ਪਿਛਲੇ ਦੋ ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ ਪਰਾਲੀ ਨਾ ਸਾੜ ਕੇ ਵਾਤਾਵਰਣ ਦਾ ਚਿੰਤਕ ਬਣਿਆ ਨਵਾਂਸ਼ਹਿਰ ਦਾ ਅਗਾਂਹਵਧੂ ਹਰਵੰਤ ਸਿੰਘ ਸੰਘਾ ਆਪਣੇ ਤਜਰਬਿਆਂ ਰਾਹੀਂ ਹੋਰਨਾਂ ਲਈ ਵੀ ਮਾਰਗ ਦਰਸ਼ਕ ਬਣਿਆ ਹੋਇਆ ਹੈ। ਉਸ ਦਾ ਕਹਿਣਾ ਹੈ ਕਿ 1994 ਤੋਂ ਉਸ ਨੇ ਪਰਾਲੀ ਨਾ ਜਲਾਉਣ ਦਾ ਫੈਸਲਾ ਲਿਆ ਸੀ ਤੇ ਅੱਜ ਤੱਕ ਉਸ ’ਤੇ ਕਾਇਮ ਹੈ। ਬਲਾਚੌਰ ਦੇ ਸੜੋਆ ਇਲਾਕੇ ’ਚ ਆਪਣੀ ਜ਼ਮੀਨ ’ਤੇ ਖੇਤੀ ਕਰਦਾ ਇਹ ਕਿਸਾਨ ਆਪਣੇ ਤਜਰਬਿਆਂ ਬਾਰੇ ਸਾਂਝ ਪਾਉਂਦਾ ਦੱਸਦਾ ਹੈ ਕਿ ਉਹ ਪਰਾਲੀ ਅਤੇ ਗੰਨੇ ਦੀ ਖੋਰੀ ਦੀ ਵਰਤੋਂ ਕਣਕ ਤੇ ਗੰਨੇ ਦੀ ਬਿਜਾਈ ਬਾਅਦ ਇਨ੍ਹਾਂ ਖੇਤਾਂ ’ਤੇ ‘ਮਲਚਿੰਗ’ (ਜ਼ਮੀਨ ’ਤੇ ਵਿਛਾਉਣਾ) ਲਈ ਵਰਤਦਾ ਹੈ। ਉਸ ਦਾ ਕਹਿਣਾ ਹੈ ਕਿ ‘ਮਲਚਿੰਗ’ ਨਾਲ ਜਿੱਥੇ ਪਾਣੀ, ਬਿਜਲੀ, ਡੀਜ਼ਲ ਦੀ ਬੱਚਤ ਹੁੰਦੀ ਹੈ, ਉੱਥੇ ਨਦੀਨਾਂ ’ਤੇ ਵੀ 80 ਫ਼ੀਸਦੀ ਕੰਟਰੋਲ ਹੋਣ ਨਾਲ ਨਦੀਨਨਾਸ਼ਕਾਂ ਦੇ ਛਿੜਕਾਅ ’ਤੇ ਆਉਣ ਵਾਲੀ ਲਾਗਤ ਵੀ ਬਚਦੀ ਹੈ। ਇਸ ਤੋਂ ਵੀ ਵੱਡੀ ਗੱਲ ਕਿ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਦਾ ਹੈ। ਉਹ ਪਰਾਲੀ ਨਾ ਸਾੜ ਕੇ ‘ਮਲਚਿੰਗ’ ਦਾ ਇੱਕ ਹੋਰ ਵੱਡਾ ਫ਼ਾਇਦਾ ਧਰਤੀ ’ਚ ਜੈਵਿਕ ਮਾਦਾ ਗੰਡੋਇਆਂ ਦੀ ਆਪਣੇ ਆਪ ਹੁੰਦੀ ਉਤਪਤੀ ਰਾਹੀਂ ਜ਼ਮੀਨ ਨੂੰ ਮਿਲਦੀ ਕੁਦਰਤੀ ਖਾਦ ਤੇ ਉਪਜਾਊਪਣ ਹੈ। ਇਹ ਗੰਡੋਏ ਜ਼ਮੀਨ ’ਚ ਇੱਕ ਮੀਟਰ ਡੂੰਘੇ ਜਾਂਦੇ ਹਨ, ਜਿਸ ਨਾਲ ਪਾਣੀ ਨੂੰ ਰੀਚਾਰਜ ਹੋਣ ’ਚ ਮੱਦਦ ਮਿਲਦੀ ਹੈ। ਇਸ ਨਾਲ ਫ਼ਸਲ ਦੇ ‘ਰੂਟ ਜ਼ੋਨ’ ’ਚ ਵੀ ਵਾਧਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਅੱਜ ਕਲ੍ਹ ਪਰਾਲੀ ਦੇ ਨਿਪਟਾਰੇ ਲਈ ਰੋਟਾਵੇਟਰ, ਹੈਪੀ ਸੀਡਰ, ਜ਼ੀਰੋ ਟਿਲ ਡਿ੍ਰਲ, ਬੇਲਰ ਤੇ ਮੋਲਡ ਬੋਲਡ ਪਲਾਓ ਸਮੇਤ ਅਨੇਕਾਂ ਆਧੁਨਿਕ ਖੇਤੀ ਸੰਦ ਆ ਚੁੱਕੇ ਹਨ ਅਤੇ ਉਹ ਇਨ੍ਹਾਂ ਸਾਰਿਆਂ ਨੂੰ ਵਰਤ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਪਣੇ ਤਜਰਬੇ ਮੁਤਾਬਕ ਇਨ੍ਹਾਂ ’ਚੋਂ ਮੋਲਡ ਬੋਲਡ ਪੁਲਾਓ ਜੋ ਕਿ ਉਲਟਾਵਾਂ ਹਲ ਹੈ ਤੇ ਮਿੱਟੀ ਨੂੰ ਉਲੱਦ ਦਿੰਦਾ ਹੈ ਅਤੇ ਬੇਲਰ ਜ਼ਿਆਦਾ ਲਾਭਦਾਇਕ ਹਨ। ਉਨ੍ਹਾਂ ਕਿਹਾ ਕਿ ਬੇਲਰ ਨਾਲ ਅਸੀਂ ਪਰਾਲੀ ਦੀਆਂ ਗੰਢਾਂ ਬੰਨ੍ਹ ਕੇ ਉਸ ਨੂੰ ਪਾਸੇ ਰੱਖ ਸਕਦੇ ਹਾਂ ਤੇ ਬਿਜਾਈ ਬਾਅਦ ਉਸ ਪਰਾਲੀ ਨੂੰ ‘ਮਲਚਿੰਗ’ ਲਈ ਵਰਤ ਸਕਦੇ ਹਾਂ। ਉਨ੍ਹਾਂ ਹਰਿਆਣਾ ਦੇ ਯਮੁਨਾ ਨਗਰ ਤੇ ਉਤਰਾਖੰਡ ਦੇ ਤਰਾਈ ਇਲਾਕੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਪਾਣੀ ਦੀ ਘਾਟ ਕਾਰਨ ਤੇ ਬਾਰਸ਼ਾਂ ਸਮੇਂ ਸਿਰ ਨਾ ਹੋਣ ਕਾਰਨ, ਕਿਸਾਨ ਪਰਾਲੀ ਨੂੰ ਸਾੜਨ ਦੀ ਬਜਾਏ ‘ਮਲਚਿੰਗ’ ਲਈ ਵਰਤਦੇ ਹਨ। ਇਸੇ ਤਰ੍ਹਾਂ ਮਹਾਂਰਾਸ਼ਟਰ ’ਚ ਬਿਜਾਈ ਤੋਂ ਬਾਅਦ ਖੇਤਾਂ ’ਚ ‘ਮਲਚਿੰਗ’ ਵਿਧੀ ਦੀ ਵਰਤੋਂ 80 ਫ਼ੀਸਦੀ ਤੱਕ ਹੈ।ਸ੍ਰੀ ਸੰਘਾ ਜੋ ਕਿ ਬਾਗ਼ਬਾਨੀ-1990 ਦਾ ਸਟੇਟ ਐਵਾਰਡ ਵੀ ਹਾਸਲ ਕਰ ਚੁੱਕੇ ਹਨ ਤੇ ਭਾਰਤ ਸਰਕਾਰ ਦੇ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਦੀ ਗੰਨਾ ਨੀਤੀ ਦੇ ਸਾਲ 2002 ’ਚ ਤਿੰਨ ਸਾਲ ਲਈ ਮੈਂਬਰ ਵੀ ਰਹਿ ਚੁੱਕੇ ਹਨ, ਦਾ ਕਹਿਣਾ ਹੈ ਕਿ ਜੇਕਰ ਅਸੀਂ ਮਹਿੰਗੀਆਂ ਪਰਾਲੀ ਦਾ ਨਿਪਟਾਰਾ ਕਰਨ ਵਾਲੀਆਂ ਮਸ਼ੀਨਰੀਆਂ ਦੀ ਵਰਤੋਂ ਨਹੀਂ ਵੀ ਕਰਨੀ ਤਾਂ ਅਸੀਂ ਪਰਾਲੀ ਨੂੰ ਇਕੱਠੀ ਕਰਕੇ, ਇਸ ’ਤੇ ਦੋ ਤੋਂ ਤਿੰਨ ਫ਼ੀਸਦੀ ਯੂਰੀਏ ਦੇ ਘੋਲ ਦਾ ਛਿੜਕਾਅ ਕਰਕੇ ਜਾਂ ਪਸ਼ੂਆਂ ਦਾ ਪਿਸ਼ਾਬ ਸੁੱਟ ਕੇ, ਇਸ ਦਾ ਕੁਦਰਤੀ ਖਾਦ (ਢੇਰ) ਵੀ ਬਣਾ ਸਕਦੇ ਹਾਂ ਜੋ ਕਿ ਜ਼ਮੀਨ ਲਈ ਬਹੁਤ ਹੀ ਉਪਯੋਗੀ ਹੁੰਦਾ ਹੈ।ਉਨ੍ਹਾਂ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਰਾਹੀਂ ਸਰਕਾਰ ਵੱਲੋਂ ਪੰਜਾਬ ਨੂੰ ਧੂਆਂ ਰਹਿਤ ਬਣਾਉਣ, ਲੋੜ ਤੋਂ ਵਧੇਰੇ ਖੇਤੀ ਜ਼ਹਿਰਾਂ ਤੇ ਖਾਦਾਂ ਦੀ ਵਰਤੋਂ ਪ੍ਰਤੀ ਸੁਚੇਤ ਕਰਨ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਤਕਨੀਕ ਦੇ ਨਾਲ-ਨਾਲ ਜਾਗਰੂਕਤਾ ਵੀ ਅਹਿਮ ਹੈ।