ਸ਼ਹਿਰ ਵਿਚ ਪੇਸ਼ ਆ ਰਹੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਸਤਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਡੀ. ਐਸ. ਪੀ ਟ੍ਰੈਫਿਕ ਕਪੂਰਥਲਾ ਸੰਦੀਪ ਸਿੰਘ ਮੰਡ ਵੱਲੋਂ ਅੱਜ ਵੱਖ-ਵੱਖ ਆਟੋ ਯੂਨੀਅਨਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨਾਂ ਸ਼ਹਿਰ ਵਿਚ ਆਟੋ ਪ੍ਰਣਾਲੀ ਨੂੰ ਦਰੁਸਤ ਕਰਨ ਲਈ ਆਟੋ ਯੂਨੀਅਨ ਦੇ ਅਹੁਦੇਦਾਰਾਂ ਨੂੰ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ। ਉਨਾਂ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਇੰਜਣਾਂ ਵਿਚ ਖ਼ਰਾਬੀ ਵਾਲੇ ਆਟੋ ਰਿਕਸ਼ੇ ਜ਼ਿਆਦਾ ਧੂੰਆਂ ਛੱਡਦੇ ਹਨ, ਜਿਸ ਨਾਲ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਇਸੇ ਤਰਾਂ ਆਟੋ ਰਿਕਸ਼ਿਆਂ ਦੇ ਅੱਗੇ-ਪਿੱਛੇ ਕੋਈ ਰਿਫਲੈਕਟਰ ਲਾਈਟਾਂ ਨਾ ਹੋਣ ਕਾਰਨ ਰਾਤ ਸਮੇਂ ਦਿਖਾਈ ਨਾ ਦੇਣ ਕਰਕੇ ਦੂਜੀਆਂ ਆਉਣ ਵਾਲੀਆਂ ਗੱਡੀਆਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ। ਉਨਾਂ ਕਿਹਾ ਕਿ ਅਕਸਰ ਆਟੋ ਰਿਕਸ਼ਿਆਂ ਦੇ ਡਰਾਈਵਰਾਂ ਵੱਲੋਂ ਸੜਕ ਉੱਪਰ ਸਵਾਰੀ ਦੇਖ ਕੇ ਬਰੇਕ ਲਗਾ ਲਈ ਜਾਂਦੀ ਹੈ, ਜਿਸ ਕਾਰਨ ਪਿੱਛੋਂ ਆ ਰਹੇ ਰਾਹਗੀਰਾਂ ਨੂੰ ਕਾਫੀ ਮੁਸ਼ਕਿਲ ਆ ਜਾਂਦੀ ਹੈ ਅਤੇ ਹਾਦਸੇ ਵੀ ਵਾਪਰ ਸਕਦੇ ਹਨ। ਉਨਾਂ ਇਹ ਵੀ ਕਿਹਾ ਕਿ ਸ਼ਹਿਰ ਵਿਚ ਆਟੋ ਰਿਕਸ਼ਿਆ ਦੇ ਚਾਰ ਸਟੈਂਡ ਹੋਣ ਕਾਰਨ ਆਟੋ ਰਿਕਸ਼ਿਆਂ ਦੇ ਡਰਾਈਵਰ ਇਕ-ਦੂਜੇ ਨਾਲ ਸਵਾਰੀ ਚੁੱਕਣ 'ਤੇ ਬਹਿਸਬਾਜ਼ੀ ਕਰਦੇ ਹਨ ਅਤੇ ਆਪਣੇ ਰੂਟ ਬਦਲ ਕੇ ਦੂਜੇ ਦੇ ਰੂਟ 'ਤੇ ਚਲੇ ਜਾਂਦੇ ਹਨ, ਜਿਸ ਕਾਰਨ ਤਕਰਾਰ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ।
ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਬੱਸ ਸਟੈਂਡ ਤੋਂ ਆਰ. ਸੀ. ਐਫ ਨੂੰ ਚੱਲਣ ਵਾਲੇ ਆਟੋ ਰਿਕਸ਼ਿਆਂ ਦੇ ਅੱਗੇ ਤੇ ਪਿੱਛੇ ਚਿੱਟੇ ਰੰਗ ਦਾ 6 ਇੰਚ ਦਾ ਗੋਲ ਸਟੀਕਰ ਲਗਾਇਆ ਜਾਵੇਗਾ ਅਤੇ ਉਸ ਉੱਤੇ ਨੰਬਰ ਲਿਖਿਆ ਜਾਵੇਗਾ। ਇਸੇ ਤਰਾਂ ਬੱਸ ਸਟੈਂਡ ਤੋਂ ਵਡਾਲਾ ਫਾਟਕ ਨੂੰ ਚੱਲਣ ਵਾਲੇ ਆਟੋ ਰਿਕਸ਼ਿਆਂ 'ਤੇ ਹਲਕੇ ਨੀਲੇ ਰੰਗ ਦਾ, ਬੱਸ ਸਟੈਂਡ ਤੋਂ ਭਵਾਨੀਪੁਰ ਨੂੰ ਚੱਲਣ ਵਾਲਿਆਂ 'ਤੇ ਪੀਲੇ ਰੰਗ ਅਤੇ ਬੱਸ ਸਟੈਂਡ ਤੋਂ ਨਵੀਂ ਕਚਹਿਰੀ ਨੂੰ ਚੱਲਣ ਵਾਲਿਆਂ 'ਤੇ ਹਰੇ ਰੰਗ ਦਾ ਸਟੀਕਰ ਲਗਾਇਆ ਜਾਵੇਗਾ ਅਤੇ ਉਨਾਂ ਉੱਪਰ ਨੰਬਰ ਲਿਖੇ ਜਾਣਗੇ। ਇਸੇ ਤਰਾਂ ਹਰੇਕ ਆਟੋ ਰਿਕਸ਼ਾ ਡਰਾਈਵਰ ਨਿਸ਼ਚਿਤ ਕੀਤੀ ਜਗਾ ਤੋਂ ਹੀ ਸਵਾਰੀ ਬਿਠਾਏਗਾ। ਧੂੰਆਂ ਛੱਡਣ ਵਾਲੇ ਆਟੋ ਰਿਕਸ਼ਿਆਂ ਲਈ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਪ੍ਰਦੂਸ਼ਣ ਜਾਂਚ ਕੈਂਪ ਲਗਾ ਕੇ ਪ੍ਰਦੂਸ਼ਣ ਚੈੱਕ ਕਰਵਾਇਆ ਜਾਵੇਗਾ ਅਤੇ ਜੋ ਆਟੋ ਰਿਕਸ਼ਾ ਸਹੀ ਪਾਇਆ ਜਾਵੇਗਾ, ਉਸ ਦੇ ਅੱਗੇ ਤੇ ਪਿੱਛੇ ਪ੍ਰਦੂਸ਼ਣ ਚੈੱਕ ਪਾਸ ਦਾ ਸਟੀਕਰ ਲਗਾਇਆ ਜਾਵੇਗਾ। ਬਿਨਾਂ ਪ੍ਰਦੂਸ਼ਣ ਚੈੱਕ ਤੋਂ ਕੋਈ ਵੀ ਆਟੋ ਰਿਕਸ਼ਾ ਸੜਕ ਉੱਪਰ ਨਹੀਂ ਚੱਲਣ ਦਿੱਤਾ ਜਾਵੇਗਾ। ਸਮੂਹ ਆਟੋ ਰਿਕਸ਼ਾ ਯੂਨੀਅਨਾਂ ਦੇ ਪ੍ਰਧਾਨਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਆਪਣੇ ਹਰੇਕ ਆਟੋ ਰਿਕਸ਼ੇ ਦੇ ਪਿੱਛੇ ਆਪਣਾ ਮੋਬਾਈਲ ਨੰਬਰ ਲਿਖਾਉਣਗੇ, ਤਾਂ ਜੋ ਕਿਸੇ ਸਵਾਰੀ ਨਾਲ ਕਿਸੇ ਡਰਾਈਵਰ ਵੱਲੋਂ ਕਿਸੇ ਕਿਸਮ ਦੀ ਬਦਤਮੀਜ਼ੀ ਦੀ ਸੂਰਤ ਵਿਚ ਉਸ ਦੀ ਸ਼ਨਾਖਤ ਹੋ ਸਕੇ। ਮੌਕੇ 'ਤੇ ਹਾਜ਼ਰ ਟ੍ਰੈਫਿਕ ਇੰਚਾਰਜ ਐਸ. ਆਈ ਗਿਆਨ ਸਿਘ ਨੂੰ ਇਨਾਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਕਿਹਾ ਗਿਆ।