ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤਮੰਦ ਅਤੇ ਨਿਰੋਗ ਜੀਵਨ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੱਛੀ ਪਾਲਣ ਵਿਭਾਗ ਵੱਲੋਂ ਸ਼ਹਿਰ ਦੇ ਮੱਛੀ ਵੇਚਣ ਵਾਲੇ ਸਥਾਨਾਂ ਦੀ ਅਚਨਚੇਤ ਜਾਂਚ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆ ਮੁੱਖ ਕਾਰਜਕਾਰੀ ਅਫ਼ਸਰ ਪਵਨ ਕੁਮਾਰ ਨੇ ਦੱਸਿਆ ਕਿ ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਡਾ. ਮਦਨ ਮੋਹਨ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਸ਼ਹਿਰ ਦੇ ਮੱਛੀ ਬਾਜ਼ਾਰ ਦੀ ਜਾਂਚ ਕੀਤੀ ਗਈ ਹੈ। ਮੁੱਖ ਕਾਰਜਕਾਰੀ ਅਫ਼ਸਰ ਨੇ ਦੱਸਿਆ ਕਿ ਮੱਛੀ ਬਾਜ਼ਾਰ ਦੀ ਚੈਕਿੰਗ ਲਈ ਵਿਸ਼ੇਸ਼ ਟੈਕਨੀਕਲ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਮੱਛੀ ਪ੍ਰਸਾਰ ਅਫ਼ਸਰ ਗੁਰਜੀਤ ਸਿੰਘ, ਸੀਨੀਅਰ ਮੱਛੀ ਪਾਲਣ ਅਫ਼ਸਰ ਹਰਦੀਪ ਕੌਰ, ਮੱਛੀ ਪਾਲਣ ਅਫ਼ਸਰ ਵੀਰਪਾਲ ਕੌਰ ਅਤੇ ਜ਼ਿਲ੍ਹਾ ਹੈਲਥ ਅਫ਼ਸਰ ਡਾ. ਕ੍ਰਿਸਨ ਸਿੰਘ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਦੇ ਮੱਛੀ ਮਾਰਕੀਟ ਨੇੜੇ ਕਚਿਹਰੀਆਂ, ਮੱਛੀ ਮਾਰਕੀਟ ਸਨੌਰੀ ਅੱਡਾ, ਮੱਛੀ ਮਾਰਕੀਟ ਮਥੁਰਾ ਕਲੋਨੀ ਵਿਖੇ ਚੈਕਿੰਗ ਕੀਤੀ ਗਈ ਹੈ। ਸ਼੍ਰੀ ਪਵਨ ਕੁਮਾਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਕੁੱਲ 13 ਦੁਕਾਨਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ ਹੈ ਅਤੇ ਹਰੇਕ ਦੁਕਾਨ ਵਿੱਚੋਂ ਤਿੰਨ ਤੋਂ ਚਾਰ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਚੈਕਿੰਗ ਲਈ ਫਾਰਮੈਲਡੀਹਾਈਡ ਡਿਟੈਕਸ਼ਨ ਕਿੱਟ ਫਾਰ ਫਰੈਸ ਫਿਸ ਦੀ ਵਰਤੋ ਕੀਤੀ ਗਈ ਹੈ ਅਤੇ ਜਾਂਚ ਦੌਰਾਨ ਪਾਇਆ ਗਿਆ ਹੈ ਕਿ ਕਿਸੇ ਵੀ ਮੱਛੀ ਵਿੱਚ ਫਾਰਮੁਲੀਨ ਨਹੀ ਹੈ ਅਤੇ ਮੱਛੀਆਂ ਵਰਤੋਯੋਗ ਅਤੇ ਵੇਚਣਯੋਗ ਹਨ। ਉਨ੍ਹਾਂ ਕਿਹਾ ਕਿ ਮੱਛੀ ਪਾਲਣ ਵਿਭਾਗ ਵੱਲੋਂ ਸਮੇਂ-ਸਮੇਂ 'ਤੇ ਅਜਿਹੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਕਿਸਮ ਦੀ ਕੋਈ ਕਮੀ ਪਾਈ ਗਈ ਤਾਂ ਢੁਕਵੀ ਕਰਵਾਈ ਕੀਤੀ ਜਾਵੇਗੀ।