ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼ੌਕਤ ਅਹਿਮਦ ਪਰੈ ਨੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਆਪਣੇ ਚੋਣ ਹਲਕੇ ਅੰਦਰ ਮਰ ਚੁੱਕੇ ਅਤੇ ਸਥਾਨ ਬਦਲ ਚੁੱਕੇ ਵੋਟਰਾਂ ਦੇ ਸਹੀ ਅੰਕੜੇ ਇਕੱਠੇ ਕਰਨ ਦੇ ਕੰਮ ਵਿੱਚ ਤੇਜ਼ੀ ਲੈਕੇ ਆਉਣ ਤਾਂ ਜੋ ਚੋਣਾਂ ਤੋਂ ਪਹਿਲਾਂ ਵੋਟਰਾਂ ਦੀ ਸਹੀ ਗਿਣਤੀ ਦਾ ਪਤਾ ਲੱਗ ਸਕੇ। ਉਨ੍ਹਾਂ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ ਕਿਹਾ ਕਿ ਉਹ ਆਪਣੇ ਅਧੀਨ ਆਉਂਦੇ ਬੀ.ਐਲ.ਓਜ ਦੇ ਟੀਚੇ ਨਿਸ਼ਚਤ ਕਰਨ ਤਾਂ ਕਿ ਉਨ੍ਹਾਂ ਨੂੰ ਇਸ ਕੰਮ ਪ੍ਰਤੀ ਹੋਰ ਜਵਾਬਦੇਹ ਬਣਾਇਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੀ ਸੱਦੀ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਵੋਟਰਾਂ ਦੇ ਸਹੀਂ ਅੰਕੜੇ ਨਿਸ਼ਚਿਤ ਸਮੇਂ ਅੰਦਰ ਇਕੱਠੇ ਕਰਨ ਲਈ ਕਿਹਾ। ਸ਼ੌਕਤ ਅਹਿਮਦ ਪਰੈ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਅੰਦਰ ਵੱਡੀ ਗਿਣਤੀ ਅਜਿਹੇ ਵੋਟਰਾਂ ਦੀ ਹੈ ਜੋ ਜਾਂ ਤਾਂ ਮਰ ਚੁੱਕੇ ਹਨ ਜਾਂ ਫੇਰ ਆਪਣਾ ਸਥਾਨ ਬਦਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵੋਟਰਾਂ ਦੇ ਸਹੀ ਅੰਕੜੇ ਕੱਢ ਲਏ ਜਾਣ ਤਾਂ ਚੋਣਾਂ ਦੌਰਾਨ ਵੋਟ ਪ੍ਰਤੀਸ਼ਤ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਸਮੂਹ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਨੂੰ 1 ਜਨਵਰੀ 2019 ਤੱਕ 18 ਸਾਲ ਦੇ ਹੋਣ ਵਾਲੇ ਨੌਜਵਾਨਾਂ ਦੀਆਂ ਨਵੀਆਂ ਵੋਟਾਂ ਬਣਾਉਣ ਦੀ ਵੀ ਹਦਾਇਤ ਕਰਦਿਆ ਇਸ ਸਬੰਧੀ ਆਪਣੇ ਖੇਤਰ ਦੇ ਸੀਨੀਅਰ ਸੈਕੰਡਰੀ ਸਕੂਲ ਅਤੇ ਕਾਲਜਾਂ ਨਾਲ ਸੰਪਰਕ ਕਰਨ ਲਈ ਕਿਹਾ ਤਾਂ ਜੋ 18 ਸਾਲ ਦੇ ਹੋਣ ਵਾਲੇ ਨੌਜਵਾਨ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ। ਇਸ ਮੌਕੇ ਆਰ.ਓ. ਘਨੌਰ ਸ਼੍ਰੀਮਤੀ ਪ੍ਰੀਤੀ ਯਾਦਵ,ਸਹਾਇਕ ਕਮਿਸ਼ਨਰ ਆਈ.ਏ.ਐਸ. (ਅੰਡਰ ਟਰੇਨਿੰਗ) ਸ਼੍ਰੀ ਰਾਹੁਲ ਸਿੰਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਪਟਿਆਲਾ ਸ਼੍ਰੀ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ. ਨਾਭਾ ਸ਼੍ਰੀ ਕਾਲਾ ਰਾਮ ਕਾਂਸਲ, ਐਸ.ਡੀ.ਐਮ. ਸਮਾਣਾ ਸ੍ਰੀ ਅਰਵਿੰਦ ਕੁਮਾਰ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ਼੍ਰੀਮਤੀ ਜੀਵਨ ਜੋਤ ਕੌਰ, ਤਹਿਸੀਲਦਾਰ ਰਾਜਪੁਰਾ ਸ਼੍ਰੀ ਹਰਸਿਮਰਨ ਸਿੰਘ, ਚੋਣ ਤਹਿਸੀਲਦਾਰ ਸ਼੍ਰੀ ਰਾਮਜੀ ਲਾਲ,ਚੋਣ ਕਾਨੂੰਗੋ ਸ੍ਰੀ ਹਰੀਸ਼ ਕੁਮਾਰ, ਸ਼੍ਰੀ ਵਿਜੈ ਕੁਮਾਰ, ਸ਼੍ਰੀ ਕੁਲਜੀਤ ਸਿੰਘ ਅਤੇ ਚੋਣ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ।