ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲ੍ਹਾ ਲੁਧਿਆਣਾ ਦੇ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਰਲਾ ਵਿੱਚ ਹੜ੍ਹ ਕਾਰਨ ਪੈਦਾ ਹੋਈ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਸਥਾਨਕ ਲੋਕਾਂ ਦੀ ਭਲਾਈ ਲਈ ਦਿਲ ਖੋਲ੍ਹ ਕੇ ਮਦਦ ਕਰਨ ਲਈ ਅੱਗੇ ਆਉਣ। ਹੜ੍ਹਾਂ ਕਾਰਨ ਕੇਰਲਾ ਦੇ 4 ਲੱਖ ਪਰਿਵਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਅਣਸੁਖਾਵੀਂ ਸਥਿਤੀ ਕਾਰਨ ਲੋਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪ੍ਰਭਾਵਿਤ ਲੋਕ ਆਪਣੀ ਰੋਜ਼ਮਰ੍ਹਾਂ ਦੀਆਂ ਲੋੜਾਂ ਦੀ ਪੂਰਤੀ ਤੋਂ ਵੀ ਮੁਹਤਾਜ਼ ਹੋ ਗਏ ਹਨ। ਗਰੀਬੀ ਰੇਖਾ ਤੋਂ ਹੇਠਾਂ ਵਾਲੇ ਦੋ ਲੱਖ ਤੋਂ ਵਧੇਰੇ ਬੱਚਿਆਂ ਨੂੰ ਸਕੂਲ ਸਿੱਖਿਆ ਲਈ ਜ਼ਰੂਰੀ ਸਮੱਗਰੀ ਦੇ ਨਾਲ-ਨਾਲ ਵਿਸ਼ੇਸ਼ ਸਹਾਇਤਾ ਦੀ ਜ਼ਰੂਰਤ ਹੈ। ਸ੍ਰੀ ਅਗਰਵਾਲ ਨੇ ਵੱਖ-ਵੱਖ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਬੱਚਿਆਂ ਦੀਆਂ ਸਿੱਖਿਆ ਨਾਲ ਸੰਬੰਧਤ ਲੋੜਾਂ ਜਿਵੇਂ ਕਿ ਸਕੂਲ ਬਸਤੇ, ਪਾਣੀ ਦੀਆਂ ਬੋਤਲਾਂ, ਖਾਣੇ ਦੇ ਡੱਬੇ, ਕਾਪੀਆਂ, ਪੈੱਨ, ਪੈਨਸਿਲਾਂ ਆਦਿ ਨੂੰ ਪੂਰਾ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਬੱਚਿਆਂ ਲਈ 1.5 ਲੱਖ ਸਕੂਲ ਬਸਤੇ, 1.5 ਲੱਖ ਪਾਣੀ ਦੀਆਂ ਬੋਤਲਾਂ, 1.5 ਲੱਖ ਖਾਣੇ ਦੇ ਡੱਬੇ, 7.5 ਲੱਖ ਕਾਪੀਆਂ, 3 ਲੱਖ ਪੈੱਨ ਅਤੇ 3 ਲੱਖ ਪੈਨਸਿਲਾਂ ਦੀ ਭਾਰੀ ਲੋੜ ਹੈ। ਉਨ੍ਹਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਇਹ ਸਮੱਗਰੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ, ਇਹ ਦਾਨ ਸਮੱਗਰੀ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਵਿਖੇ ਬਣਾਏ ਗਏ ਕੁਲੈਕਸ਼ਨ ਸੈਂਟਰ ਵਿੱਚ ਮਿਤੀ 10 ਸਤੰਬਰ, 2018 ਦੇ ਸਵੇਰੇ 11 ਵਜੇ ਤੱਕ ਜਮ੍ਹਾਂ ਕਰਵਾਈ ਜਾ ਸਕਦੀ ਹੈ।