ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਸੰਗਰੂਰ ਦੇ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਮਾਹੌਲ ਮੁਹੱਈਆ ਕਰਵਾਉਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਪ੍ਰਦੂਸ਼ਣ ਤੋਂ ਹੋਣ ਵਾਲੇ ਨੁਕਸਾਨ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਰੀਜ਼ਨਲ ਟਰਾਂਸਪੋਰਟ ਅਥਾਰਟੀ ਦਫਤਰ ਵੱਲੋਂ ਜ਼ਿਲ੍ਹੇ ਅੰਦਰ ਹਰ ਸਬ ਡਵੀਜ਼ਨ ਪੱਧਰ 'ਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਇਸੇ ਲੜੀ ਤਹਿਤ ਅੱਜ ਸਹਾਇਕ ਟਰਾਂਸਪੋਰਟ ਅਧਿਕਾਰੀ ਗੁਰਚਰਨ ਸਿੰਘ ਸੰਧੂ ਦੀ ਅਗਵਾਈ ਹੇਠ ਟਰੱਕ ਯੂਨੀਅਨ ਭਵਾਨੀਗੜ੍ਹ ਵਿਖੇ ਮੁਫ਼ਤ ਪ੍ਰਦੂਸ਼ਣ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸੰਧੂ ਨੇ ਟਰੱਕ ਯੂਨੀਅਨ ਵਿਖੇ ਸਮੂਹ ਡਰਾਈਵਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਸਿਹਤਮੰਦ ਬਣਾਉਣ ਦੀ ਸਭ ਤੋਂ ਵੱਡੀ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਅੰਦਰ ਹਰੇਕ ਵਾਹਨ ਚਾਲਕ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ, ਤਾਂ ਕਿ ਪ੍ਰਦੂਸ਼ਣ ਰਹਿਤ ਮਾਹੌਲ ਸਿਰਜ ਕੇ ਹਰੇਕ ਨਾਗਰਿਕ ਨੂੰ ਚੰਗਾ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ ਜਿਸਦੇ ਲਈ ਹਰੇਕ ਵਾਹਨ ਚਾਲਕ ਦਾ ਸਹਿਯੋਗ ਜਰੂਰੀ ਹੈ। ਉਨ੍ਹਾਂ ਸਮੂਹ ਟਰੱਕ ਡਰਾਈਵਰਾਂ ਨੂੰ ਅਪੀਲ ਕੀਤੀ ਕਿ ਨਸ਼ੇ ਦੀ ਹਾਲਤ 'ਚ ਕਦੇ ਵੀ ਗੱਡੀ ਨਹੀ ਚਲਾਉਣੀ ਚਾਹੀਦੀ, ਕਿਉਂਕਿ ਨਸ਼ੇ ਦੀ ਹਾਲਤ ਵਿੱਚ ਵਾਹਨ ਚਾਲਕ ਜਾਂ ਕਿਸੇ ਹੋਰ ਨਾਲ ਦੁਰਘਟਨਾ ਵਾਪਰ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਵਾਹਨ ਚਾਲਕ ਨੂੰ ਆਪਣੀਆਂ ਗੱਡੀਆਂ ਦੀ ਸਮੇਂ ਸਮੇਂ ਸਰਵਿਸ ਕਰਵਾਉਣੀ ਚਾਹੀਦੀ ਹੈ ਅਤੇ ਪ੍ਰਦੂਸ਼ਣ ਚੈਕ ਕਰਵਾ ਕੇ ਵਾਹਨ ਦਾ ਫਿਟਨਸ ਸਰਟੀਫਿਕੇਟ ਕੋਲ ਰੱਖਣਾ ਚਾਹੀਦਾ ਹੈ।