ਜ਼ਿਲਾ ਰੈਡ ਕਰਾਸ ਸੁਸਾਇਟੀ ਵਲੋਂ ਭਾਈ ਘਨੱਈਆ ਜੀ ਨੂੰ ਸ਼ਰਧਾਂਜ਼ਲੀ ਦਿੰਦਿਆਂ ਸਿਵਲ ਹਸਪਤਾਲ ਬਠਿੰਡਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਕਰਦਿਆਂ ਆਨਰੇਰੀ ਸਕੱਤਰ-ਕਮ-ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਬਲਵਿੰਦਰ ਸਿੰਘ ਨੇ ਵੀ ਖੂਨਦਾਨ ਕੀਤਾ। ਉਨਾਂ ਕਿਹਾ ਚੈਅਰਮੇਨ ਰੈਡ ਕਰਾਸ ਸੁਸਾਇਟੀ ਬਠਿੰਡਾ-ਕਮ-ਡਿਪਟੀ ਕਮਿਸ਼ਨਰ ਪ੍ਰਨੀਤ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਹ ਕੈਂਪ ਲਗਾਇਆ ਗਿਆ ਹੈ। ਉਨਾਂ ਆਮ ਜਨਤਾ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਆਪਣੇ ਪਰਿਵਾਰ ਦੀ ਖ਼ੁਸ਼ੀ ਦੇ ਮੌਕੇ ਖੂਨਦਾਨ ਕਰਨ।ਅੱਜ ਦੇ ਇਸ ਕੈਂਪ ਵਿੱਚ 21 ਯੂਨਿਟ ਖੂਨ ਦਾਨ ਕੀਤੇ ਗਏ। ਇਸ ਮੌਕੇ ਪੰਜਾਬ ਪੁਲਿਸ ਦੇ ਐਂਟੀ ਸਾਬੋਟਾਜ ਟੀਮ ਨੇ 8 ਯੂਨਿਟ ਖੂਨ ਦਾਨ ਕੀਤਾ। ਖੂਨਦਾਨੀ ਮੋਹਿਤ ਮੈਂਗਲ ਨੇ ਆਪਣਾ ਜਨਮ ਦਿਨ ਅੱਜ ਖੂਨਦਾਨ ਕਰਕੇ ਮਨਾਇਆ। ਇਸੇ ਤਰਾਂ ਏ ਨੈਗੇਟਿਵ, ਓ ਪਾਜੀਟਿਵ ਅਤੇ ਏਬੀ ਨੈਗੇਟਿਵ ਵਰਗੇ ਦੁਰਲੱਭ ਬਲੱਡ ਗਰੁੱਪ ਵਾਲੇ ਵਿਅਕਤੀਆਂ ਨੇ ਵੀ ਖੂਨਦਾਨ ਕੀਤਾ। ਇਸ ਮੌਕੇ ਸਕੱਤਰ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ, ਯੂਨਾਇਟਿਡ ਵੈਲਫੇਅਰ ਸੁਸਾਇਟੀ ਤੋਂ ਸ਼੍ਰੀ ਵਿਜੈ ਭੱਟ ਵੀ ਹਾਜ਼ਰ ਸਨ।