ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਲਾਕ ਅਤੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਕਰਵਾਉਣ ਸਬੰਧੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਸ. ਰਣਜੀਤ ਸਿੰਘ ਸਹਾਇਕ ਕਮਿਸ਼ਨਰ (ਜ) ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਸ੍ਰ: ਸਰਬਜੀਤ ਸਿੰਘ ਬੇਦੀ ਜ਼ਿਲ੍ਹਾ ਯੂਥ ਕੁਆਰਡੀਨੇਟਰ ਨਹਿਰੂ ਯੁਵਾ ਕੇਂਦਰ ਵੱਲੋਂ ਹਾਜ਼ਰ ਮੈਂਬਰਾਂ ਨੂੰ ਜੀ ਆਇਆ ਕਹਿ ਕੇ ਪ੍ਰਧਾਨ ਜੀ ਦੀ ਆਗਿਆ ਨਾਲ ਮੀਟਿੰਗ ਦੇ ੲਜੰਡੇ ਬਾਰੇ ਚਰਚਾ ਕੀਤੀ ਗਈ। ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਹ ਮੁਕਾਬਲੇ ਨਹਿਰੂ ਯੁਵਾ ਕੇਂਦਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਹੋਣਗੇ। ਇਨ੍ਹਾਂ ਭਾਸ਼ਣ ਮੁਕਾਬਲਿਆਂ ਦਾ ਵਿਸ਼ਾ ਦੇਸ਼-ਭਗਤੀ ਅਤੇ ਰਾਸ਼ਟਰੀ ਨਿਰਮਾਣ ਹੋਵੇਗਾ। ਇਹ ਮੁਕਾਬਲੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ਕਰਵਾਏ ਜਾਣਗੇ, ਜਿਨ੍ਹਾਂ ਦੀ ਸਮੇਂ ਸੀਮਾ ਅੱਠ ਤੋਂ ਦਸ ਮਿੰਟ ਹੋਵੇਗੀ। ਇਨ੍ਹਾਂ ਮੁਕਾਬਲਿਆਂ ਵਿਚ ਕਿਸੇ ਵੀ ਵਰਗ ਦੇ 18 ਤੋਂ 29 ( 01-09-2018 ਤੱਕ) ਸਾਲ ਦੀ ਉਮਰ ਦੇ ਨੌਜਵਾਨ ਲੜਕੇ ਤੇ ਲੜਕੀਆਂ ਹਿੱਸਾ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਫਾਰਮ ਭਰਨ ਦੀ ਆਖ਼ਰੀ ਮਿਤੀ 22 ਅਕਤੂਬਰ 2018 ਹੋਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਬਲਾਕ ਪੱਧਰ ਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਜੇਤਾ ਨੂੰ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਬਲਾਕ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਜੇਤਾ ਜ਼ਿਲ੍ਹਾ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲੈਣਗੇ ਅਤੇ ਉਨ੍ਹਾਂ ਨੂੰ ਪਹਿਲਾ, ਦੂਜਾ ਤੇ ਤੀਜਾ ਇਨਾਮ 5 ਹਜ਼ਾਰ, 2 ਹਜ਼ਾਰ, 1 ਹਜ਼ਾਰ ਨਗਦ ਰਾਸ਼ੀ ਅਤੇ ਪ੍ਰਮਾਣ ਪੱਤਰ ਦਿੱਤੇ ਜਾਣਗੇ। ਜ਼ਿਲ੍ਹਾ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਜੇਤਾ ਰਾਜ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਉਨ੍ਹਾਂ ਨੂੰ ਪਹਿਲਾ, ਦੂਜਾ ਤੇ ਤੀਜਾ ਇਨਾਮ 25 ਹਜ਼ਾਰ, 10 ਹਜ਼ਾਰ, 5 ਹਜ਼ਾਰ ਨਗਦ ਰਾਸ਼ੀ ਅਤੇ ਪ੍ਰਮਾਣ ਪੱਤਰ ਦਿੱਤੇ ਜਾਣਗੇ। ਰਾਜ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਜੇਤਾ ਨੂੰ ਰਾਸ਼ਟਰ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਵਿਚ ਹਿੱਸਾ ਲੈਣਗੇ, ਜਿਸ ਵਿਚ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਜੇਤਾ ਨੂੰ ਪਹਿਲਾ ਇਨਾਮ 2 ਲੱਖ, ਦੂਜਾ ਇਨਾਮ 1 ਲੱਖ ਅਤੇ ਤੀਜਾ ਇਨਾਮ 50 ਹਜ਼ਾਰ ਦਿੱਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਸ. ਸਰਬਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਬਲਾਕ ਪੱਧਰੀ ਮੁਕਾਬਲੇ ਬਲਾਕ ਫ਼ਿਰੋਜ਼ਪੁਰ ਲਈ ਆਰ.ਐਸ.ਡੀ. ਕਾਲਾਜ ਫ਼ਿਰੋਜ਼ਪੁਰ ਸ਼ਹਿਰ, ਘੱਲ ਖ਼ੁਰਦ ਬਲਾਕ ਦੇ ਮੁਕਾਬਲੇ ਸੀਨੀ. ਸੈਕੰਡਰੀ ਸਕੂਲ ਲੜਕੀਆਂ ਤਲਵੰਡੀ ਭਾਈ ਵਿਖੇ, ਬਲਾਕ ਜ਼ੀਰਾ ਦੇ ਮੁਕਾਬਲੇ ਸੀਨੀ. ਸੈਕੰਡਰੀ ਸਕੂਲ ਲੜਕੀਆਂ ਜ਼ੀਰਾ ਵਿਖੇ, ਬਲਾਕ ਮੱਖੂ ਦੇ ਮੁਕਾਬਲੇ ਸੀਨੀ. ਸੈਕੰਡਰੀ ਸਕੂਲ ਮੱਖੂ, ਬਲਾਕ ਮਮਦੋਟ ਦੇ ਮੁਕਾਬਲੇ ਸੀਨੀ. ਸੈਕੰਡਰੀ ਸਕੂਲ ਲੜਕੇ ਮਮਦੋਟ ਅਤੇ ਬਲਾਕ ਗੁਰੂਹਰਸਹਾਏ ਦੇ ਮੁਕਾਬਲੇ ਸੀਨੀ. ਸੈਕੰਡਰੀ ਸਕੂਲ ਲੜਕੀਆਂ ਗੁਰੂਹਰਸਹਾਏ ਵਿਖੇ ਮਿਤੀ 29 ਅਕਤੂਬਰ 2018 ਨੂੰ ਸਵੇਰੇ 11 ਵਜੇ ਕਰਵਾਏ ਜਾਣਗੇ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲੇ ਮਿਤੀ 31 ਅਕਤੂਬਰ 2018 ਨੂੰ ਕਰਵਾਏ ਜਾਣਗੇ। ਇੰਨ੍ਹਾਂ ਬਲਾਕ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਸਬੰਧੀ ਜਾਣਕਾਰੀ ਲਈ ਮੋਬਾਈਲ ਨੰ: 98151-98179, 94176-64551, 01632-502363 ਜਾਂ ਈ-ਮੇਲ [email protected] ਤੇ ਸੰਪਰਕ ਕਰ ਸਕਦੇ ਹਨ। ਇਸ ਸਬੰਧੀ ਫਾਰਮ ਦਫ਼ਤਰ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।ਇਸ ਮੌਕੇ ਸ. ਗੁਰਪ੍ਰੀਤ ਸਿੰਘ ਪ੍ਰਿੰਸੀਪਲ ਪੌਲਟੈਕਨੀਕਲ ਵਿੰਗ ਐਸ.ਬੀ.ਐਸ ਟੈਕਨੀਕਲ ਕੈਂਪਸ, ਸ਼੍ਰੀ ਰਾਜੀਵ ਕੁਮਾਰ ਪ੍ਰਿੰਸੀਪਲ ਸਰਕਾਰੀ ਕਾਲਜ ਫਿਰੋਪਜ਼ੁਰ, ਸ੍ਰ; ਬਲਕਾਰ ਸਿੰਘ ਪ੍ਰਿੰਸੀਪਲ ਗੋਰਮੈਂਟ ਪੋਲੀਟੈਕਨਿਕ ਕਾਲਜ, ਸ਼੍ਰੀ ਸੰਦੀਪ ਕੁਮਾਰ ਨੁਮਾਇੰਦਾ ਜ਼ਿਲ੍ਹਾ ਸਿੱਖਿਆ ਅਫ਼ਸਰ, ਸ਼੍ਰੀ ਮਾਧੋ ਸਿੰਘ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ, ਸ੍ਰ. ਹਰਮੀਤ ਸਿੰਘ ਪ੍ਰਿੰਸੀਪਲ ਆਈ.ਟੀ.ਆਈ (ਲੜਕੀਆਂ) ਫ਼ਿਰੋਜ਼ਪੁਰ, ਸ. ਜਗਦੀਸ਼ ਸਿੰਘ ਪ੍ਰੋਫੈਸਰ ਗੁਰੂ ਨਾਨਕ ਕਾਲਜ, ਸ਼੍ਰੀ ਵਿਕਰਮਜੀਤ ਸਿੰਘ ਪ੍ਰਧਾਨ ਸ਼ਹੀਦ ਊਧਮ ਸਿੰਘ ਯੂਥ ਐਂਡ ਸਪੋਰਟਸ ਕਲੱਬ ਅਤੇ ਸ. ਹਰਦਵਿੰਦਰ ਸਿੰਘ ਪ੍ਰਧਾਨ ਦਸ਼ਮੇਸ਼ ਯੂਥ ਕਲੱਬ, ਸ. ਬਾਜ਼ ਸਿੰਘ ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਹਾਜ਼ਰ ਸਨ।