ਡਿਪਟੀ ਕਮਿਸ਼ਨਰ ਬਠਿੰਡਾ ਪ੍ਰਨੀਤ ਅੱਜ ਆਲ ਇੰਡੀਆ ਰੇਡੀਓ ਰਾਹੀਂ ਬਠਿੰਡਾ ਵਾਸੀਆਂ ਦੇ ਰੂ-ਬ-ਰੂ ਹੋਏ। ਸਟੇਸ਼ਨ ਡਾਇਰੈਕਟਰ, ਆਲ ਇੰਡੀਆ ਰੇਡੀਓ ਰਾਜੀਵ ਅਰੋੜਾ ਵਲੋਂ ਆਯੋਜਿਤ ਕੀਤੇ ਗਏ ਪ੍ਰੋਗਰਾਮ 'ਸੱਜਰੀ ਸਵੇਰ' ਤਹਿਤ ਡਿਪਟੀ ਕਮਿਸ਼ਨਰ ਬਠਿੰਡਾ ਨੇ ਬਠਿੰਡਾ ਵਾਸੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਸੁਣੀਆਂ ਅਤੇ ਨੋਟ ਕੀਤੀਆਂ। ਪ੍ਰਨੀਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਛੇੜੀ ਗਈ ਜੰਗ ਤਹਿਤ ਨਸ਼ਿਆ ਦੀ ਸਪਲਾਈ ਦਾ ਲੱਕ ਤੋੜ ਦਿੱਤਾ ਹੈ। ਨਸ਼ਿਆ ਦੀ ਸਪਲਾਈ ਖਤਮ ਕਰਨ ਦੇ ਨਾਲ-ਨਾਲ ਨੌਜਵਾਨ ਪੀੜੀ ਨੂੰ ਖੇਡਾਂ ਤਰਫ਼ ਮੋੜਣ ਲਈ ਟੂਰਨਾਮੈਂਟ, ਸਿਖਲਾਈ ਕੈਂਪ ਆਦਿ ਲਗਵਾਏ ਜਾ ਰਹੇ ਹਨ। ਇਸੇ ਤਰਾਂ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਪੰਜਾਬ ਸਰਕਾਰ ਵਲੋਂ ਬਠਿੰਡਾ ਵਿੱਚ 2 ਸਤੰਬਰ ਨੂੰ 'ਬਠਿੰਡਾ ਸਾਈਕਲੋਥਾਨ 2018' ਸਮਾਗਮ ਕਰਵਾਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਗਿਆ ਅਤੇ 22 ਜੁਲਾਈ ਨੂੰ ਰੋਜ਼ ਗਾਰਡਨ ਬਠਿੰਡਾ ਵਿਖੇ ਵਾਕਾਥਨ ਸਮਾਗਮ ਵੀ ਕਰਵਾਇਆ ਗਿਆ ਸੀ, ਜਿੱਥੇ 3000 ਤੋਂ ਵੱਧ ਵਿਅਕਤੀਆਂ ਨੇ ਭਾਗ ਲਿਆ ਸੀ। ਇਸੇ ਤਰਾਂ ਅਵਾਰਾ ਪਸ਼ੂਆਂ ਕਾਰਣ ਦਰਪੇਸ਼ ਆਉਂਦੀਆਂ ਸਮੱਸਿਆਵਾਂ ਸਬੰਧੀ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਸ਼੍ਰੀ ਪ੍ਰਨੀਤ ਨੇ ਦੱਸਿਆ ਕਿ ਜ਼ਿਲਾ ਬਠਿੰਡਾ 'ਚ ਇੱਕ ਵੱਡੀ ਪੱਧਰ 'ਤੇ ਗਊਸ਼ਾਲਾ ਖੋਲੀ ਜਾ ਰਹੀ ਹੈ, ਜਿਸ ਨਾਲ ਇਸ ਸਮੱਸਿਆ ਨੂੰ ਠੱਲ ਪਵੇਗੀ। ਉਨਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਵਿੱਚ ਲੋਕਾਂ ਵਲੋਂ ਅਵਾਰਾ ਪਸ਼ੂ ਪਿੰਡਾਂ ਵਿੱਚੋਂ ਫੜ ਕੇ ਸ਼ਹਿਰਾਂ ਵੱਲ ਭਜਾਉਣ ਦੀਆਂ ਰਿਪੋਰਟਾਂ ਆਈਆਂ ਹਨ। ਉਨਾਂ ਕਿਹਾ ਕਿ ਇਸ ਪ੍ਰਕਾਰ ਦਾ ਸਿਲਸਿਲਾ ਗਲਤ ਹੈ। ਕੱਟੀਆਂ ਗਈਆਂ ਪੈਨਸ਼ਨਾਂ ਅਤੇ ਆਟਾ-ਦਾਲ ਸਕੀਮਾਂ ਦੀਆਂ ਲਿਸਟਾਂ ਵਿੱਚੋਂ ਕੱਟੇ ਗਏ ਨਾਵਾਂ ਸਬੰਧੀ ਆਲ ਇੰਡੀਆਂ ਰੇਡੀਓ ਦੇ ਸ੍ਰੋਤਿਆਂ ਦੀਆਂ ਫੋਨ ਕਾਲਾਂ ਦਾ ਜਵਾਬ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਅਰਜ਼ੀ ਉਨਾਂ ਦੇ ਦਫ਼ਤਰ ਵਿਖੇ ਦਿੱਤੀ ਜਾ ਸਕਦੀ ਹੈ।
ਉਨਾਂ ਇਹ ਵੀ ਕਿਹਾ ਕਿ ਜੇਕਰ ਪੀੜਤ ਵਿਅਕਤੀ ਸਬੰਧਤ ਵਿਭਾਗ ਵਲੋਂ ਯੋਗ ਪਾਏ ਗਏ ਤਾਂ ਉਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਹਾਲ ਕਰਵਾਈਆਂ ਜਾਣਗੀਆਂ। ਖਾਣ-ਪੀਣ ਦੀਆਂ ਚੀਜ਼ਾ ਖਾਸ ਕਰਕੇ ਦੁੱਧ ਅਤੇ ਦੁੱਧ ਨਾਲ ਬਣੀਆਂ ਵਸਤੂਆਂ ਵਿੱਚ ਮਿਲਾਵਟ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਸ਼ੀ ਪ੍ਰਨੀਤ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾ ਅਨੁਸਾਰ ਇਸ ਤਰਾਂ ਦੀ ਮਿਲਾਵਟ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਦੁੱਧ ਦੀ ਮਿਲਾਵਟ ਕਰਨ ਵਾਲੇ ਵਿਅਕਤੀਆਂ ਦਾ ਇਖਲਾਕੀ ਮਿਆਰ ਖ਼ਤਮ ਹੋ ਚੁੱਕਿਆ ਹੈ, ਕਿਉਂਕਿ ਉਹ ਕੁੱਝ ਪੈਸਿਆਂ ਦੀ ਖਾਤਰ ਛੋਟੇ-ਛੋਟੇ ਬੱਚਿਆਂ ਦਾ ਜੀਵਣ ਵੀ ਦਾਅ 'ਤੇ ਲਗਾ ਦਿੰਦੇ ਹਨ। ਇਸ ਤਰਾਂ ਦੀ ਮਿਲਾਵਟ ਕਰਨ ਵਾਲੇ ਲੋਕ ਇਖਲਾਕੀ ਤੌਰ 'ਤੇ ਗਰਕ ਚੁੱਕੇ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਜ਼ਿਲਾ ਰੁਜ਼ਗਾਰ ਜਨਰੇਸ਼ਨ ਦਫ਼ਤਰ ਵਿਖੇ ਹੁਨਰ ਵਿਕਾਸ, ਅੰਗਰੇਜ਼ੀ ਸਿਖਾਉਣ ਆਦਿ ਸਬੰਧੀ ਸਿਖਲਾਈ ਦਿੱਤੀ ਜਾਂਦੀ ਹੈ। ਹੁਨਰ ਵਿਕਾਸ ਦਾ ਲਾਹਾ ਲੈਂਦੇ ਹੋਏ ਨੌਜਵਾਨ ਆਪਣਾ ਕੰਮ ਸ਼ੁਰੂ ਕਰਕੇ ਹੋਰਨਾਂ ਨੂੰ ਵੀ ਨੌਕਰੀ ਦੇਣ ਦੇ ਉਪਰਾਲੇ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਨਕਰਮੇਸ਼ਨ ਤਕਨਾਲੋਜ਼ੀ ਦੇ ਖੇਤਰ ਵਿੱਚ ਕਈ ਨੌਜਵਾਨਾਂ ਨੇ ਆਪਣਾ ਖੁਦ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਚੰਗਾ ਮੁਨਾਫ਼ਾ ਵੀ ਕਮਾ ਰਹੇ ਹਨ। ਰੇਡੀਓ ਪ੍ਰੋਗਰਾਮ ਦੌਰਾਨ ਸ੍ਰੋਤਿਆਂ ਨੇ ਅਵਾਰਾ ਪਸ਼ੂ, ਖ਼ਰਾਬ ਸੜਕਾਂ, ਪਿੰਡਾ ਦੀਆਂ ਗਲੀਆਂ-ਨਾਲੀਆਂ ਦੀ ਸਫ਼ਾਈ, ਮਾਲ ਵਿਭਾਗ, ਸਬੰਧੀ ਸਮੱਸਿਆਵਾਂ ਆਦਿ ਬਾਰੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦੱਸਿਆ। ਡਿਪਟੀ ਕਮਿਸ਼ਨਰ ਸ਼੍ਰੀ ਪ੍ਰਨੀਤ ਨੇ ਲੋਕਾਂ ਨੂੰ ਕਿਹਾ ਕਿ ਉਹ ਕਿਸੇ ਵੀ ਕੰਮ ਵਾਲੇ ਦਿਨ ਆਪਣੀਆਂ ਸਮੱਸਿਆਵਾਂ ਸਬੰਧੀ ਦਰਖਾਸਤ ਉਨਾਂ ਦੇ ਦਫ਼ਤਰ ਵਿਖੇ ਦੇ ਸਕਦੇ ਹਨ।