ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵਲੋਂ ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਬਾਰੇ ਜਾਣਕਾਰੀ ਦੇਣ ਲਈ ਪਿੰਡ ਪੂੰਨਾਵਾਲ ਵਿਖੇ ਕਿਸਾਨਾਂ ਅਤੇ ਵਿਗਿਆਨੀਆਂ ਦੀ ਵਿਚਾਰ-ਗੋਸ਼ਟੀ ਆਯੋਜਿਤ ਕੀਤੀ ਗਈ। ਇਸ ਗੋਸ਼ਟੀ ਵਿੱਚ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਐਮ.ਐਲ.ਏ. ਧੂਰੀ ਸ. ਦਲਬੀਰ ਸਿੰਘ ਗੋਲਡੀ ਦੇ ਪਿਤਾ ਸ. ਬਲਦੇਵ ਸਿੰਘ ਖੰਗੂੜਾ ਨੇ ਹਾਜ਼ਰ ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਸਿੱਖਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਥਾਨਕ ਖੇਤੀ ਮਾਹਿਰਾਂ ਦੀ ਵੱਧ ਤੋਂ ਵੱਧ ਸਲਾਹ ਅਤੇ ਸੇਵਾਂਵਾਂ ਲੈਣ ਲਈ ਪ੍ਰੇਰਿਤ ਕੀਤਾ।ਡਾ. ਮਨਦੀਪ ਸਿੰਘ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਨੇ ਕੇ.ਵੀ.ਕੇ ਵਲੋਂ ਪਰਾਲੀ ਦੇ ਯੋਗ ਪ੍ਰਬੰਧਨ ਲਈ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਤਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਪਰਾਲੀ ਨੂੰ ਖੇਤ ਵਿੱਚ ਹੀ ਸਾਂਭਣ ਲਈ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ. ਵਾਲੀ ਕੰਬਾਇਨ ਨਾਲ ਕਰਵਾਉਣ ਮਗਰੋਂ ਹੈਪੀ ਸੀਡਰ ਨਾਲ ਸਿੱਧੇ ਹੀ ਕਣਕ ਦੀ ਬਿਜਾਈ ਕਰਨ ਤੇ ਜ਼ੋਰ ਦਿੱਤਾ। ਉਨਾਂ੍ਹ ਦੱਸਿਆ ਕਿ ਇਸ ਤਕਨੀਕ ਨਾਲ ਬੀਜੀ ਕਣਕ ਵਿੱਚ ਨਦੀਨ ਘੱਟ ਉੱਗਦੇ ਹਨ ਅਤੇ ਨਦੀਨ ਨਾਸ਼ਕਾਂ ਦੇ ਛਿੜਕਾਅ ਦਾ ਖਰਚਾ ਵੀ ਘਟਦਾ ਹੈ।ਡਾ. ਬੂਟਾ ਸਿੰਘ ਰੋਮਾਣਾ ਮੁਖੀ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੇ ਪਰਾਲੀ ਨੂੰ ਅੱਗ ਲਾਉਣ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਣਕਾਰੀ ਦਿੱਤੀ। ਉਨਾਂ੍ਹ ਮਲਚਰ, ਚੌਪਰ ਅਤੇ ਪਲਟਾਵੇਂ ਹਲਾਂ ਦੀ ਵਰਤੋਂ ਕਰਕੇ ਪਰਾਲੀ ਸਾਂਭਣ ਬਾਰੇ ਵੀ ਦੱਸਿਆ। ਇਸ ਤੋਂ ਇਲਾਵਾ ਉਨਾਂ੍ਹ ਕਣਕ ਦੀਆਂ ਨਵੀਆਂ ਕਿਸਮਾਂ ਉਨੱਤ ਪੀ ਬੀ ਡਬਲਯੂ 343, 550 ਅਤੇ ਪੀ ਬੀ ਡਬਲਯੂ 1 ਜ਼ਿੰਕ ਬਾਰੇ ਵੀ ਜਾਣਕਾਰੀ ਦਿੱਤੀ। ਉਨਾਂ੍ਹ ਕਿਸਾਨਾਂ ਨੂੰ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਸਬਜ਼ੀਆਂ, ਦਾਲਾਂ ਅਤੇ ਤੇਲ ਬੀਜ ਉਗਾਉਣ ਲਈ ਵੀ ਪ੍ਰੇਰਿਤ ਕੀਤਾ।
ਡਾ. ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ, ਸੰਗਰੂਰ ਨੇ ਕੌਮੀ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ। ਉਨਾਂ੍ਹ ਪਰਾਲੀ ਦੀ ਸੰਭਾਲ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਦੱਸਿਆ। ਡਾ. ਸਤਬੀਰ ਸਿੰਘ ਨੇ ਪਸ਼ੂ ਪਾਲਣ ਵਿੱਚ ਪਰਾਲੀ ਦੀ ਵਰਤੋਂ ਬਾਰੇ ਅਤੇ ਡਾ. ਪਵਨ ਕੁਮਾਰ ਨੇ ਝੋਨੇ ਵਿੱਚ ਚਿੱਟੇ ਅਤੇ ਭੂਰੇੇ ਤੇਲੇ ਦੀ ਰੋਕਥਾਮ ਦੇ ਨਾਲ-ਨਾਲ ਕਣਕ ਦੇ ਬੀਜ਼ ਦੀ ਸੋਧ ਬਾਰੇ ਜਾਣਕਾਰੀ ਦਿੱਤੀ।ਅਗਾਂਹਵਧੂ ਕਿਸਾਨ ਸ. ਹਰਵਿੰਦਰ ਸਿੰਘ ਭੱਦਲਵੱਡ ਨੇ ਪਰਾਲੀ ਪ੍ਰਬੰਧਨ ਲਈ ਚੌਪਰ ਅਤੇ ਹੈਪੀ ਸੀਡਰ ਬਾਰੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਲਈ ਉਤਸ਼ਾਹਿਤ ਕੀਤਾ। ਸ. ਜਰਨੈਲ ਸਿੰਘ, ਸੈਕਟਰੀ ਸਹਿਕਾਰੀ ਸਭਾ ਕਾਂਝਲਾ ਨੇ ਉਨਾਂ੍ਹ ਦੀ ਸੁਸਾਇਟੀ ਵਲੋਂ ਪਰਾਲੀ ਪ੍ਰਬੰਧਨ ਲਈ ਖਰੀਦੀਆਂ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿੱਚ ਸ. ਇੰਦਰਪਾਲ ਸਿੰਘ, ਮੈਂਬਰ ਜ਼ਿਲਾ ਪ੍ਰੀਸ਼ਦ ਅਤੇ ਸ. ਇੰਦਰਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਅਤੇ ਸਹਿਕਾਰੀ ਸਭਾ, ਕਾਂਝਲਾ ਵਲੋਂ ਖੇਤੀ ਮਸ਼ੀਨਰੀ ਦੀ ਨੁਮਾਇਸ਼ ਲਗਾਈ ਗਈ ਅਤੇ ਸਾਰੀਆਂ ਮਸ਼ੀਨਾਂ ਨੂੰ ਖੇਤ ਵਿੱਚ ਚਲਾ ਕੇ ਪ੍ਰਦਰਸ਼ਨ ਵੀ ਕੀਤਾ ਗਿਆ। ਪ੍ਰੋਗਰਾਮ ਦੀ ਸਫਲਤਾ ਵਿੱਚ ਸ. ਕੁਲਵਿੰਦਰ ਸਿੰਘ ਪੱਪੀ, ਪਾਲ ਸਿੰਘ, ਬਾਘ ਸਿੰਘ, ਸੁਖਪਾਲ ਸਿੰਘ, ਕਰਤਾਰ ਸਿੰਘ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਨੱਛਤਰ ਸਿੰਘ ਅਤੇ ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਯੋਗਦਾਨ ਪਾਇਆ।