ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੋਲ੍ਹਿਆ ਜਾ ਰਿਹਾ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਨੌਜਵਾਨਾਂ ਲਈ ਬੇਹੱਦ ਸਹਾਈ ਸਾਬਤ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਖੁੱਲ੍ਹਣ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤੀ ਅਤੇ ਕਿੱਤਾ ਅਗਵਾਈ ਵਿੱਚ ਵੱਡੀ ਮਦਦ ਮਿਲੇਗੀ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਿਊਰੋ ਵਿੱਚ ਰੁਜ਼ਗਾਰ ਮੁਹੱਈਆ ਕਰਵਾਉਣ ਵਾਲੀਆਂ ਜ਼ਿਲ੍ਹੇ ਦੀਆਂ ਸਾਰੀਆਂ ਛੋਟੀਆਂ ਵੱਡੀਆਂ ਉਦਯੋਗਿਕ ਇਕਾਈਆਂ, ਪ੍ਰਾਈਵੇਟ ਕੰਪਨੀਆਂ/ ਅਦਾਰਿਆਂ ਆਦਿ ਅਤੇ ਉਨ੍ਹਾਂ ਵਿੱਚ ਉਪਲਬਧ ਖ਼ਾਲੀ ਅਸਾਮੀਆਂ ਸਬੰਧੀ ਮੁਕੰਮਲ ਸੂਚਨਾ, ਲੋੜੀਂਦੀ ਯੋਗਤਾ ਸਮੇਤ ਪੋਰਟਲ ਤੇ ਬੇਰੁਜ਼ਗਾਰ ਪ੍ਰਾਰਥੀਆਂ ਦੀ ਸਹੂਲਤ ਲਈ ਡਿਸਪਲੇ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ਬਿਊਰੋ ਵੱਲੋਂ ਹਰ ਮਹੀਨੇ ਬੇਰੁਜ਼ਗਾਰਾਂ ਦੀ ਸਹੂਲਤ ਲਈ ਦੋ ਪਲੇਸਮੈਂਟ ਕੈਂਪ ਵੀ ਲਗਾਏ ਜਾਣਗੇ ਤੇ ਇਨ੍ਹਾਂ ਕੈਂਪਾਂ ਵਿੱਚ ਸ਼ਿਰਕਤ ਕਰਨ ਵਾਲੇ ਨੌਜਵਾਨਾਂ ਨੂੰ ਕੈਂਪਾਂ ਸਬੰਧੀ ਸਮੇਂ -ਸਮੇਂ ਸਿਰ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ । ਉਨ੍ਹਾਂ ਕਿਹਾ ਕਿ ਬਿਊਰੋ ਵਿੱਚ ਸਰਕਾਰੀ /ਪ੍ਰਾਈਵੇਟ ਅਦਾਰਿਆਂ ਦੀਆਂ ਅਸਾਮੀਆਂ ਸਬੰਧੀ ਮੁਕੰਮਲ ਸੂਚਨਾ ਹਰ ਤਰ੍ਹਾਂ ਦੇ ਸੋਮਿਆਂ ਜਿਵੇਂ ਕਿ ਇੰਟਰਨੈੱਟ ,ਇੰਪਲਾਈਮੈਂਟ ਨਿਊਜ਼ ,ਅਖ਼ਬਾਰਾਂ ਆਦਿ ਤੋਂ ਘੋਖਣ ਉਪਰੰਤ ਬੇਰੁਜ਼ਗਾਰ ਪ੍ਰੀਖਿਆਰਥੀਆਂ ਦੀ ਜਾਣਕਾਰੀ ਲਈ ਪੋਰਟਲ ਤੇ ਅੱਪਲੋਡ ਵੀ ਕੀਤੀ ਜਾਵੇਗੀ । ਉਨ੍ਹਾਂ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨੂੰ ਵੀ ਹਦਾਇਤ ਕੀਤੀ ਕਿ ਆਪਣੇ -ਆਪਣੇ ਕਾਲਜਾਂ, ਸਕੂਲਾਂ ਅਤੇ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਰੁਜ਼ਗਾਰ ਬਿਊਰੋ ਵਿੱਚ ਵਿਜ਼ਟ ਕਰਾਉਣੀ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਪ੍ਰਾਪਤੀ ਸਬੰਧੀ ਸੇਧ ਅਤੇ ਜਾਣਕਾਰੀ ਮਿਲ ਸਕੇ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬਿਊਰੋ ਵਿੱਚ ਵਿਜ਼ਟ ਕਰਨ ਵਾਲੇ ਬੇਰੁਜ਼ਗਾਰ ਪ੍ਰਾਰਥੀਆਂ ਲਈ ਅਖ਼ਬਾਰ ਮੈਗਜ਼ੀਨ ਆਦਿ ਅਤੇ ਵੱਖ ਵੱਖ ਵਿਭਾਗਾਂ ਵਿਚ ਚੱਲ ਰਹੀਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਵੈ-ਰੁਜ਼ਗਾਰ ਸਕੀਮਾਂ ਆਦਿ ਸਬੰਧੀ ਲਿਟਰੇਚਰ ਆਦਿ ਦਾ ਵੀ ਪੂਰਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਿਊਰੋ ਦੇ ਕਾਂਊਸਲਰ ਵੱਲੋਂ ਵਿਦੇਸ਼ਾਂ ਵਿੱਚ ਉਪਲੱਬਧ ਵੱਖ -ਵੱਖ ਕਿਸਮ ਦੀਆਂ ਨੌਕਰੀਆਂ ਸਬੰਧੀ ਇੰਟਰਨੈੱਟ, ਅਖ਼ਬਾਰਾਂ, ਰਸਾਲਿਆਂ ਤੋਂ ਜਾਣਕਾਰੀ ਇਕੱਤਰ ਕੀਤੀ ਜਾਵੇਗੀ ਅਤੇ ਉਸ ਆਧਾਰ ਤੇ ਵਿਦੇਸ਼ਾਂ ਵਿੱਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਦੀ ਯੋਗ ਕਾਊਂਸਲਿੰਗ ਕੀਤੀ ਜਾਵੇਗੀ ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਅਫ਼ਸਰ ਸ਼੍ਰੀ. ਅਸ਼ੋਕ ਜਿੰਦਲ ਨੇ ਦੱਸਿਆ ਕਿ ਬਿਊਰੋ ਵਿੱਚ ਵਿਜ਼ਟ ਕਰਨ ਵਾਲੇ ਵਿਦਿਆਰਥੀਆਂ ਦੀ ਵਰਤੋਂ ਲਈ ਉੱਚ ਪੱਧਰੀ ਮੁਫ਼ਤ ਇੰਟਰਨੈੱਟ ਸੁਵਿਧਾ ਸਮੇਤ ਕੰਪਿਊਟਰ ਵੀ ਮੁਹੱਈਆ ਕਰਵਾਏ ਜਾਣਗੇ। ਬਿਊਰੋ ਦਾ ਕੰਮਕਾਜ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਵੇਗਾ ਅਤੇ ਹਰ ਸ਼ਨੀਵਾਰ ਨੂੰ ਸਵੇਰੇ 10 ਵਜੇਂ ਤੋਂ 2 ਵਜੇਂ ਤੱਕ ਹੋਵੇਗਾ। ਇਸ ਦੇ ਕਰਮਚਾਰੀ ਦੋ ਸ਼ਿਫ਼ਟਾਂ ਵਿੱਚ ਕੰਮ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਸਬੰਧੀ ਸਹੂਲਤਾਂ ਦੇਣਗੇ।