ਡੇਅਰੀ ਵਿਕਾਸ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਦੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਗੁਣਵੱਤਾ ਭਰਪੂਰ ਦੁੱਧ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਲੜੀ ਤਹਿਤ ਅੱਜ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਦਿਲਬਾਗ ਸਿੰਘ ਦੀ ਟੀਮ ਵਲੋਂ ਪਟਿਆਲਾ ਦੇ ਵਾਰਡ ਨੰਬਰ 26 ਵਿਖੇ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਮੌਕੇ ਡੇਅਰੀ ਵਿਕਾਸ ਵਿਭਾਗ ਵੱਲੋਂ ਕੈਂਪ ਵਿੱਚ ਲੋਕਾਂ ਨੂੰ ਘਰਾਂ ਵਿੱਚ ਵਰਤਿਆ ਜਾਣ ਵਾਲਾ ਦੁੱਧ ਮੌਕੇ 'ਤੇ ਹੀ ਮੁਫ਼ਤ ਜਾਂਚ ਕਰਕੇ ਦੁੱਧ ਵਿਚਲੇ ਹਾਨੀਕਾਰਕ ਮਿਲਾਵਟ ਤੋਂ ਇਲਾਵਾ ਦੁੱਧ ਦੀ ਗੁਣਵੱਤਾ ਬਾਰੇ ਜਾਣੂ ਕਰਵਾਇਆ ਗਿਆ। ਇਸ ਕੈਂਪ ਵਿੱਚ ਕੁੱਲ 36 ਦੁੱਧ ਦੇ ਸੈਂਪਲਾਂ ਦੀ ਜਾਂਚ ਕੀਤੇ ਗਈ, ਜਿਨ੍ਹਾਂ ਵਿੱਚੋਂ 21 ਸੈਂਪਲਾਂ ਵਿੱਚ ਪਾਣੀ ਦੀ ਮਿਲਾਵਟ 15% ਤੋਂ 40% ਤੱਕ ਪਾਈ ਗਈ ਅਤੇ 15 ਸੈਂਪਲ ਮਿਆਰਾਂ ਅਨੁਸਾਰ ਪਾਏ ਗਏ। ਇਨ੍ਹਾਂ ਸੈਂਪਲ ਵਿੱਚੋਂ ਹਾਨੀਕਾਰਕ ਰਸਾਇਣ ਸਬੰਧੀ ਕੋਈ ਪੁਸ਼ਟੀ ਨਹੀਂ ਪਾਈ ਗਈ।ਇਸ ਮੌਕੇ ਡੇਅਰੀ ਵਿਕਾਸ ਇੰਸਪੈਕਟਰ ਸ਼੍ਰੀ ਦਲਬੀਰ ਸਿੰਘ ਨੇ ਦੱਸਿਆ ਕਿ ਭਵਿੱਖ ਵਿੱਚ ਇਸ ਤਰਾਂ ਦੇ ਹੋਰ ਮੁਫ਼ਤ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਸਮੇਂ-ਸਮੇਂ 'ਤੇ ਲਗਾਏ ਜਾਂਦੇ ਰਹਿਣਗੇ। ਉਨ੍ਹਾਂ ਕਿਹਾ ਅਜਿਹੇ ਕੈਂਪਾਂ ਦਾ ਮਨੋਰਥ ਦੁੱਧ ਖਪਤਕਾਰਾਂ ਵਿੱਚ ਸਾਫ਼ ਅਤੇ ਸ਼ੁੱਧ ਦੁੱਧ ਬਾਰੇ ਜਾਗ੍ਰਿਤੀ ਪੈਦਾ ਕਰਨਾ ਹੈ। ਕੁੱਝ ਸ਼ਰਾਰਤੀ ਅਨਸਰ ਆਪਣੇ ਲਾਲਚ ਲਈ ਦੁੱਧ ਵਿੱਚ ਮਿਲਾਵਟ ਕਰਦੇ ਹਨ। ਜਿਸ ਨਾਲ ਲੋਕਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ। ਕਈ ਕੇਸਾਂ ਵਿੱਚ ਮਾਰੂ ਬਿਮਾਰੀਆਂ ਲੱਗਣ ਦਾ ਵੀ ਖ਼ਤਰਾ ਬਣ ਜਾਂਦਾ ਹੈ।ਇਸ ਮੌਕੇ ਡਿਊਟੀ 'ਤੇ ਡੇਅਰੀ ਵਿਕਾਸ ਇੰਸਪੈਕਟਰ ਸ਼੍ਰੀ ਜੈ ਕਿਸ਼ਨ, ਲਖਮੀਰ ਸਿੰਘ ਅਤੇ ਸ਼੍ਰੀ ਰਾਜਿੰਦਰ ਸਿੰਘ ਤੇ ਹੋਰ ਪਤਵੰਤੇ ਵੀ ਮੌਜੂਦ ਸਨ।