ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਿਹਤਮੰਦ ਰੱਖਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਵਿਚ ਉੱਘਾ ਯੋਗਦਾਨ ਦੇਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ ਵਿਖੇ ਕਪੂਰਥਲਾ ਦੀਆਂ ਦੋ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਇਨਾਂ ਵਿਚ ਸਮਾਜ ਸੇਵਕ ਗੁਰਮੁਖ ਸਿੰਘ ਢੋਡ ਅਤੇ ਵਾਤਾਵਰਨ ਪ੍ਰੇਮੀ ਸਟੇਟ ਐਵਾਰਡੀ ਏ. ਐਸ. ਆਈ ਗੁਰਬਚਨ ਸਿੰਘ ਬੰਗੜ ਸ਼ਾਮਿਲ ਹਨ। ਇਕ ਰਾਸ਼ਟਰੀ ਟੈਲੀਵਿਜ਼ਨ ਚੈਨਲ ਵੱਲੋਂ ਬੀਤੇ ਦਿਨ ਕਰਵਾਏ ਇਕ ਵਿਸ਼ੇਸ਼ ਪ੍ਰੋਗਰਾਮ ਮੌਕੇ ਕੀਤੇ ਗਏ ਇਸ ਸਨਮਾਨ ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਦੋਵਾਂ ਸ਼ਖਸੀਅਤਾਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਨੂੰ ਵੀ ਉਨਾਂ ਤੋਂ ਪ੍ਰੇਰਣਾ ਲੈਣ ਲਈ ਕਿਹਾ। ਬਹੁਪੱਖੀ ਸ਼ਖਸੀਅਤ ਦੇ ਮਾਲਕ ਅਤੇ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਸ੍ਰੀ ਗੁਰਮੁਖ ਸਿੰਘ ਢੋਡ ਨੇ ਅਨੋਖੇ ਢੰਗ ਨਾਲ ਆਪਣੇ ਸਾਈਕਲ 'ਤੇ 'ਮਿਸ਼ਨ ਤੰਦਰੁਸਤ ਪੰਜਾਬ' ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੈ। ਜ਼ਿਲੇ ਵਿਚ 'ਮਿਸ਼ਨ ਤੰਦਰੁਸਤ ਪੰਜਾਬ' ਦੇ ਬ੍ਰਾਂਡ ਅੰਬੈਸਡਰ ਵਜੋਂ ਸੇਵਾਵਾਂ ਨਿਭਾਅ ਰਹੇ ਸ੍ਰੀ ਢੋਡ ਸਮਾਜ ਸੇਵਾ ਦੇ ਕੰਮਾਂ ਵਿਚ ਮੋਹਰੀ ਭੂਮਿਕਾ ਅਦਾ ਕਰ ਰਹੇ ਹਨ। ਉਨਾਂ ਪੌਦੇ ਲਗਾਉਣ ਤੇ ਉਨਾਂ ਦੀ ਸਾਂਭ-ਸੰਭਾਲ ਕਰਨ ਤੋਂ ਇਲਾਵਾ ਆਪਣੀ ਨਾਟਕ ਮੰਡਲੀ 'ਸਾਂਝ ਕਲਾ ਮੰਚ' ਜ਼ਰੀਏ ਨਾਟਕਾਂ ਅਤੇ ਨੁੱਕੜ ਨਾਟਕਾਂ ਰਾਹੀਂ ਸਮਾਜਿਕ ਬੁਰਾਈਆਂ ਖਿਲਾਫ਼ ਜੰਗ ਵਿੱਢੀ ਹੋਈ ਹੈ। ਉਹ ਆਪਣੇ ਸਾਈਕਲ 'ਤੇ ਅਨੋਖੇ ਢੰਗ ਨਾਲ ਲੋਕਾਂ ਨੂੰ ਹਰ ਤਰਾਂ ਦੇ ਪ੍ਰਦੂਸ਼ਣ, ਭਰੂਣ ਹੱਤਿਆ, ਨਸ਼ਿਆਂ, ਪਾਣੀ ਬਚਾਉਣ, ਪਰਾਲੀ ਤੇ ਨਾੜ ਨੂੰ ਅੱਗ ਨਾ ਲਾਉਣ ਅਤੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਲਈ ਸੁਚੇਤ ਕਰ ਰਹੇ ਹਨ।
ਇਸੇ ਤਰਾਂ ਪੰਜਾਬ ਪੁਲਿਸ ਵਿਚ ਬਤੌਰ ਏ. ਐਸ. ਆਈ ਸੇਵਾਵਾਂ ਨਿਭਾਅ ਰਹੇ ਸ੍ਰੀ ਗੁਰਬਚਨ ਸਿੰਘ ਬੰਗੜ ਨੇ ਵੀ 'ਮਿਸ਼ਨ ਤੰਦਰੁਸਤ ਪੰਜਾਬ' ਨੂੰ ਸਫ਼ਲ ਬਣਾਉਣ ਦਾ ਬੀੜਾ ਚੁੱਕਿਆ ਹੈ। ਵਾਤਾਵਰਨ ਦੀ ਸੰਭਾਲ, ਪਾਣੀ ਬਚਾਉਣ, ਰੁੱਖ ਲਗਾਉਣ, ਨਸ਼ਿਆਂ ਖਿਲਾਫ਼ ਮੁਹਿੰਮ ਅਤੇ ਸਮਾਜ ਸੇਵੀ ਕਾਰਜਾਂ ਲਈ ਅਨੇਕਾਂ ਮਾਣ-ਸਨਮਾਨ ਹਾਸਲ ਕਰ ਚੁੱਕੇ ਸਾਈਕਲ ਦੇ ਮੁਰੀਦ ਗੁਰਬਚਨ ਸਿੰਘ ਇਸ ਮਕਸਦ ਨੂੰ ਪੂਰਾ ਕਰਨ ਲਈ ਨਿਵੇਕਲੇ ਢੰਗ ਨਾਲ ਜੀਅ-ਜਾਨ ਨਾਲ ਜੁੱਟੇ ਹੋਏ ਹਨ। ਉਹ ਸਮਾਜ ਵਿਚ ਨਵੀਂ ਊਰਜਾ ਭਰਨ ਲਈ ਸਾਈਕਲ ਦੇ ਪਿੱਛੇ ਅਲੱਗ-ਅਲੱਗ ਤਰਾਂ ਦੇ ਸਲੋਗਨ ਲਿਖ ਕੇ ਨੌਜਵਾਨਾਂ ਵਿਚ ਉਤਸ਼ਾਹ ਭਰ ਰਹੇ ਹਨ। ਦੋਵਾਂ ਸਨਮਾਨਿਤ ਸ਼ਖਸੀਅਤਾਂ ਦੇ ਯਤਨਾਂ ਸਦਕਾ ਹੀ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਮੁਹੰਮਦ ਤਇਅਬ ਵੱਲੋਂ 'ਕਪੂਰਥਲਾ ਸਾਈਕਲਿੰਗ ਕਲੱਬ' ਦੀ ਸਥਾਪਨਾ ਕੀਤੀ ਗਈ, ਜਿਸ ਰਾਹੀਂ ਜ਼ਿਲੇ ਵਿਚ ਸਮਾਜਿਕ ਬੁਰਾਈਆਂ ਖਿਲਾਫ਼ ਚੇਤਨਾ ਰੈਲੀਆਂ ਕੀਤੀਆਂ ਜਾਂਦੀਆਂ ਹਨ। ਦੋਵਾਂ ਦਾ ਕਹਿਣਾ ਹੈ ਕਿ ਅੱਜ ਨਿੱਜੀ ਸਵਾਰਥਾਂ ਅਤੇ ਢਕੌਂਸਲੇ ਬਾਜ਼ੀਆਂ ਵਿਚ ਫਸਿਆ ਮਨੁੱਖ ਝੂਠ, ਫਰੇਬ, ਠੱਗੀ-ਠੋਰੀ ਜਿਹੀਆਂ ਕਈ ਅਲਾਮਤਾਂ ਪਾਲੀ ਬੈਠਾ ਹੈ, ਪਰੰਤੂ ਨਿਰਸਵਾਰਥ ਮਾਨਵਤਾ ਦੀ ਸੇਵਾ ਨਾਲ ਜੋ ਧੁਰ ਰੂਹ ਤੱਕ ਅਨੰਤ ਸਕੂਨ ਮਿਲਦਾ ਹੈ, ਉਹ ਵਿਰਲਿਆਂ ਨੂੰ ਹੀ ਨਸੀਬ ਹੁੰਦਾ ਹੈ। ਉਨਾਂ ਦਾ ਕਹਿਣਾ ਹੈ ਕਿ ਧਰਤੀ ਨੂੰ ਜਿਊਂਦਾ ਰੱਖਣ ਲਈ ਰੁੱਖਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ।