ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 150ਵੇਂ ਜਨਮ ਦਿਵਸ ਦੇ ਮੌਕੇ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਸ. ਨਵਜੋਤ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਮਹਾਤਮਾ ਗਾਂਧੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਨ੍ਹਾਂ ਕਿਹਾ ਕਿ ਗਾਂਧੀ ਜੀ ਅਹਿੰਸਾ ਦੇ ਪੁਜਾਰੀ ਸਨ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਮਹਾਨ ਦੇਣ ਨੂੰ ਯਾਦ ਕਰਦਿਆਂ ਮੈਗਾ ਭਲਾਈ ਕੈਂਪਾਂ ਦਾ ਆਯੋਜਨ ਕਰਕੇ ਲੋੜਵੰਦਾਂ ਨੂੰ ਇੱਕ ਮੰਚ 'ਤੇ ਸੁਵਿਧਾਵਾਂ ਦੇਣ ਦਾ ਅਹਿਮ ਉਪਰਾਲਾ ਕੀਤਾ ਗਿਆ ਹੈ। ਇਸ ਉਪਰੰਤ ਸ. ਸਿੱਧੂ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ। ਕੈਬਨਿਟ ਮੰਤਰੀ ਨੇ ਕੈਂਪ ਤਹਿਤ ਦੋ ਦਰਜਨ ਦੇ ਕਰੀਬ ਸਰਕਾਰੀ ਵਿਭਾਗਾਂ ਵੱਲੋਂ ਲਗਾਏ ਗਏ ਸਹਾਇਤਾ ਡੈਸਕਾਂ ਦਾ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਅਤੇ ਐਸ.ਐਸ.ਪੀ ਡਾ. ਸੰਦੀਪ ਗਰਗ ਸਮੇਤ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਅਤੇ ਸੇਵਾਵਾਂ ਹਾਸਲ ਕਰਨ ਪੁੱਜੇ ਲੋਕਾਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪੰਜਾਬ ਸਰਕਾਰ ਦਾ ਫਲੈਗਸ਼ਿਪ ਪ੍ਰੋਗਰਾਮ ਹੈ ਜਿਸ ਦੇ ਤਹਿਤ ਕੇਂਦਰ ਅਤੇ ਰਾਜ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਲਾਭ 31 ਦਸੰਬਰ 2018 ਤੱਕ ਕਮਜ਼ੋਰ ਵਰਗਾਂ ਤੱਕ ਸੌ ਫੀਸਦੀ ਪਹੁੰਚਾਉਣ ਦਾ ਟੀਚਾ ਮਿਥਿਆ ਗਿਆ ਹੈ। ਸ਼੍ਰੀ ਥੋਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਲਗਾਏ ਗਏ ਕੈਂਪਾਂ ਵਿੱਚ ਹੁਣ ਤੱਕ ਜ਼ਿਲ੍ਹਾ ਸੰਗਰੂਰ 'ਚ 45 ਹਜ਼ਾਰ ਤੋਂ ਵੱਧ ਯੋਗ ਬਿਨੇਕਾਰਾਂ ਨੂੰ ਲਾਭ ਮੁਹੱਈਆ ਕਰਵਾਇਆ ਜਾ ਚੁੱਕਾ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਤੰਦਰੁਸਤ ਪੰਜਾਬ ਮਿਸ਼ਨ, ਘਰ ਘਰ ਰੋਜ਼ਗਾਰ, ਡੇਪੋ ਮੁਹਿੰਮ, ਘਰ ਘਰ ਹਰਿਆਲੀ ਸਮੇਤ ਅਨੇਕਾਂ ਅਜਿਹੇ ਪ੍ਰੋਜੈਕਟ ਹਨ ਜਿਨ੍ਹਾਂ ਨਾਲ ਲੋਕਾਂ ਦੇ ਹਿੱਤ ਜੁੜੇ ਹੋਏ ਹਨ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਅਜਿਹੇ ਪ੍ਰੋਜੈਕਟ ਸਫ਼ਲਤਾ ਨਾਲ ਨੇਪਰੇ ਚੜ੍ਹ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੀਆਂ ਸਮੂਹ ਸਬ ਡਵੀਜ਼ਨਾਂ ਅੰਦਰ ਲਗਾਏ ਗਏ ਕੈਂਪਾਂ ਦੌਰਾਨ 5 ਹਜ਼ਾਰ ਤੋਂ ਵੀ ਵੱਧ ਬਿਨੇਕਾਰਾਂ ਵੱਲੋਂ ਲਾਭ ਪ੍ਰਾਪਤ ਕੀਤਾ ਗਿਆ ਹੈ। ਇਸ ਮੌਕੇ ਸ. ਸਿੱਧੂ ਨੇ 'ਘਰ ਘਰ ਰੁਜ਼ਗਾਰ ਯੋਜਨਾ' ਦੇ ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਪਿਛਲੇ ਦਿਨਾਂ ਦੌਰਾਨ ਲਗਾਏ ਗਏ ਰੁਜ਼ਗਾਰ ਮੇਲਿਆਂ 'ਚ ਚੁਣੇ ਗਏ 30 ਬਿਨੇਕਾਰਾਂ ਨੂੰ ਨੌਕਰੀ ਪੇਸ਼ਕਸ਼ ਪੱਤਰ ਪ੍ਰਦਾਨ ਕੀਤੇ। ਉਨ੍ਹਾਂ ਨੇ ਮਗਨਰੇਗਾ ਸਕੀਮ ਤਹਿਤ ਨਵੇਂ ਬਿਨੇਕਾਰਾਂ ਨੂੰ ਜਾਬ ਕਾਰਡ ਵੀ ਪ੍ਰਦਾਨ ਕੀਤੇ। ਸ. ਸਿੱਧੂ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ 'ਤੇ ਪਹੁੰਚਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਸਰਕਾਰੀ ਅਧਿਕਾਰੀਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਘਰ-ਘਰ ਪਹੁੰਚ ਕੇ ਲੋਕਾਂ ਨੂ ੰਲਗਾਤਾਰ ਸਕੀਮਾਂ ਬਾਰੇ ਜਾਗਰੂਕ ਕਰਦੇ ਰਹਿਣ। ਇਸ ਮੌਕੇ ਕੈਬਨਿਟ ਮੰਤਰੀ ਨੇ ਖੇਤੀਬਾੜੀ ਵਿਭਾਗ ਦੀਆਂ 5 ਜਾਗਰੂਕਤਾ ਵੈਨਾਂ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜੋ ਕਿ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨਗੀਆਂ ਅਤੇ ਖੇਤੀ ਮਸ਼ੀਨਰੀ 'ਤੇ ਸਰਕਾਰ ਵੱਲੋਂ ਉਪਲਬਧ ਕਰਵਾਈ ਜਾ ਰਹੀ ਸਬਸਿਡੀ ਬਾਰੇ ਜਾਗਰੂਕ ਕਰਨਗੀਆਂ। ਕੈਂਪ ਦੌਰਾਨ ਸਿਹਤ ਵਿਭਾਗ ਦੀ ਤਰਫੋਂ ਲਗਾਏ ਮੈਡੀਕਲ ਕੈਂਪ ਵਿੱਚ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਤਰਫੋਂ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।ਇਸ ਮੌਕੇ ਪੰਜਾਬ ਕਾਂਗਰਸ ਦੇ ਬੁਲਾਰਾ ਸ਼੍ਰੀਮਤੀ ਦਾਮਨ ਥਿੰਦ ਬਾਜਵਾ, ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਬਿਕਰਮਜੀਤ ਸਿੰਘ ਸ਼ੇਰਗਿੱਲ, ਐਸ.ਡੀ.ਐਮ ਅਵਿਕੇਸ਼ ਗੁਪਤਾ, ਕਾਰਜਕਾਰੀ ਮੈਜਿਸਟਰੇਟ ਪਵਿੱਤਰ ਸਿੰਘ, ਬਲਾਕ ਪ੍ਰਧਾਨ ਪਰਮਿੰਦਰ ਸ਼ਰਮਾ, ਹਰਮਨ ਬਾਜਵਾ, ਪੂਨਮ ਕਾਂਗੜਾ, ਦਰਸ਼ਨ ਕਾਂਗੜਾ ਸਮੇਤ ਹੋਰ ਆਗੂ ਤੇ ਅਧਿਕਾਰੀ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।