ਘਰਾਂ ਵਿਚ ਹੁੰਦੇ ਬੱਚਿਆਂ ਦੇ ਜਣੇਪੇ ਦੇ ਅਮਲ ਨੂੰ ਰੋਕਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਅਤੇ ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਅੱਜ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ। ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਗਰਭਵਤੀ ਔਰਤਾਂ ਨੂੰ ਮੁਫ਼ਤ ਅਤੇ ਵਧੀਆ ਸਿਹਤ ਸਹੂਲਤਾਂ ਦਿਤੇ ਜਾਣ ਦੇ ਬਾਵਜੂਦ ਕੁੱਝ ਲੋਕ ਘਰਾਂ ਵਿਚ ਹੀ ਅਪਣੀ ਮਰਜ਼ੀ ਨਾਲ ਜਣੇਪਾ ਕਰਵਾ ਦਿੰਦੇ ਹਨ ਜੋ ਅਪਣੇ ਆਪ ਵਿਚ ਅਸੁਰੱਖਿਅਤ ਅਤੇ ਜੋਖਮ ਭਰਿਆ ਅਮਲ ਹੈ।ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਨਾਲ ਲੈ ਕੇ ਜ਼ਿਲ੍ਹੇ ਦੇ ਪਿੰਡ ਜਗਤਪੁਰ, ਦਿਆਲਪੁਰਾ, ਪੰਡਵਾਲਾ, ਕਕਰਾਲੀ, ਭਵਾਤ ਆਦਿ ਦੀਆਂ ਕੁੱਝ ਥਾਵਾਂ ਦਾ ਦੌਰਾ ਕੀਤਾ ਜਿਥੇ ਪਿਛਲੇ ਕੁੱਝ ਮਹੀਨਿਆਂ ਦੌਰਾਨ ਘਰਾਂ ਵਿਚ ਜਣੇਪੇ ਹੋਏ ਹਨ। ਉਨ੍ਹਾਂ ਦਸਿਆ ਕਿ ਇਸ ਦੌਰੇ ਦਾ ਮਕਸਦ ਮੁੱਖ ਤੌਰ 'ਤੇ ਇਹ ਜਾਣਨਾ ਸੀ ਕਿ ਇਹ ਲੋਕ ਖ਼ਾਸਕਰ ਪ੍ਰਵਾਸੀ ਮਜ਼ਦੂਰ ਘਰਾਂ ਵਿਚ ਜਣੇਪੇ ਕਰਨ ਨੂੰ ਤਰਜੀਹ ਕਿਉਂ ਦਿੰਦੇ ਹਨ? ਡਿਪਟੀ ਕਮਿਸ਼ਨਰ ਨੇ ਕੁੱਝ ਕਾਲੋਨੀਆਂ ਵਿਚ ਜਾ ਕੇ ਉਨ੍ਹਾਂ ਔਰਤਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਹਾਲ ਹੀ ਵਿਚ ਘਰਾਂ ਵਿਚ ਅਪਣੇ ਜਣੇਪੇ ਕਰਵਾਏ ਹਨ। ਉਨ੍ਹਾਂ ਦਸਿਆ ਕਿ ਔਰਤਾਂ ਨਾਲ ਗੱਲਬਾਤ ਕਰ ਕੇ ਪਤਾ ਲੱਗਾ ਕਿ ਕਈ ਵਾਰ ਉਹ ਹਸਪਤਾਲ ਜਾਣ-ਆਉਣ ਦੇ ਝੰਜਟ ਤੋਂ ਬਚਣ ਲਈ ਘਰਾਂ ਵਿਚ ਹੀ ਜਣੇਪਾ ਕਰਾ ਲੈਂਦੀਆਂ ਹਨ ਤੇ ਜਣੇਪੇ ਦਾ ਕੰਮ ਆਮ ਤੌਰ ਦਾਈਆਂ ਜਾਂ ਉਨ੍ਹਾਂ ਦੇ ਘਰ ਵਿਚਲੀ ਕੋਈ ਬਜ਼ੁਰਗ ਔਰਤ ਕਰ ਦਿੰਦੀ ਹੈ।ਡਿਪਟੀ ਕਮਿਸ਼ਨਰ ਨੇ ਔਰਤਾਂ ਨੂੰ ਦੱਸਿਆ ਕਿ ਘਰਾਂ ਵਿਚ ਜਣੇਪਾ ਕਰਵਾਉਣਾ ਜੱਚਾ ਅਤੇ ਬੱਚਾ ਦੋਹਾਂ ਲਈ ਜੋਖਮ ਭਰਿਆ ਅਤੇ ਖ਼ਤਰਨਾਕ ਸਾਬਤ ਹੋ ਸਕਦਾ ਹੈ ਅਤੇ ਦੋਹਾਂ ਜਾਂ ਕਿਸੇ ਇਕ ਦੀ ਜਾਨ ਵੀ ਜਾ ਸਕਦੀ ਹੈ।
ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਜਿਥੇ ਸਰਕਾਰੀ ਹਸਪਤਾਲਾਂ ਵਿਚ ਗਰਭਵਤੀ ਔਰਤਾਂ ਲਈ ਮੁਫ਼ਤ ਟੈਸਟ, ਇਲਾਜ ਅਤੇ ਜਣੇਪੇ ਦੀਆਂ ਸਹੂਲਤਾਂ ਦਿਤੀਆਂ ਜਾਂਦੀਆਂ ਹਨ, ਉਥੇ ਗਰਭਵਤੀ ਔਰਤ ਨੂੰ ਘਰੋਂ ਹਸਪਤਾਲ ਲਿਆਉਣ ਤੇ ਛੱਡਣ ਲਈ ਐਂਬੂਲੈਂਸ ਦੀ ਮੁਫ਼ਤ ਸਹੂਲਤ ਵੀ ਦਿਤੀ ਜਾਂਦੀ ਹੈ। ਇਸ ਤੋਂ ਇਲਾਵਾ ਹਰ ਏਰੀਏ ਵਿਚ ਆਸ਼ਾ ਵਰਕਰਾਂ ਤੈਨਾਤ ਕੀਤੀਆਂ ਗਈਆਂ ਹਨ ਜਿਹੜੀਆਂ ਔਰਤ ਦੇ ਗਰਭ ਠਹਿਰਣ ਤੋਂ ਲੈ ਕੇ ਜਣੇਪੇ ਅਤੇ ਜਣੇਪੇ ਤੋਂ ਬਾਅਦ ਵੀ ਔਰਤ ਨੂੰ ਸਹੀ ਖਾਣ-ਪੀਣ, ਡਾਕਟਰੀ ਇਲਾਜ, ਸੰਭਾਵੀ ਬੀਮਾਰੀਆਂ, ਟੀਕਾਕਰਣ ਆਦਿ ਬਾਰੇ ਵਿਸਥਾਰਤ ਜਾਣਕਾਰੀ ਦਿੰਦੀਆਂ ਹਨ। ਇਸ ਸਭ ਦੇ ਬਾਵਜੂਦ ਕੁੱਝ ਔਰਤਾਂ ਐਨ ਆਖ਼ਰੀ ਸਮੇਂ ਸਰਕਾਰੀ ਹਸਪਤਾਲ ਵਿਚ ਜਾਣ ਦੀ ਬਜਾਏ ਘਰਾਂ ਵਿਚ ਹੀ ਜਣੇਪਾ ਕਰਵਾ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰੇ ਦੌਰਾਨ ਸਿਹਤ ਅਮਲੇ ਖ਼ਾਸਕਰ ਆਸ਼ਾ ਵਰਕਰਾਂ ਅਤੇ ਏਐਨਐਮਜ਼ ਨੂੰ ਗਰਭਵਤੀ ਔਰਤਾਂ ਨੂੰ ਅਪਣੀ ਲਗਤਾਰ ਨਿਗਰਾਨੀ ਹੇਠ ਰੱਖਣ, ਉਨ੍ਹਾਂ ਦੇ ਸਾਰੇ ਜ਼ਰੂਰੀ ਟੈਸਟ ਕਰਵਾਉਣ ਵਿਚ ਮਦਦ ਕਰਨ, ਉਨ੍ਹਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਿਲਦੀਆਂ ਸਿਹਤ ਸਹੂਲਤਾਂ ਬਾਰੇ ਲਗਾਤਾਰ ਜਾਗਰੂਕ ਕਰਨ ਲਈ ਕਿਹਾ ਗਿਆ ਤਾਕਿ ਘਰਾਂ ਵਿਚ ਹੁੰਦੇ ਜਣੇਪੇ ਦੇ ਗ਼ਲਤ ਅਮਲ ਨੂੰ ਫ਼ੌਰੀ ਤੌਰ 'ਤੇ ਰੋਕਿਆ ਜਾ ਸਕੇ। ਉਨ੍ਹਾਂ ਦਸਿਆ ਕਿ ਅਧਿਕਾਰੀਆਂ ਨੂੰ ਇਸ ਅਮਲ ਦੇ ਕਾਰਨਾਂ ਅਤੇ ਇਸ ਨੂੰ ਰੋਕਣ ਦੇ ਢੰਗ-ਤਰੀਕਿਆਂ ਬਾਰੇ ਮੁਕੰਮਲ ਰੀਪੋਰਟ ਬਣਾਉਣ ਲਈ ਕਿਹਾ ਗਿਆ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ. ਜਸਬੀਰ ਸਿੰਘ ਡਾ. ਕੁਲਜੀਤ ਕੌਰ, ਡਾ. ਸੰਗੀਤਾ ਜੈਨ ਅਤੇ ਹੋਰ ਸਿਹਤ ਅਧਿਕਾਰੀ ਵੀ ਸਨ।