ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 26 ਤੋਂ 28 ਦਸੰਬਰ ਤੱਕ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਵਿੱਚ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਅਤੇ ਸੁਰੱਖਿਆ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਡਾਇਰੈਕਟਰ ਜਨਰਲ ਆਫ ਪੁਲਿਸ ਲਾਅ ਐਂਡ ਆਰਡਰ ਸ੍ਰ: ਹਰਦੀਪ ਸਿੰਘ ਢਿੱਲੋਂ ਨੇ ਪੁਲਿਸ ਲਾਇਨ ਮਹਾਦੀਆਂ ਵਿਖੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨਾਲ ਵਿਸੇਸ਼ ਮੀਟਿੰਗ ਕੀਤੀ। ਜਿਸ ਵਿੱਚ ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ ਰੇਂਜ ਸ੍ਰੀਮਤੀ ਵੀ.ਨੀਰਜਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਲਕਾ ਮੀਨਾ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀਆਂ ਨੇ ਵੀ ਭਾਗ ਲਿਆ। ਇਸ ਮੌਕੇ ਸ. ਢਿੱਲੋਂ ਨੇ ਜ਼ਿਲ੍ਹਾ ਪੁਲਿਸ ਵੱਲੋਂ ਤਿਆਰ ਕੀਤੀ '' ਸ਼ਹੀਦੀ ਸਭਾ 2018 ਮੋਬਾਇਲ ਐਪ ''ਵੀ ਲਾਂਚ ਕੀਤੀ ।ਸ. ਢਿੱਲੋਂ ਨੇ ਦੱਸਿਆ ਕਿ ਇਸ ਐਪ ਵਿੱਚ ਸ਼ਹੀਦੀ ਸਭਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਐਪ ਵਿੱਚ ਸੰਗਤ ਦੀ ਸਹੂਲਤ ਲਈ ਸ਼ਹੀਦੀ ਸਭਾ ਦੇ ਮਹੱਤਵਪੂਰਨ ਸਥਾਨਾਂ, ਪਾਰਕਿੰਗਾਂ, ਆਰਜ਼ੀ ਬੱਸ ਸਟੈਂਡ, ਪੁੱਛਗਿੱਛ ਕੇਂਦਰ, ਸਹਾਇਤਾ ਕੇਂਦਰ, ਅਬਜਰਵੇਸ਼ਨ ਪੋਸ਼ਟ, ਫਸਟ ਏਡ ਸੈਂਟਰ ਅਤੇ ਆਵਾਜਾਈ ਦੇ ਬਦਲਵੇ ਰੂਟਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਜੇਕਰ ਕਿਸੇ ਦੀ ਕੋਈ ਚੀਜ ਗੁੰਮ ਹੋ ਜਾਂਦੀ ਹੈ ਜਾਂ ਕਿਸੇ ਨੂੰ ਕੋਈ ਵੀ ਲਾਵਾਰਸ ਵਸਤੂ ਮਿਲਦੀ ਹੈ, ਉਸ ਬਾਰੇ ਇਸ ਐਪ ਵਿੱਚ ਫਾਰਮ ਭਰਨ ਦੀ ਸੁਵਿਧਾ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦੇ ਮਹੱਤਵਪੂਰਨ ਮੋਬਾਇਲ ਨੰਬਰ ਇਸ ਐਪ ਵਿੱਚ ਦਿੱਤੇ ਗਏ ਹਨ ਅਤੇ ਇਸ ਐਪ ਨੂੰ ਕੋਈ ਵੀ ਵਿਅਕਤੀ ਪਲੇਅ ਸਟੋਰ ਵਿੱਚ ਜਾ ਕੇ https://play.google.com/store/apps/details?id=com.perms.vaibhavkumar.saanjhapp ਡਾਊਨਲੋਡ ਕਰ ਸਕਦਾ ਹੈ। ਇਸ ਮੌਕੇ ਐਸ.ਪੀ. ਹੈਡਕੁਆਟਰ ਸ੍ਰ; ਰਵਿੰਦਰਪਾਲ ਸਿੰਘ ਸੰਧੂ, ਐਸ.ਪੀ. ਜਾਂਚ, ਸ: ਹਰਪਾਲ ਸਿੰਘ, ਏ.ਐਸ.ਪੀ. ਸ੍ਰੀਮਤੀ ਰਵਜੋਤ ਕੌਰ ਗਰੇਵਾਲ ਅਤੇ ਨਵਨੀਤ ਸਿੰਘ ਤੋਂ ਇਲਾਵਾ ਪੁਲਿਸ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜਰ ਸਨ।