ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਮ ਦੁੱਧ ਖਪਤਕਾਰ ਤੱਕ ਗੁਣਵੱਤਾ ਭਰਪੂਰ ਦੁੱਧ ਦੀ ਪਹੁੰਚ ਯਕੀਨੀ ਬਣਾਉਣ ਲਈ ਡਿਪਟੀ ਡਾਇਰੈਕਟਰ ਡੇਅਰੀ ਦਿਲਬਾਗ ਸਿੰਘ ਦੀ ਟੀਮ ਵੱਲੋਂ ਪਟਿਆਲਾ ਦੇ ਅੱਜ ਵਾਰਡ ਨੰਬਰ. 27 ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਘਰਾਂ ਵਿੱਚ ਵਰਤੇ ਜਾਣ ਵਾਲੇ ਦੁੱਧ ਦੀ ਮੌਕੇ 'ਤੇ ਹੀ ਮੁਫ਼ਤ ਜਾਚ ਕਰਕੇ ਦੁੱਧ ਵਿਚਲੇ ਹਾਨੀਕਾਰਕ ਅਤੇ ਮਿਲਾਵਟੀ ਤੱਤਾ ਤੋਂ ਇਲਾਵਾ ਦੁੱਧ ਦੀ ਗੁਣਵੱਤਾ ਬਾਰੇ ਵੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਇਸ ਕੈਂਪ ਬਾਰੇ ਜਾਣਕਾਰੀ ਦਿੰਦਿਆ ਡੇਅਰੀ ਇੰਸਪੈਕਟਰ ਦਲਬੀਰ ਕੁਮਾਰ ਨੇ ਦੱਸਿਆ ਕਿ ਅੱਜ ਕੁੱਲ 32 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 20 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ 15 ਤੋਂ 40 ਪ੍ਰਤੀਸ਼ਤ ਤੱਕ ਪਾਈ ਗਈ ਅਤੇ 12 ਸੈਂਪਲ ਮਿਆਰਾਂ ਅਨੁਸਾਰ ਪਾਏ ਗਏ। ਇਨ੍ਹਾਂ ਸੈਂਪਲ ਵਿਚੋਂ ਹਾਨੀਕਾਰਕ ਰਸਾਇਣ ਸਬੰਧੀ ਕੋਈ ਪੁਸ਼ਟੀ ਨਹੀਂ ਪਾਈ ਗਈ। ਉਨ੍ਹਾਂ ਦੱਸਿਆ ਕਿ ਤਿਉਹਾਰ ਦੇ ਦਿਨਾਂ ਵਿੱਚ ਮਿਲਾਵਟ ਜ਼ਿਆਦਾ ਹੋਣ ਕਾਰਨ ਇਹ ਕੈਂਪ ਲਗਾਤਾਰ ਲੱਗਦੇ ਰਹਿਣਗੇ। ਇਸ ਮੌਕੇ ਸ਼੍ਰੀ ਰਵਿੰਦਰ ਟੋਨੀ ਅਤੇ ਸ਼੍ਰੀਮਤੀ ਰੇਖਾ ਰਾਣੀ ਐਮ.ਸੀ, ਡੇਅਰੀ ਵਿਕਾਸ ਇੰਸਪੈਕਟਰ ਸ਼੍ਰੀ ਜੈ ਕਿਸ਼ਨ, ਸ਼੍ਰੀ ਰਾਜਿੰਦਰ ਸਿੰਘ ਸਮੇਤ ਇਲਾਕਾ ਨਿਵਾਸੀ ਮੌਜੂਦ ਸਨ।