ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਮ ਜਨਤਾ ਨੂੰ ਸ਼ੁੱਧ ਖੁਰਾਕ ਪਦਾਰਥ ਮੁਹੱਈਆ ਕਰਵਾਉਣ ਦੀ ਵਿੱਢੀ ਗਈ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੀਆਂ ਵੱਖ-2 ਖੁਰਾਕ ਵਿਕਰੇਤਾ ਯੂਨੀਅਨਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਬੱਚਤ ਭਵਨ, ਮਾਨਸਾ ਵਿਖੇ ਕੀਤੀ ਗਈ ਜਿਸ ਵਿੱਚ ਹਲਵਾਈ, ਡੇਅਰੀ, ਦੋਧੀ, ਹੋਟਲ, ਕੈਟਰਿੰਗ ਅਤੇ ਹੋਰ ਯੂਨੀਅਨ ਦੇ ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੌਰਾਨ ਤ੍ਰਿਪਾਠੀ ਵੱਲੋਂ ਸਮੂਹ ਦੁਕਾਨਦਾਰਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਲਾਇਸੈਂਸ ਲੈਣ ਦੀ ਅਪੀਲ ਕੀਤੀ ਗਈ ਅਤੇ ਆਪਣੇ ਅਦਾਰਿਆਂ ਨੂੰ ਸਾਫ-ਸੁਥਰਾ ਰੱਖਣ ਸਬੰਧੀ ਵੀ ਕਿਹਾ ਗਿਆ।ਨਾਲ ਹੀ ਸਮੂਹ ਹਲਵਾਈਆਂ ਅਤੇ ਬੇਕਰੀ ਕਾਰੋਬਾਰੀਆਂ ਨੂੰ ਐਕਟ ਅਨੁਸਾਰ ਫੂਡ ਅਥਾਰਟੀ ਵੱਲੋਂ ਪ੍ਰਮਾਣਤ ਖੁਰਾਕ ਵਸਤਾਂ ਹੀ ਵੇਚਣ ਦੀ ਹਦਾਇਤ ਕੀਤੀ ਗਈ।ਖੁਰਾਕੀ ਵਸਤਾਂ ਨੂੰ ਬਣਾਉਣ ਸਮੇਂ ਮਿਆਰੀ ਸਮੱਗਰੀ ਦੀ ਵਰਤੋਂ ਕਰਨ ਸਬੰਧੀ ਵੀ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆ ਅਤੇ ਉਨ੍ਹਾਂ ਅਜਿਹਾ ਸਮਾਨ ਬਿਨ੍ਹਾਂ ਬਿੱਲ ਤੋਂ ਨਾ ਖਰੀਦਣ ਸਬੰਧੀ ਵੀ ਕਿਹਾ।ਉਨ੍ਹਾਂ ਨਾਲ ਹੀ ਸਮੂਹ ਦੁਕਾਨਦਾਰਾ ਨੂੰ ਹਦਾਇਤ ਕੀਤੀ ਕਿ ਕੋਈ ਵੀ ਗੈਰ-ਮਿਆਰੀ ਖੋਆ, ਪਨੀਰ ਜਾਂ ਹੋਰ ਕੋਈ ਖਾਦ-ਪਦਾਰਥ ਬਾਹਰੋਂ ਘੱਟ ਕੀਮਤ ਤੇ ਨਾ ਮੰਗਵਾਇਆ ਜਾਵੇ। ਇਸ ਮੌਕੇ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਨੇ ਕਿਹਾ ਕਿ ਫੂਡ ਸੈਂਪਲਿੰਗ ਅਤੇ ਚੈਕਿੰਗ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸਿ਼ਆ ਨਹੀਂ ਜਾਵੇਗਾ ਅਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸ੍ਰੀ ਅੰਮ੍ਰਿਤਪਾਲ ਸਿੰਘ ਸਹਾਇਕ ਕਮਿਸ਼ਨਰ(ਫੂਡ), ਸ੍ਰੀ ਸੰਦੀਪ ਸਿੰਘ ਫੂਡ ਸੇਫਟੀ ਅਫਸਰ, ਸ੍ਰੀ ਕੰਵਲਜੀਤ ਸਿੰਘ ਡੇਅਰੀ ਇੰਸਪੈਕਟਰ, ਸ੍ਰੀ ਸੰਜੀਵ ਕੁਮਾਰ ਡੇਅਰੀ ਇੰਸਪੈਕਟਰ ਹਾਜ਼ਰ ਸਨ।