇ ਲੋਕ ਪੱਖੀ ਨੀਤੀਆਂ ਦੀ ਪ੍ਰੋੜ੍ਹਤਾ ਕਰਦੀ ਹੈ।
ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਾਂਗਰਸ ਸਰਕਾਰ ਨੂੰ ਵਿਰਾਸਤ ਵਿੱਚ ਖਾਲੀ ਖਜ਼ਾਨਾ ਮਿੱਲਿਆ ਸੀ ਪਰ ਹੁਣ ਮੌਜੂਦਾ ਸਰਕਾਰ ਦੀ ਸੁਚੱਜੀ ਵਿਉਂਤਬੰਦੀ ਤੇ ਨੀਤੀਆਂ ਕਾਰਨ ਸੂਬੇ ਦੀ ਆਰਥਿਕਤਾ ਮੁੜ ਲੀਹ 'ਤੇ ਪੈਣੀ ਸ਼ੁਰੂ ਹੋ ਗਈ ਹੈ।ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਿਛਲੀ ਪੰਜਾਬ ਸਰਕਾਰ ਵੱਲੋਂ ਪਟਿਆਲਾ ਜ਼ਿਲ੍ਹੇ ਨੂੰ ਰਾਜਸੀ ਵਿਤਕਰੇ ਦਾ ਸ਼ਿਕਾਰ ਬਣਾਉਣ ਕਾਰਨ ਇਹ ਜ਼ਿਲ੍ਹਾ ਦੂਜੇ ਜ਼ਿਲ੍ਹਿਆਂ ਦੇ ਮੁਕਾਬਲੇ ਵਿਕਾਸ ਪੱਖੋਂ ਪੱਛੜ ਕੇ ਰਹਿ ਗਿਆ ਸੀ ਪਰ ਹੁਣ ਮੁੱਖ ਮੰਤਰੀ ਵੱਲੋਂ ਭੇਜੇ ਕਰੋੜਾਂ ਰੁਪਏ ਦੇ ਪ੍ਰੋਜੈਕਟਾਂ ਨਾਲ ਪਟਿਆਲਾ ਜ਼ਿਲ੍ਹੇ ਦੀ ਨੁਹਾਰ ਬਦਲਣੀ ਸ਼ੁਰੂ ਹੋ ਗਈ ਹੈ।ਅੱਜ ਸ੍ਰੀਮਤੀ ਪਰਨੀਤ ਕੌਰ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦੇਣ ਲਈ ਪੁੱਜੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕਾਂ ਵਿੱਚ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਸੁਰਿੰਦਰ ਸਿੰਘ ਘੁੰਮਣ, ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸ੍ਰੀ ਪ੍ਰੇਮ ਕਿਸ਼ਨ ਪੁਰੀ, ਕਾਂਗਰਸ ਦਿਹਾਤੀ ਦੇ ਪ੍ਰਧਾਨ ਸ੍ਰੀ ਹਰਦਿਆਲ ਸਿੰਘ ਕੰਬੋਜ, ਮਹਿਲਾਂ ਕਾਂਗਰਸ ਦੇ ਪ੍ਰਧਾਨ ਸ੍ਰੀਮਤੀ ਕਿਰਨ ਢਿਲੋ, ਯੂਥ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸ੍ਰੀ ਸੰਦੀਪ ਮਲਹੋਤਰਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ੍ਰੀ ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ੍ਰੀ ਰਾਜੇਸ਼ ਸ਼ਰਮਾ, ਬਲਾਕ ਪ੍ਰਧਾਨ ਸ੍ਰੀ ਅਨਿਲ ਮੰਗਲਾ, ਸ੍ਰੀ ਨਰੇਸ਼ ਦੁਗਲ, ਸ੍ਰੀ ਕੇ.ਕੇ. ਮਲਹੋਤਰਾ, ਸ੍ਰੀ ਸਚਿਨ ਸ਼ਰਮਾ, ਸ੍ਰੀ ਨੰਦ ਲਾਲ ਗਰਾਬਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਆਹੁਦੇਦਾਰ, ਸਮਰਥਕ ਤੇ ਵਰਕਰ ਵੀ ਹਾਜ਼ਰ ਸਨ।