ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਜ਼ਿਲਾ ਪ੍ਰਸ਼ਾਸਨ ਵੱਲੋਂ ਆਰੰਭੇ ਐਤਵਾਰੀ ਸਫਾਈ ਅਭਿਆਨ ਤਹਿਤ ਅੱਜ ਡਿਪਟੀ ਕਮਿਸਨਰ ਐੱਮ ਕੇ ਅਰਾਵਿੰਦ ਕੁਮਾਰ ਦੀ ਅਗਵਾਈ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਗਰ ਕੌਂਸਲ ਅਤੇ ਸ਼ਹਿਰ ਵਾਸੀਆਂ ਨੇ ਇੱਕ ਸਾਂਝੇ ਅਭਿਆਨ ਤਹਿਤ ਸਫਾਈ ਮੁਹਿੰਮ ਚਲਾ ਕੇ ਸੜਕਾਂ ਦੇ ਕਿਨਾਰੇ ਅਤੇ ਖਾਲੀ ਪਲਾਟਾਂ ਵਿਚ ਪਏ ਪੋਲੀਥੀਨ ਦੇ ਲਿਫਾਫੇ ਇਕੱਠੇ ਕਰਕੇ ਨਗਰ ਕੌਂਸਲ ਨੂੰ ਨਿਪਟਾਰੇ ਲਈ ਭੇਜੇ।ਪਿੰਡ ਬੀੜ ਸਰਕਾਰ ਰੋਡ ਅਤੇ ਇਸਦੇ ਨਾਲ ਲਗਦੇ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਹ ਮੁਹਿੰਮ ਚਲਾਈ ਗਈ। ਇਸ ਤੋਂ ਪਹਿਲਾਂ ਵੀ ਪਿਛਲੇ ਐਤਵਾਰ ਇਸ ਖੇਤਰ ਵਿੱਚ ਡਿਪਟੀ ਕਮਿਸ਼ਨਰ ਸਮੇਤ ਸਮੂਹ ਪ੍ਰਸਾਸਨਿਕ ਅਧਿਕਾਰੀਆਂ ਅਤੇ ਸਹਿਰ ਵਾਸੀਆਂ ਨੇ ਇਸ ਮੁਹਿੰਮ ਤਹਿਤ ਪੋਲੀਥੀਨ ਦੇ ਲਿਫਾਫੇ ਇਕੱਠੇ ਕੀਤੇ ਸਨ।ਜ਼ਿਲਾ ਪ੍ਰਸਾਸਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਨੂੰ ਪਲਾਸਟਿਕ ਅਤੇ ਪੋਲੀਥੀਨ ਦੇ ਕਚਰੇ ਤੋਂ ਮੁਕਤ ਕਰਨ ਦਾ ਸੰਕਲਪ ਲਿਆ ਗਿਆ ਹੈ ਇਸੇ ਤਹਿਤ ਇਸ ਤਰਾਂ ਦੇ ਉਪਰਾਲੇ ਰੰਬੇ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੋਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰ ਦੇਣ ਅਤੇ ਕੱਪੜੇ ਦੇ ਥੈਲੇ ਦੀ ਵਰਤੋਂ ਕਰਨ।
ਉਨਾਂ ਕਿਹਾ ਕਿ ਪੋਲੀਥੀਨ ਦਾ ਕਚਰਾ ਸੈਂਕੜੇ ਸਾਲਾਂ ਤੱਕ ਨਸ਼ਟ ਨਹੀਂ ਹੁੰਦਾ ਅਤੇ ਸਾਡੀ ਪ੍ਰਿਥਵੀ ਅਤੇ ਇਸ ਦੇ ਵਾਤਾਵਰਣ ਲਈ ਇਹ ਬਹੁਤ ਵੱਡਾ ਸ਼ਹਿਰ ਹੈ। ਇਸ ਲਈ ਸਾਨੂੰ ਆਪਣੇ ਸ਼ਹਿਰ ਦੀ ਸਾਫ ਸਫਾਈ ਲਈ ਪੋਲੀਥੀਨ ਦੇ ਲਿਫਾਫੇ ਦੀ ਵਰਤੋਂ ਬੰਦ ਕਰਦਿਆਂ ਬਾਜਾਰ ਤੋਂ ਖਰੀਦਦਾਰੀ ਕਰਦੇ ਸਮੇਂ ਕੱਪੜੇ ਦੇ ਥੈਲੇ ਦੀ ਵਰਤੋਂ ਕਰਨ ਦੀ ਆਦਤ ਪਾਉਣੀ ਪਵੇਗੀ। ਡਿਪਟੀ ਕਮਿਸਨਰ ਨੇ ਕਿਹਾ ਕਿ ਸਾਡਾ ਸ਼ਹਿਰ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ। ਇਸ ਲਈ ਸਾਨੂੰ ਸਭ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਉਨਾਂ ਨੇ ਦੁਕਾਨਦਾਰਾਂ ਨੂੰ ਵੀ ਸਰਕਾਰ ਵੱਲੋਂ ਵਰਜਿਤ ਪੋਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਅਤੇ ਵਿਕਰੀ ਕਰਨ ਤੋਂ ਰੋਕਦਿਆਂ ਕਿਹਾ ਕਿ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸਵੱਛਤਾ ਮੁਹਿੰਮ ਤਹਿਤ ਪਿਛਲੇ ਸਾਲ ਸ਼ਹਿਰਾਂ ਦੀ ਹੋਈ ਰੈਂਕਿੰਗ ਵਿਚ ਸ੍ਰੀ ਮੁਕਤਸਰ ਸਾਹਿਬ ਦਾ ਰੈਂਕ ਬਹੁਤ ਅੱਛਾ ਹੋਇਆ ਸੀ ਪਰ ਹੁਣ ਸਾਡਾ ਟੀਚਾ ਸ਼ਹਿਰ ਨੂੰ ਸਫਾਈ ਪੱਖੋਂ ਦੇਸ਼ ਦੇ ਮੋਹਰੀ ਸ਼ਹਿਰਾਂ ਵਿਚ ਸ਼ਾਮਲ ਕਰਨ ਦਾ ਹੈ। ਇਸ ਲਈ ਡਿਪਟੀ ਕਮਿਸਨਰ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਆਪਣੇ ਸ਼ਹਿਰ ਦੀ ਰੈਂਕਿੰਗ ਸੁਧਾਰਨ ਹਿੱਤ ਸਾਂਝੇ ਉਪਰਾਲੇ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਆਪਾਂ ਨਗਰ ਕੌੰਸਲ ਦੇ ਮੋਢੇ ਨਾਲ ਮੋਢਾ ਜੋੜਕੇ ਚੱਲੀਏ ਤਾਂ ਅਸੀਂ ਆਪਣੇ ਸ਼ਹਿਰ ਦੀ ਸਵੱਛਤਾ ਰੈਂਕਿੰਗ ਨੂੰ ਸੁਧਾਰ ਸਕਦੇ ਹਾਂ। ਇਸ ਮੌਕੇ ਨਾਇਬ ਤਹਿਸੀਲਦਾਰ ਚਰਨਜੀਤ ਸਿੰਘ ਕੌਂਸਲਰ ਜਿੰਮੀ ਬਰਾੜ ਅਤੇ ਹੋਰ ਪਤਵੰਤੇ ਵੀ ਹਾਜਰ ਸਨ।