ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਜਿਲ੍ਹੇ ਵਿੱਚ ਸ਼ਾਂਤੀ ਪੂਰਵਕ ਸੰਪਨ ਹੋਈਆਂ ਅਤੇ ਜਿਲ੍ਹੇ ਵਿੱਚ 63.4 ਫੀਸਦੀ ਵੋਟਾਂ ਦਾ ਭੁਗਤਾਣ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਸਫਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜਿਲ੍ਹੇ ਦੇ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਬਿਨ੍ਹਾਂ ਕਿਸੇ ਡਰ ਭੈ ਤੋਂ ਬੜੇ ਹੀ ਉਤਸ਼ਾਹ ਨਾਲ ਕੀਤਾ। ਉਨ੍ਹਾਂ ਚੋਣਾਂ ਦੌਰਾਨ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਜਿਲ੍ਹੇ ਦੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਅਤੇ ਚੋਣਾਂ ਨੂੰ ਨਿਰਵਿਘਨ ਅਤੇ ਨਿਰਪੱਖ ਰਹਿਕੇ ਨਿਭਾਈ ਡਿਊਟੀ ਬਦਲੇ ਚੋਣ ਅਮਲੇ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਇਥੇ ਇਹ ਵਰਨਣ ਯੋਗ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿੱਚ ਜਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਲਈ 23 ਉਮੀਦਵਾਰ ਮੈਦਾਨ ਵਿਚ ਸਨ ਜਦਕਿ ਪੰਚਾਇਤ ਸੰਮਤੀ ਖਰੜ, ਡੇਰਾਬਸੀ ਅਤੇ ਮਾਜਰੀ ਦੇ 62 ਜ਼ੋਨਾਂ ਦੀ ਚੋਣ ਲਈ 150 ਉਮੀਦਵਾਰ ਮੈਦਾਨ ਵਿੱਚ ਸਨ। ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 22 ਸਤੰਬਰ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਸਮੇਂ ਹੋਵੇਗਾ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ। ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਵੋਟਰਾਂ ਨੇ ਆਪਣੀਆਂਵੋਟਾਂ ਦਾ ਭੁਗਤਾਨ ਬੜੇ ਹੀ ਉਤਸ਼ਾਹ ਨਾਲ ਕੀਤਾ ਅਤੇ ਪਿੰਡਾਂ ਵਿੱਚ ਪੋਲਿੰਗ ਬੂਥਾਂ ਤੇ ਸਵੇਰ ਤੋਂ ਹੀ ਲੰਮੀਆਂ ਲੰਮੀਆਂ ਲਾਇਨਾਂ ਵੇਖਣ ਨੂੰ ਮਿਲੀਆਂ। ਪਿੰਡ ਕੰਡਾਲਾ ਦੇ 105 ਸਾਲਾ ਸਾਧੂ ਸਿੰਘ ਨੇ ਵੀ ਪੋਲਿੰਗ ਬੂਥ ਤੇ ਜਾ ਕੇ ਆਪਣੇ ਸੰਵਿਧਾਨਕ ਹੱਕਵੋਟ ਦਾ ਇਸਤੇਮਾਲ ਕੀਤਾ।ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਵੋਟਰਾਂ ਦੀ ਸਹੂਲਤ ਲਈ 419 ਬੂਥ ਬਣਾਏ ਗਏ ਸਨ ਜਿਨ੍ਹਾਂ ਤੇ 2100 ਚੋਣ ਅਮਲੇ ਦੇ ਮੁਲਾਜ਼ਮਾਂ ਵੱਲੋਂ ਆਪਣੀ ਡਿਊਟੀ ਬਾਖੂਬੀ ਨਿਭਾਈ ਗਈ । ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ ਤੇ ਵੋਟਰਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਵੋਟਰਾਂ ਨੂੰ ਆਪਣੀ ਵੋਟ ਭੁਗਤਾਉਣ ਸਮੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ । ਉਨ੍ਹਾਂ ਦੱਸਿਆ ਕਿ ਪੋਲਿੰਗ ਬੂਥਾਂ ਤੇ ਸੁਰੱਖਿਆ ਦੇ ਵੀ ਕਰੜੇ ਪ੍ਰਬੰਧ ਕੀਤੇ ਗਏ ਸਨ ਅਤੇ ਜਿਲ੍ਹਾ ਪੁਲਿਸ ਵੱਲੋਂ ਆਪਣੀ ਡਿਊਟੀ ਪੂਰੀ ਮੁਸਤਾਦੀ ਨਾਲ ਨਿਭਾਈ ਗਈ। ਵੋਟਾਂ ਦੇ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਸ੍ਰੀ ਸੁਖਜੀਤਪਾਲ ਸਿੰਘ ਪੀ.ਸੀ.ਐਸ ਬਤੌਰ ਜਿਲ੍ਹੇ ਦੇ ਅਬਜ਼ਰਵਰ ਦੇ ਤੌਰ ਤੇ ਹਾਜ਼ਰ ਰਹੇ।