ਸਾਡੇ ਬਜ਼ੁਰਗ ਸਾਡੇ ਸਮਾਜ ਦਾ ਅਹਿਮ ਤੇ ਅਨਿੱਖੜਵਾਂ ਅੰਗ ਹਨ।ਭਾਵੇਂ ਸਰਕਾਰ ਵੱਲੋਂ ਮਾਪਿਆਂ ਅਤੇ ਬਜ਼ੁਰਗਾਂ ਦੀ ਦੇਖ ਭਾਲ ਅਤੇ ਭਲਾਈ ਲਈ ਐੈਕਟ 2007 ਬਣਾਇਆ ਗਿਆ ਹੈ , ਪਰ ਫਿਰ ਵੀ ਹਰ ਬੱਚੇ ਅਤੇ ਨਾਗਰਿਕ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਮਾਪਿਆਂ ਦੀ ਹਰ ਪੱਖੋਂ ਸੇਵਾ ਕਰੇ । ਇਸ ਗੱਲ ਦਾ ਪ੍ਰਗਟਾਵਾ ਐਸ ਡੀ ਐਮ ਹਰਬੰਸ ਸਿੰਘ ਨੇ ਸੀਨੀਅਰ ਸਿਟੀਜ਼ਨ ਹੈਲਪ ਏਜ ਐਸੋਸੀਏਸ਼ਨ (ਰਜਿ) ਮੁਹਾਲੀ ਵੱਲੋਂ ਸੀਨੀਅਰ ਸਿਟੀਜ਼ਨ ਲਈ ਸ਼ੁਰੂ ਕੀਤੀ ਗਈ ਮੁਫ਼ਤ ਧਾਰਮਿਕ ਸਥਾਨਾਂ ਦੀ ਯਾਤਰਾ ਵਿਰਾਸਤ-ਏ-ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਤੇ ਉਨ੍ਹਾਂ ਦਾ ਸਵਾਗਤ ਕਰਨ ਮੌਕੇ ਕੀਤਾ ।ਇਸ ਮੌਕੇ ਉਹਨਾਂ ਨਾਲ ਭੁਪਿੰਦਰ ਸਿੰਘ ਚਾਨਾ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ । ਯਾਤਰਾ ਦੀ ਅਗਵਾਈ ਕਰ ਰਹੇ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਮਿਊਸੀਪਲ ਕਾਰਪੋਰੇਸ਼ਨ ਮੁਹਾਲੀ ਦੇ ਕੌਂਸਲਰ ਨਾਰਾਇਣ ਸਿੰਘ ਸਿੱਧੂ ਨੇ ਸ਼੍ਰੀ ਆਨੰਦਪੁਰ ਸਾਹਿਬ ਦੀ ਸੰਗਤ ਅਤੇ ਵਿਸ਼ੇਸ਼ ਕਰਕੇ ਐਸ ਡੀ ਐਮ ਹਰਬੰਸ ਸਿੰਘ ਅਤੇ ਭੁਪਿੰਦਰ ਸਿੰਘ ਚਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯਾਤਰਾ ਸੀਨੀਅਰ ਸਿਟੀਜ਼ਨ ਨੂੰ ਬਿਲਕੁਲ ਮੁਫ਼ਤ ਕਰਵਾਈ ਜਾ ਰਹੀ ਹੈ। ਜਿਸ ਵਿੱਚ ਰੋਪੜ, ਸ਼੍ਰੀ ਅਨੰਦਪੁਰ ਸਾਹਿਬ ਦੇ ਧਾਰਮਿਕ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹਿਮਾਚਲ ਵਿਚ ਪੈਂਦੇ ਗੁਰਦੁਆਰਾ ਸਾਹਿਬ ਗੁਰੂ ਕਾ ਲਹੋਰ ਸ਼ਾਮਲ ਹਨ ।
ਜਿਸ ਲਈ ਬੱਸ ਦੀ ਮੁਫਤ ਸੇਵਾ ਮੋਹਨ ਸਿੰਘ ਹੇਮਕੁੰਟ ਸਕੂਲ ਖਰੜ੍ਹ ਵੱਲੋਂ ਕੀਤੀ ਗਈ ਹੈ ।ਉਨ੍ਹਾਂ ਨੇ ਦੱਸਿਆ ਕਿ ਜਲਦੀ ਹੀ ਸੀਨੀਅਰ ਸਿਟੀਜਨ ਲਈ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਜਲਿਆਂਵਾਲੇ ਬਾਗ ਵੀ ਯਾਤਰਾ ਵੀ ਮੁਫ਼ਤ ਕਰਵਾਈ ਜਾਵੇਗੀ ।ਸੀਨੀਅਰ ਸਿਟੀਜ਼ਨ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਵੇਰਵਾ ਦੱਸਦਿਆਂ ਮਨਜੀਤ ਸਿੰਘ ਭੱਲਾ ਐਗਜ਼ੀਕਿਊਟਿਵ ਪ੍ਰੈਜ਼ੀਡੈਂਟ ਨੇ ਦੱਸਿਆ ਕਿ ਜਲਦੀ ਹੀ ਸੀਨੀਅਰ ਸਿਟੀਜਨ ਲਈ ਇਕ ਲਾਇਬ੍ਰੇਰੀ ਸ਼ੁਰੂ ਕੀਤੀ ਜਾ ਰਹੀ ਹੈ। 23 ਸਤੰਬਰ ਨੂੰ ਮੈਕਸ ਹਸਪਤਾਲ ਵਿਖੇ ਬਜ਼ੁਰਗਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ । ਸੰਸਥਾ ਦੇ ਸੈਕਟਰੀ ਗੁਰਦੀਪ ਸਿੰਘ ਗੁਲਾਟੀ ਨੇ ਦੱਸਿਆ ਕਿ ਮੈਂਟੇਨੈਂਸ ਐਂਡ ਵੈੱਲਫੇਅਰ ਆਫ ਪੇਰੇਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ 2007 ਦੇ ਪੰਜਾਬੀ ਅਨੁਵਾਦ ਦੀਆਂ ਕਾਪੀਆਂ ਸੀਨੀਅਰ ਸਿਟੀਜ਼ਨ ਅਤੇ ਆਮ ਨਾਗਰਿਕਾਂ ਨੂੰ ਜਾਣਕਾਰੀ ਹਿਤ ਵੰਡੀਆਂ ਜਾਂਦੀਆਂ ਹਨ । ਕੰਜ਼ਿਊਮਰ ਪ੍ਰੋਟੈਕਸ਼ਨ ਫੈੱਡਰੇਸ਼ਨ ਮੋਹਾਲੀ ਦੇ ਪ੍ਰਧਾਨ ਇੰਜਨੀਅਰ ਪੀਐੱਸ ਵਿਰਦੀ ਨੇ ਵੀ ਇਸ ਯਾਤਰਾ ਵਿੱਚ ਪਰਵਾਰ ਸਾਹਿਤ ਸ਼ਮੂਲੀਅਤ ਕੀਤੀ ਅਤੇ ਐਸੋਸੀਏਸ਼ਨ ਦੇ ਕੰਮ ਦੀ ਪ੍ਰਸੰਸਾ ਕੀਤੀ ।