ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ-ਵੱਖ ਸਰਕਾਰੀ ਵਿਭਾਗਾਂ ਵਲੋਂ ਨਾ ਸਿਰਫ਼ ਕਿਸਾਨਾਂ ਨੂੰ ਝੋਨੇ ਦੀ ਨਾੜ/ਪਰਾਲੀ ਨਾ ਸਾੜਣ ਸਬੰਧੀ ਅਪੀਲ ਕੀਤੀ ਜਾ ਰਹੀ ਹੈ ਬਲਕਿ ਸਕੂਲੀ ਪੱਧਰ 'ਤੇ ਵੀ ਵਿਦਿਆਰਥੀਆਂ ਨੂੰ ਵੀ ਇਸ ਸਮੱਸਿਆ ਸਬੰਧੀ ਜਾਣੂੰ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਕਰਨ ਦਾ ਮੁੱਖ ਮੰਤਵ ਉਨਾਂ ਦੇ ਮਾਪਿਆਂ ਤੱਕ ਪਰਾਲੀ ਨਾ ਸਾੜਣ ਦਾ ਸੁਨੇਹਾ ਪਹੁੰਚਾੳਣਾ ਹੈ। ਇਸ ਲੜੀ ਤਹਿਤ ਅੱਜ ਖੇਤੀਬਾੜੀ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਸ਼ਮੀਰ ਵਿਖੇ ਵਿਦਿਆਰਥੀਆਂ ਨੂੰ ਪਰਾਲੀ ਸਾੜਣ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ ਗਿਆ। ਉਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਤਾ-ਪਿਤਾ ਨੂੰ ਵੀ ਪਰਾਲੀ ਨਾ ਸਾੜਣ ਸਬੰਧੀ ਪ੍ਰੇਰਿਤ ਕਰਨ। ਇਸੇ ਤਰਾਂ ਪਿੰਡ ਮੱਲਵਾਲਾ ਅਤੇ ਭਗਵਾਨਗੜ ਬਲਾਕ ਸੰਗਤ ਵਿਖੇ ਕਿਸਾਨ ਸਿਖਲਾਈ ਕੈਂਪ ਲਗਵਾਇਆ ਗਿਆ, ਜਿੱਥੇ ਕਿਸਾਨਾਂ ਨੂੰ ਪਰਾਲੀ ਜਲਾਉਣ ਦੀ ਬਜਾਏ ਉਸ ਨੂੰ ਖੇਤਾਂ ਵਿਚ ਹੀ ਵਾਹੁਣ ਬਾਰੇ ਜਾਣਕਾਰੀ ਦਿੱਤੀ ਗਈ। ਪਿੰਡ ਕਲਿਆਣ ਸੁੱਖਾ ਦੇ ਕਿਸਾਨ ਬਲਜੀਤ ਸਿੰਘ ਨੇ ਆਪਣੇ 3 ਏਕੜ ਦੇ ਖੇਤ ਵਿਚ ਝੋਨਾ ਕੱਟਣ ਉਪਰੰਤ ਪਾਣੀ ਨਾਲ ਖੇਤ ਭਰਕੇ ਪਰਾਲੀ ਨੂੰ ਟਰੈਕਟਰ ਨਾਲ ਵਾਹ ਕੇ ਪਾਣੀ ਦੇ ਵਿਚ ਹੀ ਦਬਾ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਡਾ. ਬਹਾਦਰ ਸਿੰਘ ਸਿੱਧੂ ਨੇ ਦੱਸਿਆ ਕਿ ਰੋਟਾਵੇਟਰ ਇਸਤੇਮਾਲ ਕਰਦਿਆਂ ਸਾਰੇ ਖੇਤ ਨੂੰ ਵਾਹਿਆ ਗਿਆ। 1 ਮਹੀਨੇ ਬਾਅਦ ਇਹ ਖੇਤ ਕਣਕ ਦੀ ਬਿਜ਼ਾਈ ਲਈ ਤਿਆਰ ਹੋ ਜਾਵੇਗਾ। ਰਾਮਪੁਰਾ ਬਲਾਕ ਵਿਖੇ ਖੇਤੀਬਾੜੀ ਵਿਭਾਗ ਵਲੋਂ ਨੋਡਲ ਅਫ਼ਸਰਾਂ ਨਾਲ ਬੈਠਕ ਕਰਕੇ ਉਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਸਮੱਗਰੀ ਵੰਡੀ ਗਈ। ਇਸੇ ਤਰਾਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ-ਵੱਖ ਨਗਰ ਪੰਚਾਇਤਾਂ ਵਿੱਚ ਸਫ਼ਾਈ ਕੀਤੀ ਗਈ। ਨਗਰ ਪੰਚਾਇਤਾ ਮਲੂਕਾ, ਨਗਰ ਕੌਂਸਲ ਰਾਮਾਂ ਮੰਡੀ ਨਜ਼ਦੀਕ ਐਚ.ਡੀ.ਐਫ.ਸੀ. ਬੈਂਕ, ਨਗਰ ਪੰਚਾਇਤ ਤਲਵੰਡੀ ਸਾਬੋ ਨਜ਼ਦੀਕ ਮਸਤੂਆਣਾ ਸਾਹਿਬ, ਨਗਰ ਪੰਚਾਇਤ ਲਹਿਰਾ ਮੁਹੱਬਤ ਦੀਆਂ ਗਲੀਆਂ-ਨਾਲੀਆਂ, ਨਗਰ ਪੰਚਾਇਤ ਕੋਟਸ਼ਮੀਰ ਵਿੱਚ ਖਾਲੀ ਪਈਆਂ ਥਾਂਵਾਂ, ਨਗਰ ਪੰਚਾਇਤ ਨਥਾਣਾ ਵਲੋਂ ਗਲੀਆਂ ਅਤੇ ਨਾਲੀਆਂ ਆਦਿ ਦੀ ਸ਼ਫਾਈ ਕਰਵਾਈ ਗਈ। ਸਰਕਾਰੀ ਸਕੂਲਾਂ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਦਿਆਰਥੀਆਂ ਵਲੋਂ ਪਾਣੀ ਦੇ ਸੋਮਿਆਂ ਦੇ ਨੇੜੇ ਦੀ ਸਫ਼ਾਈ ਕਰਵਾਈ ਗਈ। ਸਰਕਾਰੀ ਹਾਈ ਸਕੂਲ ਭਾਈ ਬਖਤੌਰ, ਤਿਉਣਾ, ਸਰਕਾਰੀ ਹਾਈ ਸਕੂਲ ਗੁਰੂ ਨਾਨਕ ਪੁਰਾ, ਸਰਕਾਰੀ ਹਾਈ ਸਕੂਲ ਘਨੱਈਆ ਨਗਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਸ਼ਮੀਰ, ਵਿਖੇ ਪਾਣੀ ਦੀ ਸੰਭਾਲ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ।