ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੁਆਰਾ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਾਨਯੋਗ ਸਿਹਤ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਹੇਠ ਚਲਾਏ ਜਾ ਰਹੇ ਜਾਗਰੂਕਤਾ ਪ੍ਰੋਗਰਾਮ ਤਹਿਤ ਡੇਂਗੂ ਬੁਖ਼ਾਰ ਬਾਰੇ ਜਾਗਰੂਕਤਾ ਫੈਲਾਉੁਣ ਲਈ ਜਾਗਰੂਕਤਾ ਵੈਨ ਜ਼ਿਲਾ ਬਠਿੰਡਾ ਵਿਖੇ ਪਹੁੰਚੀ। ਡਾ. ਹਰੀ ਨਰਾਇਣ ਸਿੰਘ, ਸਿਵਲ ਸਰਜਨ ਬਠਿੰਡਾ ਦੀ ਯੋਗ ਅਗਵਾਈ ਹੇਠ ਇਸ ਵੈਨ ਨੂੰ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤੀਸ਼ ਗੋਇਲ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਜ਼ਿਲਾ ਮਲੇਰੀਆ ਅਫ਼ਸਰ ਡਾ. ਰਾਜਪਾਲ ਸਿੰਘ, ਜ਼ਿਲਾ ਐਪੀਡਿਮਾਲੋਜਿਸਟ ਡਾ. ਰਵਿੰਦਰ ਸਿੰਘ, ਜ਼ਿਲਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ ਅਤੇ ਜੀ.ਐਨ.ਐਮ. ਟ੍ਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਹਾਜ਼ਰ ਸਨ। ਜ਼ਿਲਾ ਮਲੇਰੀਆ ਅਫ਼ਸਰ ਡਾ. ਰਾਜਪਾਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਕਿਸੇ ਵੀ ਬਿਮਾਰੀ ਤੋਂ ਬਚਣ ਲਈ ਜਾਗਰੂਕਤਾ ਅਤੇ ਸਾਵਧਾਨੀ ਜ਼ਰੂਰੀ ਹੈ। ਉਨਾਂ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਮੱਛਰਾਂ ਦੀ ਪੈਦਾਵਾਰ ਹੋਣ ਕਾਰਣ ਡੇਂਗੂ ਬੁਖ਼ਾਰ ਹੋਣ ਦਾ ਖਦਸ਼ਾ ਵਧ ਜਾਂਦਾ ਹੈ। ਇਹ ਬਿਮਾਰੀ ਏਡੀਜ਼ ਅਜੈਪਟੀ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਜਿਹੜਾ ਕਿ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਸਿਹਤ ਪ੍ਰਤੀ ਜਾਗਰੂਕ ਰਹੋ ਅਤੇ ਸ਼ਹਿਰ ਨੂੰ ਡੇਂਗੂ ਮੁਕਤ ਰੱਖਣ ਲਈ ਆਪਣੀ ਸਮੂੰਹਕ ਜ਼ਿੰਮੇਵਾਰੀ ਸਮਝੋ।
ਉਨਾਂ ਅਪੀਲ ਕੀਤੀ ਕਿ ਡ੍ਰਾਈ ਡੇਅ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਫੀਲਡ ਵਿਚ ਐਂਟੀ ਲਾਰਵਾ ਟੀਮਾਂ ਭੇਜੀਆਂ ਜਾਂਦੀਆਂ ਹਨ ਤਾਂ ਕਿ ਜੇਕਰ ਕਿਤੇ ਡੇਂਗੂ ਦਾ ਲਾਰਵਾ ਮਿਲੇ ਤਾਂ ਉਸ ਨੂੰ ਸਮੇਂ-ਸਿਰ ਨਸ਼ਟ ਕੀਤਾ ਜਾ ਸਕੇ।ਜ਼ਿਲਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ ਨੇ ਦੱਸਿਆ ਕਿ ਤੇਜ਼ ਬੁਖ਼ਾਰ, ਸਿਰ ਦਰਦ, ਮਾਸ ਪੇਸ਼ੀਆਂ ਵਿਚ ਦਰਦ, ਚਮੜੀ ਤੇ ਦਾਣੇ, ਨੱਕ ਅਤੇ ਮਸੂੜਿਆਂ ਵਿਚ ਖੂਨ ਵਗਣਾ ਡੇਂਗੂ ਬੁਖ਼ਾਰ ਦੇ ਲੱਛਣ ਹਨ। ਡੇਂਗੂ ਬੁਖ਼ਾਰ ਸੰਕ੍ਰਮਿਤ ਮੱਛਰ ਵਲੋਂ ਕੱਟਣ ਨਾਲ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੱਕ ਫੈਲਦਾ ਹੈ। ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਬੁਖ਼ਾਰ ਦੇ ਨਾਲ ਬਲੱਡ ਪਲੇਟਲੈਟਸ ਘੱਟਣ ਨੂੰ ਵੀ ਡੇਂਗੂ ਦਾ ਨਾਮ ਦਿੱਤਾ ਜਾਂਦਾ ਹੈ, ਜਦਕਿ ਬੁਖ਼ਾਰ ਹੋਣ ਦੇ ਕਈ ਕਾਰਣ ਵੀ ਹੋ ਸਕਦੇ ਹਨ ਤੇ ਪਲੇਟਲੈਟਸ ਘੱਟਣਾ ਸਿਰਫ਼ ਡੇਂਗੂ ਹੋਣ ਦਾ ਲੱਛਣ ਨਹੀਂ। ਉਨਾਂ ਕਿਹਾ ਕਿ ਉਪਰੋਕਤ ਲੱਛਣ ਸਾਹਮਣੇ ਆਉਣ 'ਤੇ ਸਿਵਲ ਹਸਪਤਾਲ ਦੇ ਮਾਹਿਰ ਡਾਕਟਰਜ਼ ਨਾਲ ਸੰਪਰਕ ਕੀਤਾ ਜਾਵੇ।ਇਸ ਜਾਗਰੂਕਤਾ ਵੈਨ ਰਾਹੀਂ ਸਰਕਾਰੀ ਐਲੀਮੈਂਟਰੀ ਸਕੂਲ ਧੋਬੀਆਣਾ ਬਸਤੀ, ਸਰਕਾਰੀ ਐਲੀਮੈਂਟੀ ਸਕੂਲ ਹਾਊਸਿੰਗ ਬੋਰਡ ਬਠਿੰਡਾ ਅਤੇ ਸਰਕਾਰੀ ਹਾਈ ਸਕੂਲ ਜਨਤਾ ਨਗਰ ਬਠਿੰਡਾ ਦੇ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਬੱਚਿਆਂ ਨੂੰ ਡੇਂਗੂ ਮਲੇਰੀਆ ਸਬੰਧੀ ਪੈਂਫਲੈਟ ਵੀ ਵੰਡੇ ਗਏ। ਇਸ ਮੌਕੇ ਸ਼੍ਰੀ ਵਕੀਲ ਖਾਂ ਅਤੇ ਜਗਦੀਸ਼ ਰਾਮ ਵੀ ਹਾਜ਼ਰ ਸਨ