ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਦਾ ਸਭ ਤੋਂ ਵੱਡਾ ਸਾਧਨ ਰੁੱਖ ਹਨ ਜਿਥੇ ਰੁੱਖਾਂ ਤੋਂ ਛਾਂ, ਫਲ ਅਤੇ ਆਕਸੀਜਨ ਮਿਲਦੀ ਹੈ ਉਥੇ ਰੁੱਖ ਸਾਡੇ ਚੌਗਿਰਦੇ ਦੀ ਸੁੰਦਰਤਾ ਵਿੱਚ ਵੀ ਵਾਧਾ ਕਰਦੇ ਹਨ। ਮਿਸ਼ਨ ਤੰਦਰੁਸਤ ਪੰਜਾਬ ਅਤੇ ਘਰ-ਘਰ ਹਰਿਆਲੀ ਮੁਹਿੰਮ ਤਹਿਤ ਯੂਥ ਕਲੱਬਾਂ ਵੱਲੋਂ ਰੁੱਖ ਲਗਾਉਣ ਦੀ ਚਲਾਈ ਮੁਹਿੰਮ ਨੂੰ ਯੂਥ ਕਲੱਬ ਬਹਿਲੋਲ ਪੁਰ ਵੱਲੋਂ ਅੱਗੇ ਵਧਾਉਂਦੇ ਹੋਏ ਸਿਸਵਾਂ ਵਣ ਰੇਂਜ ਦੀ ਮੂਲਾਂਪੁਰ ਗਰੀਬਦਾਸ ਸਥਿਤ ਨਰਸਰੀ ਤੋਂ 100 ਤੋਂ ਵੱਧ ਪੌਦੇ ਮੁਫਤ ਪ੍ਰਾਪਤ ਕਰਕੇ ਬਹਿਲੋਲ ਪੁਰ ਵਿਖੇ ਸਾਂਝੀ ਥਾਵਾਂ ਤੇ ਲਗਾਏ ਗਏ। ਜਿਲ੍ਹਾ ਜੰਗਲਾਤ ਅਫਸਰ ਗੁਰਅਮਨ ਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਵਣ ਵਿਭਾਗ ਪੰਜਾਬ ਵੱਲੋਂ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ। ਵਣ ਵਿਭਾਗ ਦੀਆਂ ਨਰਸਰੀਆਂ ਤੋਂ ਮੁਫਤ ਬੂਟੇ ਵੰਡੇ ਜਾਦੇ ਹਨ ਅਤੇ ਆਈ ਹਰਿਆਲੀ ਐਪ ਰਾਹੀਂ ਵੀ ਬੂਟੇ ਬੁੱਕ ਕਰਵਾਕੇ ਨਜ਼ਦੀਕ ਦੀ ਨਰਸਰੀ ਤੋਂ ਪ੍ਰਾਪਤ ਕਰਨ ਦੀ ਸੁਵਧਾ ਵੀ ਦਿੱਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਅਤੇ ਘਰ-ਘਰ ਹਰਿਆਲੀ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਲੰਕ ਸੜਕਾਂ ਦੇ ਦੁਆਲੇ ਪੰਚਾਇਤੀ ਜਮੀਨਾਂ ਵਿਚ ਢੁਕਵੀਆਂ ਥਾਵਾਂ ਅਤੇ ਸਰਕਾਰੀ ਸਿਹਤ ਸੰਸਥਾਵਾਂ ਦੇ ਨਾਲ-ਨਾਲ ਵਿੱਦਿਅਕ ਸੰਸਥਾਵਾਂ ਵਿਚ ਵੀ ਬੂਟੇ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਬੂਟਿਆਂ ਵਿੱਚ ਰਵਾਇਤੀ ਰੁੱਖਾਂ ਦੇ ਨਾਲ-ਨਾਲ ਛਾਂਦਾਰ, ਫਲਦਾਰ, ਫੁੱਲਦਾਰ ਅਤੇ ਮੈਡੀਸ਼ਨਲ ਬੂਟੇ ਸ਼ਾਮਲ ਹਨ।