ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਅੱਜ ਅਜਨਾਲਾ ਖੇਤਰ ਵਿਚੋਂ ਲੰਘਦੇ ਰਾਵੀ ਦਰਿਆ ਦੇ ਨਾਲ ਲੱਗਦੇ ਖੇਤਰਾਂ ਵਿਚ ਭਰੇ ਪਾਣੀ ਕਾਰਨ ਪ੍ਰਭਾਵਿਤ ਹੋਈਆਂ ਫਸਲਾਂ ਦਾ ਜਾਇਜ਼ਾ ਲਿਆ। ਉਨਾਂ ਦੱਸਿਆ ਕਿ ਬੀਤੇ ਦਿਨੀਂ ਪਹਾੜਾਂ ਅਤੇ ਮੈਦਾਨੀ ਇਲਾਕਿਆਂ ਵਿਚ ਪਏ ਭਾਰੀ ਤੇ ਨਿਰੰਤਰ ਮੀਂਹ ਕਾਰਨ ਰਾਵੀ ਦਰਿਆ ਵਿਚ ਲਗਭਗ 1.45 ਲੱਖ ਕਿਊਸਿਕ ਪਾਣੀ ਆ ਰਿਹਾ ਸੀ, ਪਰ ਅੱਜ ਮੀਂਹ ਮੱਧਮ ਪੈਣ ਕਾਰਨ ਪਾਣੀ ਦਾ ਵਹਾਅ ਘੱਟ ਕੇ 1.12 ਲੱਖ ਕਿਊਸਿਕ ਰਹਿ ਗਿਆ ਹੈ, ਜੋ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਘਟ ਜਾਵੇਗਾ। ਉਨਾਂ ਦੱਸਿਆ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅਗਲੇ 5 ਦਿਨ ਮੈਦਾਨੀ ਤੇ ਪਹਾੜੀ ਇਲਾਕੇ ਵਿਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ, ਜਿਸ ਨਾਲ ਰਾਵੀ ਵਿਚ ਆਇਆ ਪਾਣੀ ਅੱਗੇ ਨਿਕਲ ਜਾਵੇਗਾ ਅਤੇ ਸਾਡੇ ਇਲਾਕੇ ਲਈ ਖ਼ਤਰਾ ਨਹੀਂ ਬਣ ਸਕੇਗਾ। ਉਨਾਂ ਦੱਸਿਆ ਕਿ ਰਾਵੀ ਦੇ ਕੰਢੇ ਨੇੜੇ ਕੁੱਝ ਇਕ ਨੀਵੇਂ ਖੇਤਾਂ ਵਿਚ ਪਾਣੀ ਭਰਿਆ ਹੈ, ਜਿਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਗਿਰਦਾਵਰੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਤਾਂ ਜੋ ਸਰਕਾਰ ਵੱਲੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ। ਉਨਾਂ ਦੱਸਿਆ ਕਿ ਰਾਵੀ ਦੇ ਨਾਲ-ਨਾਲ ਚਿਨਾਬ ਨਦੀ ਵਿਚ ਆਇਆ ਵੱਧ ਪਾਣੀ ਵੀ ਕਈ ਵਾਰ ਇਸ ਇਲਾਕੇ ਵਿਚ ਮਾਰ ਕਰ ਜਾਂਦਾ ਹੈ, ਪਰ ਫਿਲਹਾਲ ਸਥਿਤੀ ਕਾਬੂ ਹੇਠ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਉਹ ਪਾਣੀ ਵੀ ਮੌਸਮ ਵਿਚ ਆਏ ਸੁਧਾਰ ਨਾਲ ਸਾਡੇ ਲਈ ਸੰਕਟ ਨਹੀਂ ਬਣੇਗਾ।
ਸੰਘਾ ਨੇ ਦੱਸਿਆ ਕਿ ਪ੍ਰਸ਼ਾਸਨ ਕਿਸੇ ਵੀ ਤਰਾਂ ਦੀ ਹੰਗਾਮੀ ਹਾਲਤ ਨਾਲ ਨਿਜੱਠਣ ਲਈ ਬਿਲਕੁੱਲ ਤਿਆਰ ਹੈ ਅਤੇ ਲੋਕਾਂ ਨੂੰ ਕਿਸੇ ਵੀ ਤਰਾਂ ਦੀਆਂ ਅਫਵਾਹਾਂ 'ਤੇ ਯਕੀਨ ਨਹੀਂ ਕਰਨਾ ਚਾਹੀਦਾ। ਉਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹ ਨਾਲ ਸਬੰਧਤ ਕਿਸੇ ਵੀ ਸਹਾਇਤਾ ਲਈ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿਸਦਾ ਫੋਨ ਨੰਬਰ 0183-2229125 ਹੈ ਅਤੇ ਸੰਕਟ ਦੇ ਸਮੇਂ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹੋ। ਉਨਾਂ ਦੱਸਿਆ ਕਿ ਇਸ ਕੰਟਰੋਲ ਰੂਮ 'ਤੇ ਕਿਸੇ ਵੇਲੇ ਵੀ ਫੋਨ ਕੀਤਾ ਜਾ ਸਕਦਾ ਹੈ। ਇਸ ਮੌਕੇ ਐਸ ਡੀ ਐਮ ਸ੍ਰੀ ਰਜਤ ਉਬਰਾਏ ਨੇ ਦੱਸਿਆ ਕਿ ਅਜਨਾਲਾ ਵਿਚ ਸਾਡੇ ਵੱਲੋਂ ਹਰ ਤਰਾਂ ਦੀ ਸਹਾਇਤਾ ਦੇ ਪ੍ਰਬੰਧ ਕੀਤੇ ਗਏ ਹਨ, ਪਰ ਕੁਦਰਤ ਦੀ ਕ੍ਰਿਪਾ ਹੋਣ ਕਾਰਨ ਸੰਕਟ ਟਲ ਗਿਆ ਹੈ। ਹੜਾਂ ਦੇ ਮਾਮਲੇ 'ਤੇ ਬਣੇ ਸੈਲ ਦੇ ਨੋਡਲ ਅਧਿਕਾਰੀ ਜਿਲ੍ਹਾ ਮਾਲ ਅਫਸਰ ਸ੍ਰੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਫਿਲਹਾਲ ਹੜਾਂ ਨਾਲ ਜਿਲ੍ਹੇ ਵਿਚ ਕਿਸੇ ਤਰਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਅਤੇ ਫਸਲਾਂ ਦੇ ਨੁਕਸਾਨ ਬਾਰੇ ਵੀ ਕੋਈ ਸ਼ਿਕਾਇਤ ਜਾਂ ਖਬਰ ਵਿਭਾਗ ਨੂੰ ਨਹੀਂ ਮਿਲੀ।