ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਇੱਥੇ ਆਖਿਆ ਕਿ ਸੰਸਾਰ ਭਰ ’ਚ ਚੱਲ ਰਹੇ ਮੁਕਾਬਲੇਬਾਜ਼ੀ ਦੇ ਦੌਰ ’ਚ ਸਮੇਂ ਦੇ ਹਾਣੀ ਬਣਨ ਦੇ ਲਈ ਆਧੁਂਿਨਕ ਸਿਖਿਆ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 25 ਲੱਖ ਵਿਦਿਆਰਥੀਆਂ ਨੂੰ ਜਿੱਥੇ ਸਰਕਾਰੀ ਸਕੂਲਾਂ ’ਚ 1.10 ਲੱਖ ਅਧਿਆਪਕਾਂ ਦੇ ਰਾਹੀਂ ਮਿਆਰੀ ਸਿਖਿਆ ਪ੍ਰਾਪਤ ਹੋ ਰਹੀ ਹੈ, ਉੱਥੇ ਨਿੱਜੀ ਵਿਦਿਅਕ ਸੰਸਥਾਵਾਂ ਵੀ ਵੱਡੀ ਗਿਣਤੀ ’ਚ ਵਿਦਿਆਰਥੀਆਂ ਦੀ ਸਿਖਿਆ ’ਚ ਯੋਗਦਾਨ ਪਾ ਕੇ ਸ਼ਲਾਘਾਯੋਗ ਉਪਰਾਲਾ ਕਰ ਰਹੀਆਂ ਹਨ।ਅੱਜ ਇੱਥੇ ਕੇ ਸੀ ਪਬਲਿਕ ਸਕੂਲ ਨਵਾਂਸ਼ਹਿਰ ਦੇ 18ਵੇਂ ਸਲਾਨਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਅਨੁਸਾਰ ਜੇਕਰ ਕਿਸੇ ਇਨਸਾਨ ਦੀ ਸ਼ਖਸੀਅਤ ਨੂੰ ਉਜਾਗਰ ਕਰਨਾ ਹੋਵੇ ਤਾਂ ਉਸਨੂੰ ਵੱਧ ਤੋਂ ਵੱਧ ਸਿਖਿਅਤ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਨੈਲਸਨ ਮੰਡੇਲਾ ਨੇ ਵੀ ਸਿਖਿਆ ਦੇ ਬਾਰੇ ਕਿਹਾ ਸੀ ਕਿ ਸੰਸਾਰ ਨੂੰ ਬਦਲਣ ਲਈ ਸਿਖਿਆ ਦਾ ਪ੍ਰਸਾਰ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਲਾਸਰੂਮ ਆਉਣ ਵਾਲੇ ਭਵਿੱਖ ਨੂੰ ਤੈਅ ਕਰਦਾ ਹੈ ਤੇ ਇਹ ਭਵਿੱਖ ਰਾਸ਼ਟਰ ਨਿਰਮਾਣ ’ਚ ਸਮੇਂ ਦਾ ਹਾਣੀ ਬਣ ਕੇ ਯੋਗਦਾਨ ਪਾਉਂਦਾ ਹੈ। ਰਾਸ਼ਟਰ ਨਿਰਮਾਣ ਲਈ ਲਈ ਅੱਜ ਸਿਖਿਆ ਦੀ ਬਹੁਤ ਵੱਡੀ ਭੂਮਿਕਾ ਹੋਣ ਕਾਰਨ, ਨੈਤਿਕ ਸਿਖਿਆ ਗ੍ਰਹਿਣ ਕਰਨਾ ਵੀ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅੱਜ ਮਿਲਦਾ ਬੁਨਿਆਦੀ ਢਾਂਚਾ ਪਹਿਲੇ ਸਮਿਆਂ ਨਾਲੋਂ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਜਿੰਨਾਂ ਵੀ ਬੁਨਿਆਦੀ ਢਾਂਚਾ ਵਿਕਸਿਤ ਹੋਇਆ, ਉਸ ਦਾ ਤਿਆਰ ਕਰਨ ਵਾਲਿਆਂ ਨੇ ਆਨੰਦ ਨਹੀਂ ਮਾਣਿਆ ਇਸ ਲਈ ਸਾਡੀ ਨੈਤਿਕ ਜ਼ਿੰਮੇਂਵਾਰੀ ਬਣਦੀ ਹੈ ਕਿ ਅਸੀਂ ਆਪਣੀ ਵਿਰਾਸਤ ਦੀ ਸੰਭਾਲ ਕਰੀਏ। ਉਨ੍ਹਾਂ ਕਿਹਾ ਕਿ ਅੱਜ ਦੇ ਬੱਚੇ ਪ੍ਰਤਿਭਾਵਾਨ ਹਨ ਪਰ ਪ੍ਰਤਿਭਾ ਦੇ ਨਿਖਾਰ ਲਈ ਚੰਗੇ ਤੇ ਮੇਹਨਤੀ ਅਧਿਆਪਕਾਂ ਦੀ ਲੋੜ ਹੈ, ਇਸ ਲਈ ਅਧਿਆਪਕ ਦਾ ਫ਼ਰਜ਼ ਹੋਰ ਵੀ ਸ਼ਿੱਦਤ ਨਾਲ ਪੜ੍ਹਾਉਣ ਤੇ ਚੰਗੇ ਨਤੀਜੇ ਲਿਆਉਣ ਦਾ ਬਣ ਜਾਂਦਾ ਹੈ। ਉਨ੍ਹਾਂ ਨੇ ਅਧਿਆਪਕਾਂ ਦੇ ਨਾਲ-ਨਾਲ ਮਾਪਿਆਂ ਦੀ ਜ਼ਿੰਮੇਂਵਾਰੀ ਵੀ ਅਹਿਮ ਕਰਾਰ ਦਿੰਦਿਆਂ ਕਿਹਾ ਕਿ ਬੱਚਾ ਅੱਠ ਘੰਟੇ ਅਧਿਆਪਕਾਂ ਕੋਲ ਰਹਿੰਦਾ ਹੈ, ਇਸ ਲਈ ਮਾਪਿਆਂ ਨੂੰ ਬੱਚਿਆਂ ਦੀ ਡਾਇਰੀ ਚੈਕ ਕਰਨੀ ਚਾਹੀਦੀ ਹੈ ਤੇ ਅਧਿਆਪਕਾਂ ਨਾਲ ਤਾਲਮੇਲ ਰੱਖਣਾ ਚਾਹੀਦਾ ਹੈ ਤਾਂ ਜੋ ਉਸ ਦੇ ਭਵਿੱਖ ਨੂੰ ਬੇਹਤਰ ਢੰਗ ਨਾਲ ਸੁਆਰਿਆ ਜਾ ਸਕੇ।ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਕੋਰੀਓਗ੍ਰਾਫ਼ੀਆਂ ਤੇ ਹੋਰ ਰੰਗਾ-ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਗਈ। ਨਵਾਂਸ਼ਹਿਰ ਦੇ ਐਮ ਐਲ ਏ ਅੰਗਦ ਸਿੰਘ, ਗੜ੍ਹਸ਼ੰਕਰ ਤੋਂ ਸਾਬਕਾ ਐਮ ਐਲ ਏ ਲਵ ਕੁਮਾਰ ਗੋਲਡੀ, ਸਕੂਲ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਹਿਤੇਸ਼ ਗਾਂਧੀ, ਪਿ੍ਰੰਸੀਪਲ ਗੁਰਜੀਤ ਸਿੰਘ ਤੇ ਸਟਾਫ਼, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਮੌਜੂਦ ਸਨ।