ਪਾਤਸ਼ਾਹੀ ਪਹਿਲੀ, ਛੇਵੀਂ, ਸੱਤਵੀਂ ਅਤੇ ਦਸਵੀਂ ਦੀ ਚਰਨਛੋਹ ਪ੍ਰਾਪਤ ਧਰਤੀ ਜ਼ਿਲਾ ਬਠਿੰਡਾ ਦਾ ਪਿੰਡ ਕੋਠੇ ਲੱਖੀ ਜੰਗਲ ਨੂੰ ਸਮਾਰਟ ਪਿੰਡ ਵਜੋਂ ਪੰਜਾਬ ਸਰਕਾਰ ਵਲੋਂ ਵਿਕਸਿਤ ਕੀਤਾ ਜਾਵੇਗਾ। ਇਸ ਵਿਸ਼ੇਸ਼ ਉਪਰਾਲੇ ਤਹਿਤ ਇਸ ਵਿਰਾਸਤੀ ਪਿੰਡ ਵਿਖੇ ਵੱਖ-ਵੱਖ ਕਾਰਜ ਕਰਵਾਏ ਜਾਣਗੇ। ਜਿਸ ਦੀ ਸ਼ੁਰੂਆਤ ਕਰਦਿਆਂ ਸਾਰੇ ਪਿੰਡ ਵਿੱਚ ਇਮਾਰਤਾਂ ਨੂੰ ਇੱਕ ਸਾਰ ਚਿੱਟਾ ਰੰਗ ਕੀਤਾ ਗਿਆ ਹੈ।ਇਸ ਗੱਲ ਦਾ ਪ੍ਰਗਟਾਵਾ ਮੁੱਖ ਪ੍ਰਿੰਸੀਪਲ ਸਕੱਤਰ ਟੂ ਮੁੱਖ ਮੰਤਰੀ, ਪੰਜਾਬ ਸ਼੍ਰੀ ਸੁਰੇਸ਼ ਕੁਮਾਰ ਨੇ ਅੱਜ ਲੱਖੀ ਜੰਗਲ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਗਾਏ ਗਏ ਕੈਂਪ ਵਿੱਚ ਹਿੱਸਾ ਲੈਣ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਹਲਕਾ ਵਿਧਾਇਕ ਸ਼੍ਰੀ ਪ੍ਰੀਤਮ ਸਿੰਘ ਕੋਟਭਾਈ ਵੀ ਮੌਜੂਦ ਸਨ। ਉਨਾਂ ਦੱਸਿਆ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਤਹਿਤ ਸੂਬੇ ਵਿੱਚ ਸਾਲ ਭਰ ਵੱਖ-ਵੱਖ ਵਿਕਾਸ ਕਾਰਜ ਅਤੇ ਸਮਾਗਮ ਕਰਵਾਏ ਜਾਣੇ ਹਨ। ਇਸ ਪੋ੍ਰਜੈਕਟ ਤਹਿਤ ਜਿਹੜੀਆਂ ਥਾਵਾਂ 'ਤੇ ਗੁਰੂ ਨਾਨਕ ਦੇਵ ਜੀ ਗਏ ਸਨ ਪੰਜਾਬ ਵਿੱਚ ਉਨਾਂ ਥਾਵਾਂ 'ਤੇ ਵਿਸ਼ੇਸ਼ ਫੰਡ ਦੇ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਨਾਂ ਵਿੱਚ ਸੂਬੇ ਦੇ 36 ਪਿੰਡਾਂ ਅਤੇ 11 ਨਗਰ ਪੰਚਾਇਤਾਂ ਨੂੰ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ।ਉਨਾਂ ਜ਼ਿਲਾ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋਂ ਜਿਹੜੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਕੈਂਪ ਲਗਾਏ ਜਾ ਰਹੇ ਹਨ, ਉਹ ਉਨਾਂ ਵਿਕਅਤੀਆਂ ਨੂੰ ਵਿਸ਼ੇਸ਼ ਲਾਹਾ ਦੇ ਰਹੇ ਹਨ ਜਿਹੜੇ ਵੱਖ-ਵੱਖ ਸਰਕਾਰੀ ਸਹੂਲਤਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਨਹੀਂ ਜਾ ਸਕਦੇ। ਉਨਾਂ ਦੱਸਿਆ ਕਿ ਸੂਬੇ ਭਰ ਵਿੱਚ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ 10 ਲੱਖ ਫ਼ਾਰਮ ਭਰੇ ਗਏ ਸਨ ਜਿਨਾਂ ਵਿਚੋਂ 70ਫ਼ੀਸਦੀ ਬਿਨੈਕਰਤਾਵਾਂ ਨੂੰ ਉਨਾਂ ਦੀ ਯੋਗਤਾ ਅਨੁਸਾਰ ਬਣਦੇ ਲਾਭ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਬੋਲਦਿਆਂ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਦੱਸਿਆ ਕਿ ਜ਼ਿਲਾ ਬਠਿੰਡਾ ਵਿੱਚ 3 ਇਤਿਹਾਸਕ ਪਿੰਡ ਜਿਨਾਂ ਕੋਠੇ ਲੱਖੀ ਜੰਗਲ, ਮਹਿਮਾ ਸਰਜਾ ਅਤੇ ਕੋਠੇ ਨਾਥੇਆਣਾ ਹਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਸ਼ਤਾਬਦੀ ਦੌਰਾਨ ਕਰਵਾਏ ਜਾਣ ਵਾਲੇ ਵਿਕਾਸ ਕਾਰਜ ਲਈ ਸ਼ਾਮਲ ਕੀਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਇਨਾਂ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ।
ਕੈਂਪ ਵਿੱਚ ਸ਼ਿਰਕਤ ਕਰਨ ਤੋਂ ਪਹਿਲਾਂ ਮੁੱਖ ਪ੍ਰਿੰਸੀਪਲ ਸਕੱਤਰ ਟੂ ਮੁੱਖ ਮੰਤਰੀ ਸ਼੍ਰੀ ਸੁਰੇਸ਼ ਕੁਮਾਰ, ਉਨਾਂ ਦੀ ਪਤਨੀ, ਵਿਧਾਇਕ ਸ਼੍ਰੀ ਪ੍ਰੀਤਮ ਸਿੰਘ ਕੋਟਭਾਈ, ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਅਤੇ ਉਨਾਂ ਦੀ ਪਤਨੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਆਈ.ਜੀ. ਬਠਿੰਡਾ ਸ਼੍ਰੀ ਐਮ.ਐਫ਼. ਫ਼ਾਰੂਕੀ, ਜ਼ਿਲਾ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਗੁਰਦੁਆਰਾ ਲੱਖੀਸਰ, ਲੱਖੀ ਜੰਗਲ ਵਿਖੇ ਮੱਥਾ ਟੇਕਿਆ ਅਤੇ ਸ਼੍ਰੀ ਆਖੰਡ ਪਾਠ ਪ੍ਰਕਾਸ਼ ਜੀ ਦੇ ਭੋਗ ਸਮੇਂ ਅਰਦਾਸ ਕੀਤੀ। ਉਨਾਂ ਇਸ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਰਕ ਦਾ ਉਦਘਾਟਨ ਕੀਤਾ। ਇਹ ਪਾਰਕ 2 ਕੈਨਾਲਾਂ ਜ਼ਮੀਨ ਵਿੱਚ ਫ਼ੈਲਿਆ ਹੋਇਆ ਹੈ ਅਤੇ ਇੱਥੇ 100 ਸਾਲ ਪੁਰਾਣੇ 4 ਬੋਹੜ ਦੇ ਦਰਖ਼ਤ ਹਨ। ਬੀ.ਡੀ.ਪੀ.ਓ. ਗੋਨਿਆਣਾ ਸ਼੍ਰੀਮਤੀ ਗਗਨਦੀਪ ਕੌਰ ਦੀ ਅਗਵਾਈ ਅਧੀਨ ਭਾਈ ਘਨੱਈਆ ਜੀ ਕਲੱਬ ਦੇ ਮੈਂਬਰਾਂ ਨੇ ਦਿਨ ਰਾਤ ਸੇਵਾ ਕਰਕੇ 6 ਦਿਨਾਂ ਵਿੱਚ ਇਸ ਜਗਾ ਨੂੰ ਪਾਰਕ ਦਾ ਰੂਪ ਦਿੱਤਾ ਹੈ। ਕੈਂਪ ਦੌਰਾਨ ਨਰੇਗਾ ਵਰਕਰਾਂ ਨੂੰ ਜਾਬ ਕਾਰਡ ਵੰਡੇ ਗਏ, 50 ਵਿਅਕਤੀਆਂ ਨੂੰ ਪਾਣੀ ਦੇ ਕੁਨੈਕਸ਼ਨ ਅਤੇ 20 ਘਰਾਂ ਨੂੰ ਪਖ਼ਾਨੇ ਬਨਾਉਣ ਲਈ 15-15 ਹਜ਼ਾਰ ਰੁਪਏ ਦੇ ਪ੍ਰਵਾਨਗੀ ਪੱਤਰ ਵੰਡੇ ਗਏ, ਬੈਂਕਾਂ ਵਲੋਂ ਲੋਕਾਂ ਨੂੰ 2-2 ਲੱਖ ਦੇ ਬੀਮੇ ਵੰਡੇ ਗਏ, ਕਿਰਤ ਵਿਭਾਗ ਵਲੋਂ 12 ਲਾਭਪਾਤਰੀਆਂ ਨੂੰ ਲਾਭਪੱਤਰ, ਐਸ.ਸੀ./ਬੀ.ਸੀ. ਪਰਿਵਾਰਾਂ ਨੂੰ 200 ਯੂਨਿਟਾਂ ਬਿਜਲੀ ਦੀਆਂ ਮੁਫ਼ਤ ਸਬੰਧੀ ਸਰਟੀਫ਼ਿਕੇਟ, ਘਰ-ਘਰ ਰੁਜ਼ਗਾਰ ਪ੍ਰੋਗਰਾਮ ਤਹਿਤ ਨਵੀਂਆਂ ਨੌਕਰੀਆਂ ਵਾਲੇ ਬੱਚਿਆਂ ਨੂੰ ਨੌਕਰੀਆਂ, ਬੁਢਾਪਾ, ਅਪਾਹਜ, ਆਸ਼ਰਿਤ ਅਤੇ ਵਿਧਵਾਵਾਂ ਨੂੰ ਪੈਨਸ਼ਨਾਂ ਆਦਿ ਸਬੰਧੀ ਦਸਤਾਵੇਜ ਵੰਡੇ ਗਏ।ਇਸ ਮੌਕੇ ਬੀ.ਡੀ.ਪੀ.ਓ. ਸ਼੍ਰੀਮਤੀ ਗਗਨਦੀਪ ਕੌਰ, ਭਾਈ ਘਨੱਈਆ ਯੂਥ ਕਲੱਬ ਲੱਖੀ ਜੰਗਲ, ਈ.ਟੀ.ਟੀ.ਅਧਿਆਪਕ ਕੁਲਵਿੰਦਰ ਕੌਰ, ਬਲਵੀਰ ਸਿੰਘ ਮਿਸਤਰੀ, ਬੇਅੰਤ ਸਿੰਘ, ਅੰਮ੍ਰਿਤਪਾਲ ਸਿੰਘ ਪੰਚਾਇਤ ਸਕੱਤਰ, ਸੁਖਜੀਵਨ ਸਿੰਘ ਗਰਾਮ ਸੇਵਕ, ਅਮਨਦੀਪ ਕੌਰ ਅਤੇ ਸਵਰਨਦੀਪ ਕੌਰ ਆਰ.ਸੇਟੀ ਤੋਂ ਸਿੱਖਿਆ ਲਈ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਅਮਰਿੰਦਰ ਸਿੰਘ ਟਿਵਾਣਾ, ਤਹਿਸੀਲਦਾਰ ਸੁਖਬੀਰ ਸਿੰਘ ਬਰਾੜ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗੜਵਾਲ, ਜ਼ਿਲਾ ਸਮਾਜ ਭਲਾਈ ਅਫ਼ਸਰ ਸਰਦੂਲ ਸਿੰਘ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਰਾਜਿੰਦਰ ਜੱਸਲ ਆਦਿ ਵੀ ਹਾਜ਼ਰ ਸਨ।