ਪੰਜਾਬ 'ਚੋਂ ਕੁਪੋਸ਼ਣ ਤੇ ਭੁੱਖਮਰੀ ਦੇ ਪੂਰਨ ਤੌਰ 'ਤੇ ਖ਼ਾਤਮੇ ਲਈ ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਖ਼ਾਸ ਉਪਰਾਲੇ ਕੀਤੇ ਜਾਣਗੇ ਤਾਂ ਜੋ ਸੂਬੇ ਨੂੰ ਸਿਹਤ ਪੱਖੋਂ ਅੱਵਲ ਦਰਜੇ 'ਤੇ ਪਹੁੰਚਾਇਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਮਿਸ਼ਨ ਦੇ ਮੈਂਬਰ ਕੈਪਟਨ ਪ੍ਰੀਤਦੇਵ ਸਿੰਘ ਸ਼ੇਰਗਿੱਲ ਵੱਲੋਂ ਬਰਨਾਲਾ ਜ਼ਿਲ੍ਹੇ 'ਚ ਮਿਡ ਡੇਅ ਮੀਲ ਸਕੀਮ ਤੇ ਆਮ ਜਨਤਾ ਨੂੰ ਅਨਾਜ ਦੀ ਵੰਡ ਕਰਨ ਵਾਲੀਆਂ ਹੋਰਨਾਂ ਸਕੀਮਾਂ ਦੀ ਜਾਂਚ ਕਰਨ ਮੌਕੇ ਕੀਤਾ।ਇਸ ਮੌਕੇ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਕੈਪਟਨ ਸ਼ੇਰਗਿੱਲ ਵੱਲੋਂ ਜ਼ਿਲ੍ਹੇ ਦੇ 2 ਸਕੂਲਾਂ, ਗੁਰਸੇਵਕ ਨਗਰ ਤੇ ਸੰਧੂ ਪੱਤੀ ਅਤੇ ਗੁਰਸੇਵਕ ਨਗਰ ਵਿਚਲੇ ਆਂਗਨਵਾੜੀ ਕੇਂਦਰ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਮਿਸ਼ਨ ਸੂਬੇ ਵਿੱਚ ਨੈਸ਼ਨਲ ਫੂਡ ਸੇਫਟੀ ਐਕਟ (ਐਨ.ਐਫ.ਐਸ.ਏ.) ਦੀਆਂ ਧਾਰਾਵਾਂ ਨੂੰ ਲਾਗੂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਕੈਪਟਨ ਪ੍ਰੀਤਦੇਵ ਸਿੰਘ ਸ਼ੇਰਗਿੱਲ ਨੇ ਸਕੂਲਾਂ ਅਤੇ ਆਂਗਨਵਾੜੀਆਂ ਵਿੱਚ ਇਸ ਯੋਜਨਾ ਦੇ ਲਾਗੂਕਰਨ ਸਬੰਧੀ ਕੁਝ ਮਾਮੂਲੀ ਊਣਤਾਈਆਂ ਪਾਈਆਂ ਅਤੇ ਇਨ੍ਹਾਂ ਸਮੱÎਸਿਆਵਾਂ ਨੂੰ ਜਲਦੀ ਦੂਰ ਕਰਨ ਦਾ ਹੁਕਮ ਦਿੱਤਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖ਼ੁਰਾਕੀ ਵਸਤਾਂ ਦੇ ਭੰਡਾਰਨ, ਖਾਣਾ ਬਣਾਉਣ ਅਤੇ ਵਰਤਾਉਣ ਵੇਲੇ ਸਾਫ਼-ਸਫ਼ਾਈ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸਕੂਲਾਂ ਤੇ ਆਂਗਨਵਾੜੀ ਕੇਂਦਰਾਂ 'ਚ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਪਛਾਣ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਸੰਤੁਲਤ ਭੋਜਨ ਮੁਹੱਈਆ ਕਰਵਾ ਕੇ ਉਨ੍ਹਾਂ ਦੀ ਸਿਹਤ 'ਚ ਸੁਧਾਰ ਲਿਆਂਦਾ ਜਾ ਸਕੇ।ਕੈਪਟਨ ਸ਼ੇਰਗਿੱਲ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਨਾਜ ਦੀ ਵੰਡ ਜਾਂ ਬੱਚਿਆਂ ਨੂੰ ਦਿੱਤੇ ਜਾ ਰਹੇ ਖਾਣੇ ਸਬੰਧੀ ਕਿਸੇ ਵੀ ਸ਼ਿਕਾਇਤ ਲਈ ਵਧੀਕ ਡਿਪਟੀ ਕਮਿਸ਼ਨਰ ਜਾਂ ਕਮਿਸ਼ਨ ਕੋਲ ਸਿੱਧੀ ਪਹੁੰਚ ਕੀਤੀ ਜਾ ਸਕਦੀ ਹੈ। ਉਨ੍ਹਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਅਨਾਜ ਦੀ ਵੰਡ ਮੌਕੇ ਇਸ ਦਾ ਲਾਭ 100 ਫ਼ੀਸਦ ਲਾਭਪਾਤਰੀਆਂ ਤੱਕ ਪੁੱਜਦਾ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਵੀਨ ਕੁਮਾਰ, ਜ਼ਿਲ੍ਹਾ ਪੰਚਾਇਤ ਤੇ ਵਿਕਾਸ ਅਫ਼ਸਰ ਸੰਜੀਵ ਸ਼ਰਮਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮਨਿੰਦਰ ਕੌਰ, ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ (ਸੀ.ਡੀ.ਪੀ.ਓ.) ਬਰਨਾਲਾ ਅਰਵਿੰਦਰ ਸਿੰਘ ਭੱਟੀ, ਸੀ.ਡੀ.ਪੀ.ਓ. ਨੇਹਾ, ਸੀ.ਡੀ.ਪੀ.ਓ. ਨਿਕਿਤਾ ਵੀ ਹਾਜ਼ਰ ਸਨ।