ਬਜੁਰਗਾਂ ਦੀ ਸਿਹਤ ਸੰਭਾਲ ਕਰਨਾ ਬਹੁਤ ਹੀ ਜਰੂਰੀ ਹੈ। ਇਸੇ ਦੇ ਸੰਬੰਧ ਵਿੱਚ ਭਾਰਤ ਸਰਕਾਰ ਵੱਲੋਂ ਨੈਸ਼ਨਲ ਪ੍ਰੋਗਰਾਮ ਫਾਰ ਹੈਲਥ ਕੇਅਰ ਆਫ ਐਲਡਰਲੀ ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਕਿ ਸਰਕਾਰੀ ਸਿਹਤ ਕੇਂਦਰਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਦੇ ਸੰਬੰਧ ਵਿੱਚ ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਵਿਖੇ ਮੈਡੀਕਲ ਅਫਸਰਾਂ ਨਾਲ ਇੱਕ ਬੈਠਕ ਕੀਤੀ ਗਈ। ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ ਤੇ ਸੀਨੀਅਰ ਮੈਡੀਕਲ ਅਫਸਰ ਡਾ. ਰੀਟਾ ਬਾਲਾ ਵੀ ਉਨ੍ਹਾਂ ਨਾਲ ਸਨ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਦਾ ਉਦੇਸ਼ 60 ਸਾਲ ਤੋਂ ਉੱਪਰ ਬਜੁਰਗਾਂ ਦੀ ਸਿਹਤ ਸੰਭਾਲ ਦਾ ਖਿਆਲ ਰੱਖਣਾ ਹੈ ਅਤੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਉਨ੍ਹਾਂ ਨੂੰ ਖਾਸ ਸਹੂਲਤਾਂ ਮੁਹੱਇਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਜਿਲਾ ਹਸਪਤਾਲ ਵਿੱਚ ਜੈਰਿਆਟ੍ਰਿਕ ਕਲੀਨਿਕ ਸਥਾਪਿਤ ਕੀਤਾ ਜਾਏਗਾ ਤੇ ਪ੍ਰੋਗਰਾਮ ਤਹਿਤ 10 ਬੈੱਡਾਂ ਦਾ ਅਲੱਗ ਤੋਂ ਵਾਰਡ ਵੀ ਸਥਾਪਿਤ ਕੀਤਾ ਜਾਏਗਾ। ਇਹੀ ਨਹੀਂ ਉਨ੍ਹਾਂ ਵਾਸਤੇ ਸਪੈਸ਼ਲ ਮੈਡੀਕਲ ਕੈਂਪ ਵੀ ਲਗਾਏ ਜਾਣਗੇ ਤੇ ਕੈਂਪ ਵਿੱਚ ਡਾਈਬੀਟੀਜ, ਹਾਈਪਰਟੈਂਸ਼ਨ ਕੈਂਸਰ ਦੀ ਸਕਰੀਨਿੰਗ ਕੀਤੀ ਜਾਏਗੀ।ਇਹੀ ਨਹੀਂ ਬਜੁਰਗਾਂ ਲਈ ਅੱਲਗ ਤੋਂ ਓ.ਪੀ.ਡੀ. ਪਰਚੀ ਕਟਵਾਉਣ ਦੀ ਲਾਈਨ , ਡਾਕਟਰਾਂ ਵੱਲੋਂ ਬਜੁਰਗਾਂ ਦਾ ਪਹਿਲ ਦੇ ਆਧਾਰ ਤੇ ਚੈਕਅੱਪ, ਬਜੁਰਗਾਂ ਵਾਸਤੇ ਅਲੱਗ ਤੋਂ ਵਾਰਡ ਅਟੈਂਡੈਂਟ ਆਦਿ ਇਸ ਪ੍ਰੋਗਰਾਮ ਵਿੱਚ ਸ਼ਾਮਲ ਹਨ ਉਨ੍ਹਾਂ ਇਹ ਵੀ ਦੱਸਿਆ ਕਿ ਜਿਲਾ ਹਸਪਤਾਲ ਵਿੱਚ ਪਹਿਲਾਂ ਹੀ ਫਿਜੀਓਥੈਰੇਪੀ ਸੈਂਟਰ ਚੱਲ ਰਿਹਾ ਹੈ ਤੇ ਬਜੁਰਗਾਂ ਵਾਸਤੇ ਹੋਰ ਨਵੀਆਂ ਮਸ਼ੀਨਾਂ ਵੀ ਲਗਵਾਈਆਂ ਜਾਣਗੀਆਂ। ਡਾ. ਸਾਰਿਕਾ ਦੁੱਗਲ ਨੇ ਮੈਡੀਕਲ ਅਫਸਰਾਂ ਨੂੰ ਉਕਤ ਪ੍ਰੋਗਰਾਮ ਨੂੰ ਸਫਲ ਕਰਨ ਵਿੱਚ ਸਹਿਯੋਗ ਦੇਣ ਲਈ ਕਿਹਾ। ਇਸ ਮੌਕੇ ਤੇ ਡਾ. ਰਵਜੀਤ, ਡਾ. ਰਾਜੀਵ ਪਰਾਸ਼ਰ, ਡਾ. ਮੋਹਨਪ੍ਰੀਤ, ਡਾ. ਪ੍ਰਿੰਸਜੀਤ, ਡਾ. ਸਿੰਮੀ ਧਵਨ, ਡਾ. ਹਰਪ੍ਰੀਤ ਮੋਮੀ ਤੇ ਹੋਰ ਹਾਜਰ ਸਨ।