ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਸਕੱਤਰ ਖੇਤੀਬਾੜੀ ਸ੍ਰੀ ਕਾਹਨ ਸਿੰਘ ਪੰਨੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਡਾ. ਪਰਮਿੰਦਰ ਸਿੰਘ ਨੇ ਜ਼ਿਲ੍ਹੇ 'ਚ ਪੈਂਦੇ ਪਿੰਡ ਮਾਜਰੀ, ਗੁਡਾਣਾ, ਤੰਗੋਰੀ ਅਤੇ ਜਕੜ ਮਾਜਰਾ ਦਾ ਦੌਰਾ ਕੀਤਾ । ਜਿੱਥੇ ਕਿ ਉਨ੍ਹਾਂ ਨਬਾਰਡ ਵਲੋਂ ਚਲਾਈ ਜਾ ਰਹੀ ਐਨ.ਏ.ਐਫ.ਸੀ.ਸੀ. ਸਕੀਮ ਅਧੀਨ ਕੀਤੀ ਮੱਕੀ ਦੀ ਫਸਲ ਦਾ ਜਾਇਜ਼ਾ ਲਿਆ। ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਸਾਊਣੀ ਦੀ ਫਸਲ ਮੱਕੀ ਨੂੰ ਉਤਸ਼ਾਹਿਤ ਕਰਨ ਨਬਾਰਡ ਦੁਆਰਾ ਜ਼ਿਲ੍ਹਾ ਮੋਹਾਲੀ ਵਿਚ ਮੱਕੀ ਦੀਆਂ ਕਲਸਟਰ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ । ਜੋ ਕਿਸਾਨ ਝੋਨਾ ਛੱਡ ਕੇ ਮੱਕੀ ਦੀ ਕਾਸ਼ਤ ਕਰੇਗਾ ਉਸ ਨੂੰ 23 ਹਜ਼ਾਰ 500 ਰੁਪਏ ਦੀ ਰਾਸ਼ੀ ਪ੍ਰਤੀ ਹੈਕਟੇਅਰ ਦਿੱਤੀ ਜਾ ਰਹੀ ਹੈ। ਇਸ ਵਿਚ 10 ਹਜ਼ਾਰ ਰੁਪਏ ਦੀ ਰਾਸ਼ੀ ਮੱਕੀ ਦਾ ਬੀਜ ਖਰੀਦਣ, ਉਸ ਵਿਚ ਨਦੀਨ ਨਾਸ਼ਕ , ਕੀਟ ਨਾਸ਼ਕ , ਖਾਦ ਅਤੇ ਕਟਾਈ ਲਈ ਰੱਖਿਆ ਗਿਆ ਸੀ। ਜਦੋਂ ਕਿ 13 ਹਜ਼ਾਰ 500 ਰੁਪਏ ਦੀ ਰਾਸ਼ੀ ਪ੍ਰਤੀ ਹੈਕਟੇਅਰ ਕਿਸਾਨ ਨੂੰ ਕੰਪਨਸੈਸ਼ਨ/ਮਾਰਕੀਟਿੰਗ ਸਹਾਇਤਾ ਰੂਪ ਵਜੋਂ ਦਿੱਤੇ ਜਾਣ ਦਾ ਪ੍ਰਵਦਾਨ ਹੈ। ਇਸ ਸਕੀਮ ਅਧੀਨ ਕਿਸਾਨਾਂ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਫਾਰਸ਼ ਕੀਤੀਆਂ ਮੱਕੀ ਦੀਆਂ ਕਿਸਮਾਂ ਦੀ ਬਿਜਾਈ ਕੀਤੀ ਗਈ।ਸ੍ਰੀ ਗੁਰਦਿਆਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਮੱਕਸਦ ਫਸਲੀ ਵਿਭਿੰਨਤਾ ਲਈ ਝੌਨੇ ਹੇਠੋਂ ਰਕਬਾ ਕੱਢ ਕੇ ਮੱਕੀ ਦੀ ਫਸਲ ਅਧੀਨ ਲਿਆਉਣਾ, ਫਸਲੀ ਰਹਿੰਦ-ਖੂੰਹਦ ਸਾੜਨ ਦੀ ਵੱਧ ਰਹੀ ਸਮੱਸਿਆ, ਲਗਾਤਾਰ ਘੱਟ ਰਹੇ ਪਾਣੀ ਦੇ ਪੱਧਰ ਅਤੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਦੀ ਸਾਂਭ-ਸੰਭਾਲ ਕਰਨਾ ਹੈ। ਇਸ ਮੌਕੇ ਸਹਾਇਕ ਮੱਕੀ ਵਿਕਾਸ ਅਫਸਰ ਪੰਜਾਬ ਸ੍ਰੀ ਅਨਿਲ ਕੁਮਾਰ, ਖੇਤੀਬਾੜੀ ਅਫਸਰ ਖਰੜ ਸ੍ਰੀ ਰਾਮਪਾਲ ਸਿੰਘ, ਖੇਤੀਬਾੜੀ ਅਫਸਰ ਮਾਜਰੀ ਸ੍ਰੀ ਗੁਰਬਚਨ ਸਿੰਘ, ਖੇਤੀਬਾੜੀ ਵਿਕਾਸ ਅਫਸਰ ਖਰੜ ਸ੍ਰੀ ਗੁਰਦਿਆਲ ਕੁਮਾਰ, ਖੇਤੀਬਾੜੀ ਵਿਕਾਸ ਅਫਸਰ ਭਾਗੋ ਮਾਜਰਾ ਸ੍ਰੀ ਸੁੱਚਾ ਸਿੰਘ, ਸ੍ਰੀ ਗੁਰਮੀਤ ਸਿੰਘ, ਸ੍ਰੀ ਸੁਖਦੇਵ ਸਿੰਘ, ਸ੍ਰੀ ਕੁਲਦੀਪ ਸਿੰਘ, ਸ੍ਰੀ ਅਜੈ ਕੁਮਾਰ ਸਿੰਘ ਖੇਤੀਬਾੜੀ ਉਪ ਨਿਰੀਖਕ ਅਤੇ ਉਪਰੋਕਤ ਪਿੰਡਾਂ ਦੇ ਕਿਸਾਨ ਵੀ ਮੌਜੂਦ ਸਨ।