ਵਿਰਸਾ ਵਿਹਾਰ ਟ੍ਰੇਨਿੰਗ ਅਤੇ ਡਿਵੈਲਪਮੈਂਟ ਸੁਸਾਇਟੀ, ਕਪੂਰਥਲਾ ਦੀ ਅਹਿਮ ਮੀਟਿੰਗ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਵਿਰਸਾ ਵਿਹਾਰ ਟ੍ਰੇਨਿੰਗ ਅਤੇ ਡਿਵੈਲਪਮੈਂਟ ਸੁਸਾਇਟੀ ਮੁਹੰਮਦ ਤਇਅਬ ਦੀ ਪ੍ਰਧਾਨਗੀ ਹੇਠ ਉਨਾਂ ਦੇ ਦਫ਼ਤਰ ਵਿਚ ਹੋਈ, ਜਿਸ ਵਿਚ ਸੁਸਾਇਟੀ ਦੇ ਆਜੀਵਨ ਮੈਂਬਰਾਂ ਤੋਂ ਇਲਾਵਾ ਸਰਕਾਰੀ ਅਤੇ ਗੈਰ-ਸਰਕਾਰੀ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਵਿਰਸਾ ਵਿਹਾਰ ਨਾਲ ਸਬੰਧਤ ਮਹੱਤਵਪੂਰਨ ਮੁੱਦਿਆਂ 'ਤੇ ਵਿਚਾਰ-ਚਰਚਾ ਹੋਈ ਅਤੇ ਇਸ ਦੀ ਬਿਹਤਰੀ ਲਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਤਇਅਬ ਨੇ ਕਿਹਾ ਕਿ ਵਿਰਸਾ ਵਿਹਾਰ ਦੀ ਬਿਹਤਰੀ ਅਤੇ ਇਸ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਸ ਦੀ ਆਮਦਨ ਦੇ ਸਾਧਨ ਵਧਾਏ ਜਾਣਗੇ। ਉਨਾਂ ਦੱਸਿਆ ਕਿ ਇਸ ਸਮੇਂ ਵਿਰਸਾ ਵਿਹਾਰ ਵਿਖੇ ਸੰਗੀਤ ਤੋਂ ਇਲਾਵਾ ਆਰਟ ਤੇ ਪੇਂਟਿੰਗ ਦੀਆਂ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਨਾਂ ਵਿਚ ਲਾਈਟ ਵੋਕਲ, ਕਲਾਸੀਕਲ ਵੋਕਲ ਤੇ ਇੰਸਟੂਮੈਂਟਲ ਸੰਗੀਤ ਅਤੇ ਡਰਾਇੰਗ, ਪੇਂਟਿੰਗ, ਕਲੇਅ ਮਾਡਲਿੰਗ ਅਤੇ ਲੜਕੀਆਂ ਲਈ ਕੱਥਕ ਡਾਂਸ ਸ਼ਾਮਿਲ ਹਨ। ਉਨਾਂ ਕਿਹਾ ਕਿ ਉਕਤ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਹਿੱਤ ਖ਼ਰਚਾ, ਆਮਦਨ ਤੋਂ ਵੱਧ ਹੋ ਰਿਹਾ ਹੈ। ਇਸ ਲਈ ਆਮਦਨ ਦੇ ਸਾਧਨ ਵਧਾਏ ਜਾਣ ਕੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਇਸ ਮੌਕੇ ਅਧਿਆਪਕਾਂ ਦੇ ਮਿਹਨਤਾਨੇ ਦੀ ਰੇਸ਼ੋ ਨੂੰ 65-35 ਕਰਨ ਤੋਂ ਇਲਾਵਾ ਆਡੀਟੋਰੀਅਮ ਅਤੇ ਕਾਨਫਰੰਸ ਹਾਲ ਦੀ ਬੁਕਿੰਗ ਲਈ ਚਾਰਜ ਕੀਤੀਆਂ ਜਾਣ ਵਾਲੀਆਂ ਦਰਾਂ ਵਿਚ ਵਾਧਾ ਕਰਨ ਬਾਰੇ ਫ਼ੈਸਲਾ ਲਿਆ ਗਿਆ। ਇਸ ਮੌਕੇ ਵਿਰਸਾ ਵਿਹਾਰ ਦੀਆਂ ਗਤੀਵਿਧੀਆਂ ਬਾਰੇ ਇਕ ਕੈਲੰਡਰ ਤਿਆਰ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ, ਜਿਸ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਐਸ. ਡੀ. ਐਮ ਕਪੂਰਥਲਾ, ਡੀ. ਐਸ. ਪੀ ਸਪੈਸ਼ਲ ਬ੍ਰਾਂਚ, ਪ੍ਰਿੰਸੀਪਲ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਅਤੇ ਸੁਸਾਇਟੀ ਦੇ ਮੈਨੇਜਰ ਨੂੰ ਮੈਂਬਰ ਲਿਆ ਗਿਆ। ਇਸ ਮੌਕੇ ਆਜੀਵਨ ਮੈਂਬਰਾਂ ਨੇ ਵਿਰਸਾ ਵਿਹਾਰ ਦੀ ਬਿਹਤਰੀ ਲਈ ਹਰ ਸੰਭਵ ਸਹਾਇਤਾ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਐਸ. ਡੀ. ਐਮ ਕਪੂਰਥਲਾ ਡਾ. ਨਯਨ ਭੁੱਲਰ, ਡੀ. ਐਸ. ਪੀ (ਸਪੈਸ਼ਲ ਬ੍ਰਾਂਚ) ਸ. ਸੰਦੀਪ ਸਿੰਘ ਮੰਡ, ਵਿਰਸਾ ਵਿਹਾਰ ਦੇ ਮੈਨੇਜਰ ਸ੍ਰੀ ਆਰ. ਸੀ ਬਿਰਹਾ, ਪ੍ਰਿੰਸੀਪਲ ਜਤਿੰਦਰ ਕੌਰ ਧੀਰ, ਡਾ. ਰਣਬੀਰ ਕੌਸ਼ਲ, ਸ੍ਰੀ ਐਸ. ਐਲ ਅਰੋੜਾ, ਸ੍ਰੀ ਮੁਕੇਸ਼ ਦੁੱਗਲ, ਸ੍ਰੀ ਰਮਨ ਵਧਵਾ, ਸ੍ਰੀਮਤੀ ਸੁਰਜੀਤ ਕੌਰ ਤੇ ਹੋਰ ਹਾਜ਼ਰ ਸਨ।